ਸ਼ਿਕਾਗੋ (ਸਮਾਜ ਵੀਕਲੀ): ਭਾਰਤੀ ਅਮਰੀਕੀ ਮੁਸਲਮਾਨਾਂ ਤੇ ਸਿੱਖਾਂ ਨੇ ਸੈਨੇਟਰ ਕਮਲਾ ਹੈਰਿਸ ਦੀ ਡੈਮੋਕਰੈਟਿਕ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਦੇ ਉਮੀਦਵਾਰ ਵਜੋਂ ਚੋਣ ਦਾ ਸਵਾਗਤ ਕਰਦਿਆਂ ਇਸ ਨੂੰ ਪੂਰੇ ਭਾਈਚਾਰੇ ਲਈ ਵੱਡੀ ਪ੍ਰਾਪਤੀ ਦੱਸਿਆ ਹੈ। ਹੈਰਿਸ ਦੀ ਉਮੀਦਵਾਰੀ ਨਾਲ ਇਕ ਗੱਲ ਤਾਂ ਪੱਕੀ ਹੋ ਗਈ ਹੈ ਕਿ ਰਾਸ਼ਟਰਪਤੀ ਚੋਣਾਂ ਵਿੱਚ ਅਮਰੀਕੀ ਸਦਰ ਡੋਨਲਡ ਟਰੰਪ ਨੂੰ ਸ਼ਿਕਸਤ ਦੇਣ ਵਿੱਚ ਸਿਆਹਫਾਮ ਵੋਟਰਾਂ ਦੀ ਅਹਿਮ ਭੂਮਿਕਾ ਹੋਵੇਗੀ।
ਅਮਰੀਕਾ ਦੀ ਭਾਰਤੀ ਮੁਸਲਿਮਾਂ ਬਾਰੇ ਐਸੋਸੀਏਸ਼ਨ ਨੇ ਇਕ ਬਿਆਨ ਵਿੱਚ ਇਸ ਨਾਮਜ਼ਦਗੀ ਲਈ ਹੈਰਿਸ ਨੂੰ ਵਧਾਈ ਦਿੰਦਿਆਂ ਪਿਛਲੇ ਪੰਜ ਦਹਾਕਿਆਂ ਦੇ ਮੁਸ਼ਕਲ ਸਮੇਂ ਦੌਰਾਨ ਭਾਰਤੀ ਅਮਰੀਕੀ ਭਾਈਚਾਰੇ ਵੱਲੋਂ ਹਾਸਲ ਅਸਧਾਰਨ ਪ੍ਰਾਪਤੀਆਂ ਦੀ ਤਾਰੀਫ਼ ਕੀਤੀ ਹੈ। ਉਧਰ ਧਰਮ ਤੇ ਸਿੱਖਿਆ ਬਾਰੇ ਸਿੱਖ ਕੌਂਸਲ ਦੇ ਚੇਅਰਮੈਨ ਤੇ ਕੌਮੀ ਸਿੱਖ ਕੰਪੇਨ ਦੇ ਸੀਨੀਅਰ ਸਲਾਹਾਕਾਰ ਡਾ.ਰਾਜਵੰਤ ਸਿੰਘ ਨੇ ਵੀ ਹੈਰਿਸ ਨੂੰ ਮਿਲੇ ਇਸ ਮਾਣ ਦਾ ਸਵਾਗਤ ਕੀਤਾ ਹੈ। ਸਿੰਘ ਨੇ ਕਿਹਾ ਕਿ ਇਹ ਪੇਸ਼ਕਦਮੀ ਸਿਆਹਫਾਮਾਂ, ਔਰਤਾਂ ਤੇ ਸਾਰੇ ਪਰਵਾਸੀਆਂ ਲਈ ਕਾਫ਼ੀ ਮਾਇਨੇ ਰੱਖਦੀ ਹੈ।ਏਸ਼ਿਆਈ ਮੂਲ ਦੇ ਅਮਰੀਕੀਆਂ ਨੇ ਵੀ ਹੈਰਿਸ ਦੀ ਨਾਮਜ਼ਦਗੀ ਨੂੰ ਜੀ ਆਇਆਂ ਆਖਿਆ ਹੈ।