ਨਵੀਂ ਦਿੱਲੀ (ਸਮਾਜ ਵੀਕਲੀ) : ਦੇਸ਼ ਵਿੱਚ ਕਰੋਨਾ ਲਾਗ ਦੇ ਕੇਸਾਂ ਦੀ ਗਿਣਤੀ 87 ਲੱਖ ਨੇੜੇ ਪੁੱਜ ਗਈ ਹੈ। ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਜਾਰੀ ਅੰਕੜਿਆਂ ਮੁਤਾਬਕ ਲੰਘੇ 24 ਘੰਟਿਆਂ ’ਚ ਕਰੋਨਾ ਲਾਗ ਦੇ 47,905 ਮਾਮਲੇ ਸਾਹਮਣੇ ਆਉਣ ਨਾਲ ਕੇਸਾਂ ਦਾ ਅੰਕੜਾ 86,83,916 ਹੋ ਗਿਆ ਹੈ। ਜਦਕਿ ਹੁਣ ਤੱਕ 80,66,501 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ। ਅੰਕੜਿਆਂ ਮੁਤਾਬਕ ਉਕਤ ਸਮੇਂ ਦੌਰਾਨ ਹੋਈਆਂ 550 ਨਵੀਆਂ ਮੌਤਾਂ ਨਾਲ ਮ੍ਰਿਤਕਾਂ ਦਾ ਅੰਕੜਾ 1,28,121 ਤੱਕ ਪਹੁੰਚ ਗਿਆ ਹੈ।
ਇਸੇ ਦੌਰਾਨ ਅੱਜ ਲਗਾਤਾਰ ਦੂਜੇ ਦਿਨ ਸਰਗਰਮ ਮਰੀਜ਼ਾਂ ਦਾ ਅੰਕੜਾ 5 ਲੱਖ ਤੋਂ ਹੇਠਾਂ ਰਿਹਾ। ਦੇਸ਼ ਵਿੱਚ ਹੁਣ ਤਕ 4,89,289 ਸਰਗਰਮ ਮਰੀਜ਼ ਹਨ, ਜੋ ਕਿ ਕੁੱਲ ਕੇਸਾਂ ਦਾ ਮਹਿਜ਼ 5.65 ਫ਼ੀਸਦ ਹਿੱਸਾ ਹਨ। ਦੇਸ਼ ਵਿੱਚ ਸਿਹਤਯਾਬੀ ਦਰ ਵਧ ਕੇ 92.89 ਫ਼ੀਸਦ ਹੋ ਗਈ ਹੈ ਜਦਕਿ ਮੌਤ ਦਰ ਸਿਰਫ਼ 1.48 ਫ਼ੀਸਦ ਹੈ। ਲੰਘੇ 24 ਘੰਟਿਆਂ ’ਚ ਦੌਰਾਨ ਹੋਈਆਂ 550 ਮੌਤਾਂ ਵਿੱਚੋਂ ਸਭ ਤੋਂ ਵੱਧ 123 ਮਹਾਰਾਸ਼ਟਰ ’ਚ, ਦਿੱਲੀ 85, ਪੱਛਮੀ ਬੰਗਾਲ 49 ਜਦਕਿ ਬਾਕੀ ਹੋਰ ਰਾਜਾਂ ’ਚ ਹੋਈਆਂ।