ਨਵੀਂ ਦਿੱਲੀ (ਸਮਾਜ ਵੀਕਲੀ) : ਦਿੱਲੀ ਹਾਈ ਕੋਰਟ ਨੇ ਕਰੋਨਾਵਾਇਰਸ ਮਹਾਮਾਰੀ ਨੂੰ ਠੱਲ੍ਹ ਪਾਉਣ ਲਈ ਕੀਤੇ ਪ੍ਰਬੰਧਾਂ ਲਈ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਦੀ ਚੰਗੀ ਝਾੜ ਝੰਬ ਕੀਤੀ ਹੈ। ਅਦਾਲਤ ਨੇ ‘ਆਪ’ ਸਰਕਾਰ ਵੱਲੋਂ ਵਿਆਹ ਸ਼ਾਦੀਆਂ ਵਿੱਚ ਗਿਣਤੀ ਪੱਖੋਂ ਲੋਕਾਂ ਦੀ ਸ਼ਮੂਲੀਅਤ ’ਤੇ ਲਗਾਈ ਪਾਬੰਦੀ ਦੇ ਸਮੇਂ ’ਤੇ ਵੀ ਸਵਾਲ ਉਠਾੲੇ ਹਨ। ਅਦਾਲਤ ਨੇ ਕਿਹਾ, ‘ਵਿਆਹ ਸ਼ਾਦੀਆਂ ਵਿੱਚ ਲੋਕਾਂ ਦੀ ਗਿਣਤੀ ਘਟਾਉਣ ਲਈ ਹੁਣ ਤਕ ਕਿਸ ਦੀ ਉਡੀਕ ਕਰ ਰਹੇ ਸੀ?’
ਅਦਾਲਤ ਨੇ ਕਿਹਾ, ‘ਤੁਸੀਂ ਵਿਆਹ ਸ਼ਾਦੀਆਂ ਵਿੱਚ ਲੋਕਾਂ ਦੀ ਗਿਣਤੀ ਨਿਰਧਾਰਿਤ ਕਰਨ ਲਈ 18 ਦਿਨਾਂ ਦੀ ਉਡੀਕ ਕਿਉਂ ਕੀਤੀ, ਇਸ ਅਰਸੇ ਦੌਰਾਨ ਹੁਣ ਤੱਕ ਕਿੰਨੇ ਲੋਕ ਕੋਵਿਡ-19 ਕਰਕੇ ਜਾਨ ਤੋਂ ਹੱਥ ਧੋ ਬੈਠੇ ਹੋਣਗੇ।’ ਅਦਾਲਤ ਨੇ ਕਿਹਾ, ‘ਤੁਸੀਂ ਹੁਣ ਨੀਂਦ ’ਚੋਂ ਜਾਗੇ ਹੋ, ਜਦੋਂ ਅਸੀਂ ਸਵਾਲ ਪੁੱਛੇ ਤਾਂ ਤੁਸੀਂ ਮੂਧੇ ਪੈ ਗਏ।’ ਚੇਤੇ ਰਹੇ ਕਿ ਦਿੱਲੀ ਵਿੱਚ ਲੰਘੇ ਦਿਨ ਕੋਵਿਡ-19 ਦੇ ਰਿਕਾਰਡ 7486 ਕੇਸ ਦਰਜ ਕੀਤੇ ਗਏ ਸਨ ਜਦੋਂਕਿ ਕੌਮੀ ਰਾਜਧਾਨੀ ਵਿੱਚ ਕੋਵਿਡ-19 ਕੇਸਾਂ ਦੀ ਗਿਣਤੀ ਪੰਜ ਲੱਖ ਦੇ ਅੰਕੜੇ ਨੂੰ ਟੱਪ ਗਈ ਹੈ। 131 ਹੋਰ ਮੌਤਾਂ ਨਾਲ ਕਰੋਨਾ ਕਰਕੇ ਮੌਤਾਂ ਦਾ ਅੰਕੜਾ ਵਧ ਕੇ 7943 ਹੋ ਗਿਆ ਹੈ।