ਨਵੀਂ ਦਿੱਲੀ (ਸਮਾਜ ਵੀਕਲੀ): ਇਕ ਪਾਸੇ ਜਿੱਥੇ ਕਰੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਨੂੰ ਫੈਲਣ ਤੋਂ ਰੋਕਣ ਲਈ ਚੌਕਸੀ ਵਧਾ ਦਿੱਤੀ ਗਈ ਹੈ ਉੱਥੇ ਹੀ ਦੂਜੇ ਪਾਸੇ ਅੱਜ ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨੇ ਕਿਹਾ ਕਿ ਕਰੋਨਾ ਵਿਰੋਧੀ ਵੈਕਸੀਨ ਦੀ ਬੂਸਟਰ ਡੋਜ਼ ਅਤੇ ਬੱਚਿਆਂ ਦੇ ਟੀਕਾਕਰਨ ਸਬੰਧੀ ਫ਼ੈਸਲਾ ਮਾਹਿਰਾਂ ਦੇ ਵਿਗਿਆਨਕ ਮਾਰਗਦਰਸ਼ਨ ਦੇ ਆਧਾਰ ’ਤੇ ਹੀ ਲਿਆ ਜਾਵੇਗਾ। ਉਹ ਲੋਕ ਸਭਾ ਵਿਚ ਕੋਵਿਡ-19 ਮਹਾਮਾਰੀ ਬਾਰੇ 11 ਘੰਟੇ ਲੰਬੀ ਚਰਚਾ ਦਾ ਜਵਾਬ ਦੇ ਰਹੇ ਸਨ।
ਸ੍ਰੀ ਮਾਂਡਵੀਆ ਨੇ ਕਿਹਾ ਕਿ ਖ਼ਤਰੇ ਵਾਲੇ ਦੇਸ਼ਾਂ ਤੋਂ ਆਏ 16,000 ਯਾਤਰੀਆਂ ਦੇ ਆਰਟੀ-ਪੀਸੀਆਰ ਟੈਸਟ ਕੀਤੇ ਗਏ ਜਿਨ੍ਹਾਂ ਵਿੱਚੋਂ 18 ਦੀ ਰਿਪੋਰਟ ਪਾਜ਼ੇਟਿਵ ਆਈ। ਇਨ੍ਹਾਂ 18 ਪਾਜ਼ੇਟਿਵ ਮਰੀਜ਼ਾਂ ਦੇ ਸੈਂਪਲ ਓਮੀਕਰੋਨ ਸਰੂਪ ਦਾ ਪਤਾ ਲਗਾਉਣ ਲਈ ਭੇਜੇ ਗਏ ਹਨ। ਉਨ੍ਹਾਂ ਪੀਐੱਮ-ਕੇਅਰਜ਼ ਫੰਡ ਰਾਹੀਂ ਖਰੀਦੇ ਗਏ ਵੈਂਟੀਲੇਟਰਾਂ ਦੀ ਉਪਲੱਬਧਤਾ ਨੂੰ ਇਕ ਸਿਆਸੀ ਮੁੱਦਾ ਬਣਾਉਣ ਲਈ ਵਿਰੋਧੀ ਧਿਰ ਨੂੰ ਲੰਬੇ ਹੱਥੀਂ ਲਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਦੀ ਸ਼ਲਾਘਾ ਕੀਤੀ। ਟੀਕਾਕਰਨ ਮੁਹਿੰਮ ਸਬੰਧੀ ਸਵਾਲ ’ਤੇ ਮੰਤਰੀ ਨੇ ਕਿਹਾ ਕਿ ਸਰਕਾਰ ਸਾਰੇ ਯੋਗ ਲਾਭਪਾਤਰੀਆਂ ਦਾ ਪੂਰਾ ਟੀਕਾਕਰਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ 85 ਫ਼ੀਸਦ ਲਾਭਪਾਤਰੀਆਂ ਨੂੰ ਟੀਕੇ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ ਜਦਕਿ 50 ਫ਼ੀਸਦ ਲਾਭਪਾਤਰੀਆਂ ਦਾ ਟੀਕਾਕਰਨ ਪੂਰਾ ਹੋ ਚੁੱਕਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly