ਨਵੀਂ ਦਿੱਲੀ (ਸਮਾਜ ਵੀਕਲੀ) :ਮੁਲਕ ਵਿੱਚ ਤੇਜ਼ੀ ਨਾਲ ਵਧ ਰਹੇ ਕਰੋਨਾ ਕੇਸਾਂ ’ਤੇ ਵੱਡੀ ਫ਼ਿਕਰਮੰਦੀ ਜਤਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕਰੋਨਾ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਮੁੜ ਜੰਗੀ ਪੱਧਰ ’ਤੇ ਕੰਮ ਕਰਨ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਵੱਧ ਤੋਂ ਵੱਧ ਯੋਗ ਲਾਭਪਾਤਰੀਆਂ ਦੇ ਟੀਕਾਕਰਨ ਲਈ 11 ਤੋਂ 14 ਅਪਰੈਲ ਦੇ ਅਰਸੇ ਨੂੰ ਟੀਕਾਕਰਨ ਤਿਉਹਾਰ ਵਜੋਂ ਮਨਾਉਣ ਦਾ ਸੱਦਾ ਦਿੱਤਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਰਾਤ ਦਾ ਕਰਫਿਊ ਆਲਮੀ ਪੱਧਰ ’ਤੇ ਪ੍ਰਵਾਨਿਤ ਤਜਰਬਾ ਹੈ। ਉਨ੍ਹਾਂ ਕਿਹਾ ਕਿ ਰਾਤ ਦੇ ਕਰਫ਼ਿਊ ਨੂੰ ‘ਕਰੋਨਾ ਕਰਫਿਊ’ ਆਖ ਕੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਵੇ। ਸ੍ਰੀ ਮੋਦੀ ਨੇ ਸੂਬੇ ਦੇ ਮੁੱਖ ਮੰਤਰੀਆਂ ਨੂੰ ਕੰਟੇਨਮੈਂਟ ਜ਼ੋਨਾਂ ’ਤੇ ਧਿਆਨ ਕੇਂਦਰਿਤ ਕਰਨ ਅਤੇ ਜਾਂਚ ਵਿੱਚ ਤੇਜ਼ੀ ਲਿਆਉਣ ਦੀ ਗੱਲ ਕਹੀ।
ਕੁਝ ਰਾਜਾਂ ਵੱਲੋਂ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ ਟੀਕਾ ਲਾਉਣ ਦੀ ਕੀਤੀ ਜਾ ਰਹੀ ਮੰਗ ਦਰਮਿਆਨ ਸ੍ਰੀ ਮੋਦੀ ਨੇ ਕਰੋਨਾ ਟੀਕਾਕਰਨ ਵਾਸਤੇ ਯੋਗ ਲਾਭਪਾਤਰੀਆਂ ਲਈ ਨਿਰਧਾਰਿਤ ਮੌਜੂਦਾ ਪਾਤਰਤਾ ਕਸੌਟੀ ਦੀ ਵਕਾਲਤ ਕੀਤੀ। ਇਸ ਦੌਰਾਨ ਪਿਛਲੇ ਚੌਵੀ ਘੰਟਿਆਂ ਵਿੱਚ ਦੇਸ਼ ਅੰਦਰ ਕੋਵਿਡ-19 ਦੇ ਰਿਕਾਰਡ 1,26,789 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਦੇਸ਼ ’ਚ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 1,29,28,574 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ’ਚ ਵਾਇਰਸ ਨਾਲ 685 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 1,66,862 ਹੋ ਗਈ ਹੈ, ਜੋ ਕੁੱਲ ਕੇਸਾਂ ਦਾ 7.04 ਫੀਸਦ ਹੈ।
ਸੂਬੇ ਦੇ ਮੁੱਖ ਮੰਤਰੀਆਂ ਨਾਲ ਮੁਲਕ ਵਿੱਚ ਕੋਵਿਡ-19 ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕਰਨ ਬਾਅਦ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੀ ਸਮੀਖਿਆ ਵਿੱਚ ਕੁਝ ਗੱਲਾਂ ਸਪਸ਼ਟ ਹਨ ਜਿਨ੍ਹਾਂ ’ਤੇ ਵਿਸ਼ੇਸ਼ ਧਿਆਨ ਦਿੱਤੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ, ‘ਪਿਛਲੇ ਸਾਲ ਕਰੋਨਾ ਫੈਲਣ ਦੀ ਤੇਜ਼ ਰਫ਼ਤਾਰ ਨੂੰ ਅਸੀਂ ਇਕ ਵਾਰ ਠੱਲ੍ਹ ਚੁੱਕੇ ਹਾਂ, ਪਰ ਐਤਕੀਂ ਲਾਗ ਫੈਲਣ ਦੀ ਰਫ਼ਤਾਰ ਪਹਿਲਾਂ ਨਾਲੋਂ ਵੀ ਤੇਜ਼ ਹੈ। ਮਹਾਰਾਸ਼ਟਰ, ਛੱਤੀਸਗੜ੍ਹ, ਪੰਜਾਬ, ਮੱਧ ਪ੍ਰਦੇਸ਼ ਅਤੇ ਪੰਜਾਬ ਸਮੇਤ ਕਈ ਸੂਬੇ ਪਹਿਲੀ ਲਹਿਰ ਦੀ ਸਿਖਰਲੀ ਹੱਦ ਨੂੰ ਪਾਰ ਕਰ ਚੁੱਕੇ ਹਨ। ਕੁਝ ਹੋਰ ਸੂਬੇ ਵੀ ਇਸ ਵੱਲ ਵਧ ਰਹੇ ਹਨ, ਜੋ ਚਿੰਤਾ ਦੀ ਗੱਲ ਹੈ।
ਇਹ ਇਕ ਗੰਭੀਰ ਵਿਸ਼ਾ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਐਤਕੀਂ ਲੋਕ ਪਹਿਲਾਂ ਦੇ ਮੁਕਾਬਲੇ ਵੱਧ ਲਾਪ੍ਰਵਾਹ ਹੋ ਗਏ ਹਨ ਅਤੇ ਜ਼ਿਆਦਾਤਰ ਸੂਬਿਆਂ ਵਿੱਚ ਪ੍ਰਸ਼ਾਸਨ ਵੀ ਸੁਸਤ ਤੇ ਅਵੇਸਲਾ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿੱਚ ਕਰੋਨਾ ਕੇਸਾਂ ਦੇ ਇਕਦਮ ਵਧਣ ਨਾਲ ਮੁਸ਼ਕਲਾਂ ਪੈਦਾ ਹੋਈਆਂ ਹਨ। ਕਰੋਨਾ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਜੰਗੀ ਪੱਧਰ ’ਤੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਮੁਲਕ ਵਿੱਚ ਬਿਹਤਰ ਤਜਰਬੇ ਅਤੇ ਬਿਹਤਰ ਵਸੀਲੇ ਉਪਲੱਬਧ ਹਨ। ਸ੍ਰੀ ਮੋਦੀ ਨੇ ਇਕ ਵਾਰ ਫਿਰ ‘ਟੈਸਟ, ਟਰੈਕ(ਕੇਸਾਂ ਦੀ ਪੈੜ ਨੱਪਣ), ਟ੍ਰੀਟ (ਇਲਾਜ)’ ਦੇ ਫਾਰਮੂਲੇ ਦੇ ਨਾਲ ਮਹਾਮਾਰੀ ਨੂੰ ਠੱਲਣ ਲਈ ਕੋਵਿਡ ਪ੍ਰਬੰਧਨ ’ਤੇ ਵੀ ਜ਼ੋਰ ਦਿੱਤਾ।