ਕਰੋਨਾ: ਦਹਿਸ਼ਤ ਕਾਰਨ ਲੋਕਾਂ ਵਿੱਚ ਖ਼ਰੀਦੋ-ਫਰੋਖਤ ਦੀ ਦੌੜ ਲੱਗੀ

ਨਡਾਲਾ- ਵਿਸ਼ਵ ਭਰ ਵਿਚ ਕਰੋਨਾਵਾਇਰਸ ਦੀ ਦਹਿਸ਼ਤ ਨੇ ਲੋਕਾਂ ਵਿਚ ਭਾਜੜਾਂ ਪਾ ਦਿੱਤੀਆਂ ਹਨ। ਕਾਰੋਬਾਰ, ਸਕੂਲ, ਸ਼ਾਪਿੰਗ ਮਾਲ, ਟਰਾਂਸਪੋਰਟ, ਸਰਕਾਰੀ, ਸਮਾਜਿਕ ਤੇ ਧਾਰਮਿਕ ਸਮਾਗਮਾਂ ਤੇ ਸਰਕਾਰੀ ਪਾਬੰਦੀਆਂ ਦੇ ਬਾਅਦ ਲੋਕਾਂ ਵਿਚ ਲੋੜੀਂਦਾ ਸਮਾਨ ਇਕੱਠਾ ਕਰਨ ਲਈ ਦੌੜ ਲੱਗ ਗਈ ਹੈ। ਲੰਘੀ ਦੇਰ ਸ਼ਾਮ ਕਸਬਾ ਨਡਾਲਾ ਦੇ ਬਜ਼ਾਰਾਂ ’ਚ ਦੁਕਾਨਾਂ ਤੋਂ ਲੋਕਾਂ ਨੇ ਵੱਡੀ ਪੱਧਰ ’ਤੇ ਲੋੜੀਂਦੀਆਂ ਵਸਤਾਂ ਦੀ ਖਰੀਦੋ ਫਰੋਖਤ ਕੀਤੀ। ਜ਼ਿਆਦਾ ਭੀੜ ਕਰਿਆਨਾ, ਸਬਜ਼ੀਆਂ ਤੇ ਫਲ ਵਾਲੀਆਂ ਦੁਕਾਨਾਂ ’ਤੇ ਵੇਖੀ ਗਈ। ਹਰ ਕੋਈ ਆਉਣ ਵਾਲੇ ਦਿਨਾਂ ਦੀਆਂ ਘਰੇਲੂ ਲੋੜਾਂ ਪੂਰੀਆਂ ਕਰਨ ਲਈ ਫਿਕਰਮੰਦ ਦਿਖਾਈ ਦਿੱਤਾ। ਕਈ ਦੁਕਾਨਾਂ ’ਤੇ ਆਲੂ, ਪਿਆਜ਼, ਟਮਾਟਰਾਂ ਆਦਿ ਦੀ ਥੁੜ੍ਹ ਪੈਦਾ ਹੋ ਗਈ। ਦੁਕਾਨਦਾਰਾਂ ਨੇ ਵੀ ਲੋਕਾਂ ਦੀ ਮਜਬੂਰੀ ਦਾ ਖੂਬ ਫਾਇਦਾ ਉਠਾਇਆ। ਥੁੜ੍ਹ ਵਾਲੀਆਂ ਚੀਜ਼ਾਂ ਦੇ ਰੇਟ ਮਨਮਰਜ਼ੀ ਨਾਲ ਲਗਾਏ ਤੇ ਮੋਟੀ ਕਮਾਈ ਕੀਤੀ।

ਦੂਜੇ ਪਾਸੇ ਸਰਕਾਰ ਵੱਲੋਂ 20 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਹੈ। ਫਿਰ ਵੀ ਪ੍ਰਾਈਵੇਟ ਸਕੂਲਾਂ ਵਾਲੇ ਪਾਬੰਦੀਆਂ ਦੀ ਵੱਡੇ ਪੱਧਰ ’ਤੇ ਉਲੰਘਣਾ ਕਰ ਰਹੇ। ਰੋਜ਼ਾਨਾ ਸਕੂਲ ਸਟਾਫ ਨੂੰ ਬੁਲਾਇਆ ਜਾ ਰਿਹਾ ਹੈ। ਮਾਪਿਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਢਿੱਲਵਾਂ ਦੇ ਇੱਕ ਨਾਮੀ ਸਕੂਲ ਵਿੱਚ ਸਟਾਫ ਤੇ ਹੋਰ ਮੁਲਾਜ਼ਮਾਂ ਨਾਲ ਮੀਟਿੰਗ ਕੀਤੀ ਗਈ ਜਿਸ ਵਿਚ ਸੈਂਕੜੇ ਲੋਕ ਸ਼ਾਮਲ ਹੋਏ। ਇਸ ਸਬੰਧੀ ਐਸਡੀਐਮ ਭੁਲੱਥ ਰਣਦੀਪ ਸਿੰਘ ਹੀਰ ਨੇ ਕਿਹਾ ਕਿ ਇਸ ਸਬੰਧੀ ਤੁਰੰਤ ਸਕੂਲ ਪ੍ਰਬੰਧਕਾਂ ਨੂੰ ਲੋੜੀਂਦੇ ਅਮਲ ਕਰਨ ਲਈ ਕਹਿਣਗੇ।

Previous articleਚੰਡੀਗੜ੍ਹ ਵਿੱਚ ਚਾਰ ਹੋਰ ਮਰੀਜ਼ਾਂ ਦੀ ਪੁਸ਼ਟੀ
Next articleਕੈਨੇਡਾ ’ਚ ਕਰੋਨਾ ਕਾਰਨ 12 ਮੌਤਾਂ; 925 ਪੀੜਤ