ਕਰੋਨਾ ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਪੰਜਾਬ ਤਿਆਰ: ਕੈਪਟਨ

ਚੰਡੀਗੜ੍ਹ (ਸਮਾਜ ਵੀਕਲੀ) :ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਮੁੱਖ ਮੰਤਰੀ ਨੇ ਲੋਕਾਂ ਨੂੰ ਦੂਸਰੀ ਲਹਿਰ ਤੋਂ ਚੌਕਸ ਰਹਿਣ ਦੀ ਅਪੀਲ ਵੀ ਕੀਤੀ। ਮੁੱਖ ਮੰਤਰੀ ਨੇ ਕੋਵਿਡ ਕੇਸਾਂ ਦੇ ਵਾਧੇ ਨੂੰ  ਦੇਖਦੇ ਹੋਏ ਦਿੱਲੀ ਨੂੰ ਹਰ ਸੰਭਵ ਮਦਦ ਦੇਣ ਦੀ ਪੇਸ਼ਕਸ਼ ਕਰਦਿਆਂ ਕਿਹਾ ਕਿ ਜਦੋਂ ਵੀ ਦਿੱਲੀ ਨੂੰ  ਲੋੜ ਪਵੇਗੀ, ਉਹ ਹਾਜ਼ਰ ਹੋਣਗੇ। ਮੁੱਖ ਮੰਤਰੀ ਨੇ ਅੱਜ ਸੂਬੇ ਦੇ ਪੇਂਡੂ ਤੇ ਸ਼ਹਿਰੀ ਖੇਤਰਾਂ ਵਿੱਚ ਮਰੀਜ਼ਾਂ ਦੇ ਘਰਾਂ ਤੱਕ ਸਿਹਤ ਸੇਵਾਵਾਂ ਪਹੁੰਚਾਉਣ ਲਈ 107 ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦਾ ਡਿਜੀਟਲੀ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਸਿਹਤ ਸਹੂਲਤਾਂ ਵੱਲ ਧਿਆਨ ਕੇਂਦਰਿਤ ਕਰ ਰਹੀ ਹੈ।

ਉਨ੍ਹਾਂ ਲੋਕਾਂ ਨੂੰ ਭੀੜ ਭੜੱਕੇ ਵਾਲੀਆਂ ਥਾਵਾਂ ’ਤੇ ਨਾ ਜਾਣ, ਘਰਾਂ ਅੰਦਰ ਰਹਿਣ, ਵੱਡੇ ਇਕੱਠ ਤੇ ਸਮਾਜਿਕ ਸਮਾਗਮ ਨਾ ਕਰਨ ਦੀ ਅਪੀਲ ਵੀ ਕੀਤੀ।

ਮੁੱਖ ਮੰਤਰੀ ਨੇ ਸਿਹਤ ਵਿਭਾਗ ਅਤੇ ਓਟੀਐੱਸ ਮੁਲਾਜ਼ਮਾਂ ’ਤੇ ਪੂਰਾ ਵਿਸ਼ਵਾਸ ਜਤਾਇਆ ਕਿ ਉਹ ਇਸ ਵੰਗਾਰ ਖ਼ਿਲਾਫ਼ ਮੁੜ ਪੂਰੀ ਇਕਜੁੱਟਤਾ ਨਾਲ ਖੜ੍ਹਨਗੇ। ਅਮਰਿੰਦਰ ਨੇ ਕੋਵਿਡ ਮਹਾਮਾਰੀ ਦੀ ਰੋਕਥਾਮ ਲਈ ਕੀਤੇ ਮਿਸਾਲੀ ਕੰਮ ਬਦਲੇ ਕੋਵਿਡ ਯੋਧਿਆਂ ਦੀ ਪਿੱਠ ਥਾਪੜੀ। ਉਨ੍ਹਾਂ ਆਉਂਦੇ ਕੁਝ ਮਹੀਨਿਆਂ ਲਈ, ਜਦੋਂ ਤੱਕ ਕੋਵਿਡ ਦੀ ਦਵਾਈ ਨਹੀਂ ਆ ਜਾਂਦੀ,  ‘ਮਾਸਕ ਹੀ ਦਵਾਈ ਹੈ’ ਨੂੰ ਮਿਸ਼ਨ ਫਤਹਿ ਦੇ ਸੰਕਲਪ ਵਜੋਂ ਐਲਾਨਿਆ।

Previous articleਪੰਜਾਬ ’ਚ ਕਾਂਗਰਸ ਨੂੰ ਕੋਈ ਸਿਆਸੀ ਚੁਣੌਤੀ ਨਹੀਂ: ਅਮਰਿੰਦਰ
Next articleਪ੍ਰਾਈਵੇਟ ਹਸਪਤਾਲ ਮੋਟੀਆਂ ਫੀਸਾਂ ਵਸੂਲ ਰਹੇ ਨੇ: ਸੰਸਦੀ ਕਮੇਟੀ