ਸ੍ਰੀ ਮੁਕਤਸਰ ਸਾਹਿਬ (ਸਮਾਜਵੀਕਲੀ): ਮੁਕਤਸਰ ਦੀ ਰਹਿਣ ਵਾਲੀ ਫਾਰਮੇਸੀ ਅਫਸਰ ਸੁਮਨਿੰਦਰ ਕੌਰ ਜਦੋਂ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਸਿਵਲ ਹਸਪਤਾਲ ਵਿੱਚ ਕਰੀਬ ਦੋ ਮਹੀਨੇ ਕੋਵਿਡ ਡਿਊਟੀ ਦੇ ਕੇ ਵਿਭਾਗੀ ਹੁਕਮਾਂ ਅਨੁਸਾਰ ਮੁੱਢਲਾ ਸਿਹਤ ਕੇਂਦਰ ਜਾਨੀਸਰ ਵਿੱਚ ਡਿਊਟੀ ਜੁਆਇਨ ਕਰਨ ਪੁੱਜੀ ਤਾਂ ਕੇਂਦਰ ਦੇ ਇੰਚਾਰਜ ਨੇ ਉਸ ਨੂੰ ਸਨਮਾਨਿਤ ਕਰਨ ਦੀ ਬਜਾਏ ਡਿਊਟੀ ‘ਤੇ ਲੈਣ ਤੋਂ ਹੀ ਨਾਂਹ ਕਰ ਦਿੱਤੀ।
ਸੁਮਨਿੰਦਰ ਕੌਰ ਨੇ ਦੱਸਿਆ ਕਿ ਵਿਭਾਗ ਨੇ 22 ਮਈ ਨੂੰ ਰਿਲੀਵ ਹੋਣ ਮਗਰੋਂ ਉਹ 23 ਮਈ ਨੂੰ ਜਦੋਂ ਮੁੱਢਲਾ ਸਿਹਤ ਕੇਂਦਰ ਜਾਨੀਸਰ ਪੁੱਜੀ ਤਾਂ ਇੰਚਾਰਜ ਨੇ ਉਸ ਨੂੰ ਮੁੜ ਡਿਊਟੀ ‘ਤੇ ਲੈਣ ਤੋਂ ਸਿਰਫ ਨਾਂਹ ਹੀ ਨਹੀਂ ਕੀਤੀ ਸਗੋਂ ਕਥਿਤ ਤੌਰ ‘ਤੇ ਜ਼ਲੀਲ ਵੀ ਕੀਤਾ। ਉਸ ਦਾ ਹਾਜ਼ਰੀ ਰਜਿਸਟਰ ਵੀ ਲੁਕੋ ਲਿਆ ਅਤੇ ਸਾਰਾ ਸਟਾਫ ਦਫਤਰ ਛੱਡ ਕੇ ਚਲਾ ਗਿਆ। ਸੈਂਟਰ ਇੰਚਾਰਜ ਵੱਲੋਂ ਉਸ ਨੂੰ ਜਾਣ-ਬੁੱਝ ਕੇ ਕਰੋਨਾ ਹਵਾਲਾ ਦੇ ਕੇ ਡਿਊਟੀ ਦੇਣ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਉਕਤ ਅਧਿਕਾਰੀਆਂ ਨੇ ਕਰੋਨਾ ਵਿਰੁੱਧ ਲੜਾਈ ਲੜੇ ਜਾਣ ‘ਤੇ ਉਸ ਦਾ ਸਨਮਾਨ ਕੀਤੇ ਜਾਣ ਦੀ ਬਜਾਏ ਅਪਮਾਨਿਤ ਕੀਤਾ ਜਾ ਰਿਹਾ ਹੈ।
ਇਸੇ ਦੌਰਾਨ ਜੰਡਵਾਲਾ ਭੀਮੇ ਸ਼ਾਹ ਦੇ ਸੀਨੀਅਰ ਮੈਡੀਕਲ ਅਫਸਰ ਵੱਲੋਂ 22 ਮਈ ਨੂੰ ਆਪਣੇ ਵਿਭਾਗ ਨੂੰ ਲਿਖੇ ਪੱਤਰ ਵਿੱਚ ਕਰੋਨਾ ਨੇਮਾਂ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਇਹ ਮੁਲਾਜ਼ਮ ਸਿਵਲ ਹਸਪਤਾਲ ਜਲਾਲਾਬਾਦ ਵਿੱਚ ਕਰੋਨਾ ਡਿਊਟੀ ਕਰਕੇ ਆਈ ਹੈ, ਇਸ ਲਈ ਕੋਵਿਡ 19 ਦੀ ਐਡਵਾਇਜ਼ਰੀ ਅਨੁਸਾਰ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲੇ ਕਰਮਚਾਰੀਆਂ ਦਾ ਲੋੜੀਂਦਾ ਕੋਵਿਡ-19 ਟੈਸਟ ਕੀਤਾ ਜਾਣਾ ਹੁੰਦਾ ਹੈ ਤੇ 21 ਦਿਨ ਇਕਾਂਤਵਾਸ ਵੀ ਕੀਤਾ ਜਾਣਾ ਹੁੰਦਾ ਹੈ ਜੋ ਜਲਾਲਾਬਾਦ ਦੇ ਹਸਪਤਾਲ ਵਿੱਚ ਹੀ ਸੰਭਵ ਹੋ ਸਕਦਾ ਹੈ। ਪਰ ਇਸੇ ਪੱਤਰ ਵਿੱਚ ਉਕਤ ਅਧਿਕਾਰੀ ਨੇ ਆਪਣੀ ਮੁਲਾਜ਼ਮ ਦੀ ਪਹਿਲੀ ਡਿਊਟੀ ਦੌਰਾਨ ਪੀ.ਐੱਚ.ਸੀ. ਦਾ ਮਾਹੌਲ ਖਰਾਬ ਕਰਨ ਦਾ ਦੋਸ਼ ਲਾਇਆ।
ਇਸ ਤੋਂ ਇਲਾਵਾ ਵਾਸੀਆਂ ਵੱਲੋਂ ਸ਼ਿਕਾਇਤਾਂ ਦਿੱਤੇ ਜਾਣ ਦੀ ਗੱਲ ਵੀ ਦਰਜ ਕੀਤੀ।