ਲੁਧਿਆਣਾ- ਪੂਰੀ ਦੁਨੀਆਂ ਵਿਚ ਦਹਿਸ਼ਤ ਫੈਲਾਉਣ ਵਾਲੇ ਕਰੋਨਾਵਾਇਰਸ ਦਾ ਖੌਫ਼ ਇਸ ਕਦਰ ਵੱਧ ਗਿਆ ਹੈ ਕਿ ਬੁੱਧਵਾਰ ਦੀ ਸ਼ਾਮ ਤੋਂ ਲੁਧਿਆਣਾ ਵਿਚ ਰਾਸ਼ਨ ਦੀਆਂ ਅਤੇ ਸਬਜ਼ੀ ਤੇ ਫਲ ਦੀਆਂ ਦੁਕਾਨਾਂ ’ਤੇ ਭੀੜ ਲੱਗੀ ਹੋਈ ਹੈ। ਬੁੱਧਵਾਰ ਨੂੰ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਹਫ਼ਤਾਵਰੀ ਸਬਜ਼ੀ ਮੰਡੀਆਂ ਤੇ ਕਿਸਾਨ ਮੰਡੀਆਂ ਦੇ ਨਾਲ ਨਾਲ ਸ਼ਾਪਿੰਗ ਮਾਲ ਬੰਦ ਰਹਿਣਗੇ, ਜਦੋਂ ਕਿ ਮੈਡੀਕਲ ਤੇ ਰਾਸ਼ਨ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ, ਪਰ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੋਣ ਕਾਰਨ ਬੁੱਧਵਾਰ ਸ਼ਾਮ ਤੋਂ ਹੀ ਸ਼ਹਿਰ ਦੇ ਕਿਰਾਨੇ ਦੀਆਂ ਦੁਕਾਨਾਂ ’ਤੇ ਕਾਫ਼ੀ ਭੀੜ ਲੱਗੀ ਹੋਈ ਹੈ। ਲੋਕ ਰਾਸ਼ਨ ਇਕੱਠਾ ਕਰਨ ’ਚ ਲੱਗੇ ਹੋਏ ਹਨ। ਕਿਰਾਨੇ ਦੀਆਂ ਦੁਕਾਨਾਂ ਦੇ ਨਾਲ ਨਾਲ ਬੁੱਧਵਾਰ ਦੀ ਰਾਤ ਤੋਂ ਹੀ ਸਬਜ਼ੀ ਮੰਡੀਆਂ ਵਿਚ ਵੀ ਦੁਗਣੀ ਭੀੜ ਹੋ ਗਈ। ਰੋਜ਼ਾਨਾ ਸਬਜ਼ੀ ਖਰੀਦਣ ਵਾਲੇ ਲੋਕਾਂ ਨੂੰ ਵੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਉਧਰ ਰੇਹੜੀ ਫੜ੍ਹੀ ਅਤੇ ਸਬਜ਼ੀ ਵੇਚਣ ਵਾਲੇ ਦੁਕਾਨਦਾਰਾਂ ਨੇ ਭਾਅ ਦੁਗਣੇ ਕਰ ਦਿੱਤੇ ਹਨ।
ਅਫ਼ਵਾਹਾਂ ਤੋਂ ਬਾਅਦ ਇੰਨੀ ਦਹਿਸ਼ਤ ਬਣੀ ਹੋਈ ਹੈ ਕਿ ਉਹ ਐਕਸਪਾਇਰੀ ਸਾਮਾਨ ਵੀ ਦੁਕਾਨਦਾਰ ਤੋਂ ਖਰੀਦ ਰਹੇ ਹਨ। ਸ਼ਹਿਰ ਵਿਚ ਅਫ਼ਵਾਹਾਂ ਇੰਨ੍ਹੀਆਂ ਫੈਲੀਆਂ ਹਨ ਕਿ ਲੋਕ ਆਖ ਰਹੇ ਹਨ ਕਿ ਸ਼ੁੱਕਰਵਾਰ ਤੋਂ ਬਾਅਦ ਲੁਧਿਆਣਾ ਪੂਰੀ ਤਰ੍ਹਾ ਬੰਦ ਹੋ ਜਾਵੇਗਾ।
INDIA ਕਰੋਨਾ ਦਾ ਖੌਫ਼: ਰਾਸ਼ਨ ਦੀਆਂ ਦੁਕਾਨਾਂ ਉੱਤੇ ਵੱਡੀਆਂ ਭੀੜਾਂ