ਨਵੀਂ ਦਿੱਲੀ (ਸਮਾਜ ਵੀਕਲੀ) : ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕੋਵਿਡ-19 ਦੇ ਰਿਕਾਰਡ 1,84,372 ਨਵੇਂ ਕੇਸ ਸਾਹਮਣੇ ਆਉਣ ਨਾਲ ਕਰੋਨਾਵਾਇਰਸ ਦੀ ਲਾਗ ਤੋਂ ਪੀੜਤ ਕੁੱਲ ਕੇਸਾਂ ਦੀ ਗਿਣਤੀ 1,38,73,825 ਤੱਕ ਪੁੱਜ ਗਈ ਹੈ। ਉਧਰ ਇਸੇ ਅਰਸੇ ਦੌਰਾਨ ਦੇਸ਼ ਭਰ ਵਿੱਚ 1,027 ਹੋਰ ਮੌਤਾਂ ਨਾਲ ਕਰੋਨਾ ਕਰਕੇ ਮੌਤ ਦੇ ਮੂੰਹ ਪੈਣ ਵਾਲਿਆਂ ਦੀ ਗਿਣਤੀ ਵਧ ਕੇ 1,72,085 ’ਤੇ ਪਹੁੰਚ ਗਈ ਹੈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਤੱਕ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿੱਚ ਕੋਵਿਡ-19 ਦੇ ਸਰਗਰਮ ਕੇਸਾਂ ਦੀ ਗਿਣਤੀ 13 ਲੱਖ ਦੇ ਅੰਕੜੇ ਨੂੰ ਟੱਪ ਗਈ ਹੈ। ਪਿਛਲੇ 35 ਦਿਨਾਂ ਤੋਂ ਇਸ ਅੰਕੜੇ ’ਚ ਬੇਰੋਕ ਵਾਧਾ ਜਾਰੀ ਹੈ। ਕੁੱਲ ਸਰਗਰਮ ਕੇਸਾਂ ਦਾ ਅੰਕੜਾ 13,65,704 ਹੈ, ਜੋ ਕਿ ਕੁੱਲ ਕੇਸਾਂ ਦਾ 9.84 ਫੀਸਦ ਬਣਦਾ ਹੈ। ਇਸ ਤੋਂ ਪਹਿਲਾਂ ਲੰਘੀ 12 ਫਰਵਰੀ ਨੂੰ ਦੇਸ਼ ਵਿੱਚ ਸਰਗਰਮ ਕੇਸ 1,35,926 ਦੇ ਅੰਕੜੇ ਨਾਲ ਸਭ ਤੋਂ ਹੇਠਲੇ ਪੱਧਰ ’ਤੇ ਸੀ ਜਦੋਂਕਿ 10,17,754 ਦੇ ਅੰਕੜੇ ਨਾਲ ਸਿਖਰ ਪਿਛਲੇ ਸਾਲ 18 ਸਤੰਬਰ ਨੂੰ ਸੀ।
ਹੁਣ ਤੱਕ 1,23,36,036 ਵਿਅਕਤੀ ਕਰੋਨਾ ਦੀ ਲਾਗ ਨੂੰ ਮਾਤ ਦਿੰਦਿਆਂ ਸਿਹਤਯਾਬ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ ਹੋਈਆਂ 1027 ਹੋਰ ਮੌਤਾਂ ’ਚੋਂ ਕਰਨਾਟਕ ਵਿੱਚ 281, ਛੱਤੀਸਗੜ੍ਹ 156, ਯੂਪੀ ’ਚ 85, ਦਿੱਲੀ 81, ਗੁਜਰਾਤ ਤੇ ਕਰਨਾਟਕ 67-67, ਪੰਜਾਬ 50, ਮੱਧ ਪ੍ਰਦੇਸ਼ 40, ਝਾਰਖੰਡ 29, ਰਾਜਸਥਾਨ 28, ਕੇਰਲਾ ਤੇ ਪੱਛਮੀ ਬੰਗਾਲ 20-20, ਤਾਮਿਲ ਨਾਡੂ 18, ਹਰਿਆਣਾ 16, ਬਿਹਾਰ 14, ਉੱਤਰਾਖੰਡ 13, ਹਿਮਾਚਲ ਪ੍ਰਦੇਸ਼ 11 ਅਤੇ ਆਂਧਰਾ ਪ੍ਰਦੇਸ਼ ’ਚ 10 ਵਿਅਕਤੀ ਕਰੋਨਾ ਕਰਕੇ ਦਮ ਤੋੜ ਗਏ।