ਨਵੀਂ ਦਿੱਲੀ (ਸਮਾਜ ਵੀਕਲੀ) : ਕਰੋਨਾਵਾਇਰਸ ਮਹਾਮਾਰੀ ਖ਼ਿਲਾਫ਼ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਅੱਜ ਤੋਂ ਭਾਰਤ ਵਿੱਚ ਸ਼ੁਰੂ ਹੋ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਲੋਕਾਂ ਨੂੰ ਕਰੋਨਾ ਵੈਕਸੀਨ ਬਾਰੇ ਅਫ਼ਵਾਹਾਂ ਤੋਂ ਬਚਣ ਦੀ ਸਲਾਹ ਦਿੱਤੀ। ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਅਪੀਲ ਕੀਤੀ ਕਿ ਟੀਕਾ ਲੱਗਣ ਦੇ ਬਾਵਜੂਦ ਉਹ ਕਰੋਨਾ ਖ਼ਿਲਾਫ ਕਿਸੇ ਤਰ੍ਹਾਂ ਦੀ ਢਿੱਲ ਨਾ ਵਰਤਣ।
ਟੀਕਾਕਰਨ ਦੇ ਪਹਿਲੇ ਦਿਨ ਦੇਸ਼ ਭਰ ਵਿੱਚ ਵੱਖ ਵੱਖ ਮੈਡੀਕਲ ਸੈਂਟਰਾਂ ’ਤੇ ਡਾਕਟਰਾਂ ਤੇ ਨਰਸਾਂ ਤੋਂ ਇਲਾਵਾ ਸਿਹਤ ਸੰੰਭਾਲ ’ਚ ਲੱਗੇ ਮੂਹਰਲੀ ਕਤਾਰ ਦੇ ਵਰਕਰਾਂ ਨੂੰ ਭਾਰਤ ਵਿੱਚ ਹੀ ਨਿਰਮਤ ਕਰੋਨਾ ਦੇ ਟੀਕੇ (ਕੋਵੀਸ਼ੀਲਡ ਤੇ ਕੋਵੈਕਸੀਨ) ਲਗਾਏ ਗਏ। ਸਿਹਤ ਕਾਮਿਆਂ ਤੋਂ ਇਲਾਵਾ ਏਮਸ ਦੇ ਡਾਇਰੈਕਟਰ ਰਣਦੀਪ ਗੁਲੇਰੀਆ, ਨੀਤੀ ਆਯੋਗ ਦੇ ਮੈਂਬਰ ਵੀ.ਕੇ.ਪੌਲ, ਭਾਰਤੀ ਸੀਰਮ ਇੰਸਟੀਚਿਊਟ ਦੇ ਸੀਈਓ ਅਦਾਰ ਪੂਨਾਵਾਲਾ, ਭਾਜਪਾ ਦੇ ਸੰਸਦ ਮੈਂਬਰ ਮਹੇਸ਼ ਸ਼ਰਮਾ ਤੇ ਪੱਛਮੀ ਬੰਗਾਲ ਦੇ ਮੰਤਰੀ ਨਿਰਮਲ ਮਾਜੀ ਨੇ ਪਹਿਲੇ ਦਿਨ ਕਰੋਨਾਵੈਕਸੀਨ ਦੀ ਪਹਿਲੀ ਖੁਰਾਕ ਲਵਾਈ। ਚੇਤੇ ਰਹੇ ਕਿ ਭਾਰਤੀ ਡਰੱਗ ਕੰਟਰੋਲਰ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਭਾਰਤ ਵਿੱਚ ਨਿਰਮਤ ਦੋ ਵੈਕਸੀਨਾਂ ਕੋਵੀਸ਼ੀਲਡ ਤੇ ਕੋਵੈਕਸੀਨ ਦੀ ਹੰਗਾਮੀ ਹਾਲਾਤ ’ਚ ਵਰਤੋਂ ਲਈ ਹਰੀ ਝੰਡੀ ਦੇ ਦਿੱਤੀ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਕਾਕਰਨ ਮੁਹਿੰਮ ਦੇ ਰਸਮੀ ਆਗਾਜ਼ ਤੋਂ ਪਹਿਲਾਂ ਰਾਸ਼ਟਰ ਨੂੰ ਆਪਣੇ ਸੰਬੋਧਨ ਵਿੱਚ ਚੇਤੇ ਕਰਵਾਇਆ ਕਿ ਵੈਕਸੀਨ ਦੀਆਂ ਦੋ ਖੁਰਾਕਾਂ ਬਹੁਤ ਜ਼ਰੂਰੀ ਹਨ। ਉਨ੍ਹਾਂ ਲੋਕਾਂ ਨੂੰ ਚੌਕਸ ਕੀਤਾ ਕਿ ਟੀਕੇ ਦੀਆਂ ਖੁਰਾਕਾਂ ਲਗਵਾਉਣ ਦੇ ਬਾਵਜੂਦ ਉਹ ਮੂੰਹ ’ਤੇ ਮਾਸਕ ਤੇ ਸਮਾਜਿਕ ਦੂਰੀ ਜਿਹੇ ਨੇਮਾਂ ਦੀ ਪਾਲਣਾ ਨੂੰ ਪਹਿਲਾਂ ਵਾਂਗ ਯਕੀਨੀ ਬਣਾਉਣ। ਸ੍ਰੀ ਮੋਦੀ ਨੇ ਲੋਕਾਂ ਨੂੰ ਮੁੜ ਭਰੋਸਾ ਦਿਵਾਇਆ ਕਿ ਭਾਰਤ ਵਿੱਚ ਬਣੀਆਂ ਇਨ੍ਹਾਂ ਦੋਵਾਂ ਵੈਕਸੀਨਾਂ ਨੂੰ ਵਿਗਿਆਨੀਆਂ ਵੱਲੋਂ ਨਿਰਧਾਰਿਤ ਸੁਰੱਖਿਆ ਤੇ ਹੋਰਨਾਂ ਮਾਪਦੰਡਾਂ ’ਤੇ ਖਰਾ ਉਤਰਨ ਮਗਰੋਂ ਹੀ ਐਮਰਜੈਂਸੀ ’ਚ ਵਰਤੋਂ ਲਈ ਪ੍ਰਵਾਨਗੀ ਦਿੱਤੀ ਗਈ ਹੈ।
ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਉਦੋਂ ਭਾਵੁਕ ਹੋ ਗਏ ਜਦੋਂ ਉਨ੍ਹਾਂ ਨੇ ਕਰੋਨਾ ਮਹਾਮਾਰੀ ਦੌਰਾਨ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ, ਆਪਣੇ ਨੇੜਲਿਆਂ ਨੂੰ ਗੁਆਉਣ ਤੇ ਉਨ੍ਹਾਂ ਦੀਆਂ ਅੰਤਿਮ ਰਸਮਾਂ ’ਚ ਸ਼ਾਮਲ ਨਾ ਹੋ ਸਕਣ ਦੇ ਦਰਦ ਦਾ ਜ਼ਿਕਰ ਕੀਤਾ। ਸ੍ਰੀ ਮੋਦੀ ਨੇ ਭਰੇ ਮਨ ਨਾਲ ਮਹਾਮਾਰੀ ਦੌਰਾਨ ਸਿਹਤ ਕਰਮੀਆਂ ਤੇ ਲਾਗ ਦੇ ਜੋਖ਼ਮ ਦੇ ਖ਼ਦਸ਼ੇ ਵਾਲੇ ਮੋਰਚੇ ’ਤੇ ਤਾਇਨਾਤ ਕਰਮਚਾਰੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ। ਵੀਡੀਓ ਕਾਨਫਰੰਸ ਜ਼ਰੀਏ ਵਿਉਂਤੇ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਾਲ ਭਾਰਤ ਦੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 3006 ਟੀਕਾਕਰਨ ਕੇਂਦਰ ਆਪਸ ਵਿੱਚ ਜੁੜੇ।
ਉਨ੍ਹਾਂ ਕਿਹਾ ਕਿ ਦੂਜੇ ਗੇੜ ਵਿੱਚ 30 ਕਰੋੜ ਲੋਕਾਂ ਦੇ ਟੀਕਾਕਰਨ ਦਾ ਟੀਚਾ ਮਿੱਥਿਆ ਗਿਆ ਹੈ ਜਦੋਂ ਕਿ ਵਿਸ਼ਵ ਵਿੱਚ ਮਹਿਜ਼ ਭਾਰਤ, ਅਮਰੀਕਾ ਤੇ ਚੀਨ ਹੀ ਅਜਿਹੇ ਮੁਲਕ ਹਨ, ਜਿਨ੍ਹਾਂ ਦੀ ਆਬਾਦੀ 30 ਕਰੋੜ ਤੋਂ ਵੱਧ ਹੈ। ਟੀਕਾਕਰਨ ਦੇ ਪਹਿਲੇ ਦਿਨ ਦੇਸ਼ ਭਰ ਦੀਆਂ 3006 ਸਾਈਟਾਂ ’ਤੇ ਤਿੰਨ ਲੱਖ ਤੋਂ ਵੱਧ ਸਿਹਤ ਕਰਮੀਆਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਲਾਈ ਗਈ। ਦੂਜੀ ਖੁੁਰਾਕ ਹੁਣ 28 ਦਿਨਾਂ ਦੇ ਵਕਫ਼ੇ ਨਾਲ ਲੱਗੇਗੀ।
ਦੇਸ਼ ਵਿੱਚ ਟੀਕਾਕਰਨ ਮੁਹਿੰਮ ਦੇ ਪਹਿਲੇ ਦਿਨ ‘ਕੋਵੈਕਸੀਨ’ ਦੀ ਪਹਿਲੀ ਡੋਜ਼ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਸ) ’ਚ ਕੰਮ ਕਰਦੇ ਸੈਨੀਟੇਸ਼ਨ ਵਰਕਰ ਮਨੀਸ਼ ਕੁਮਾਰ ਨੂੰ ਲਾਈ ਗਈ। ਇਸ ਮੌਕੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਵੀ ਮੌਜੂਦ ਸਨ। ਵਰਧਨ ਨੇ ਡਰੱਗ ਕੰਟਰੋਲਰ ਵੱਲੋਂ ਪ੍ਰਵਾਨਿਤ ਦੋਵਾਂ ਵੈਕਸੀਨਾਂ ਨੂੰ ‘ਸੰਜੀਵਨੀ’ ਕਰਾਰ ਦਿੱਤਾ। ਇਸ ਦੌਰਾਨ ਉਪ ਰਾਸ਼ਟਰਪਤੀ ਐੱਮ.ਵੈਂਕੱਈਆ ਨਾਇਡੂ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਸਮੇਤ ਹੋਰਨਾਂ ਨੇ ਕਰੋਨਾਵਾਇਰਸ ਖ਼ਿਲਾਫ਼ ਟੀਕਾਕਰਨ ਮੁਹਿੰਮ ਦੇ ਆਗਾਜ਼ ਦੀ ਸ਼ਲਾਘਾ ਕੀਤੀ। ਉਨ੍ਹਾਂ ਰਿਕਾਰਡ ਸਮੇਂ ਵੈਕਸੀਨ ਤਿਆਰ ਕਰਨ ਲਈ ਵੀ ਵਿਗਿਆਨੀਆਂ ਦੀ ਸ਼ਲਾਘਾ ਕੀਤੀ।