ਕਪੂਰਥਲਾ ਵਿੱਚ ਕਾਂਗਰਸ ਦੀ 45 ਅਤੇ ਸੁਲਤਾਨਪੁਰ ਲੋਧੀ ਵਿੱਚ 10 ਸੀਟਾਂ ਉੱਤੇ ਇਤਿਹਾਸਿਕ ਜਿੱਤ

ਕੈਪਸਨ -- ਹਲਕਾ ਵਿਧਾਇਕ ਕਪੂਰਥਲਾ ਰਾਣਾ ਗੁਰਜੀਤ ਸਿੰਘ ਅਤੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਸੁਲਤਾਨਪੁਰ ਲੋਧੀ

ਅਕਾਲੀ ਦਲ ਨੇ 3 -3 ਸੀਟਾਂ ਲੈ ਕੇ ਬਚਾਈ ਆਪਣੀ ਇਜ਼ਤ

ਭਾਜਪਾ ਤੇ ਆਮ ਆਦਮੀ ਪਾਰਟੀ ਦਾ ਬਿਸਤਰਾ ਹੋਇਆ ਗੋਲ

ਕਪੂਰਥਲਾ (ਸਮਾਜ ਵੀਕਲੀ) ( ਕੌੜਾ) – ਕਪੂਰਥਲਾ ਨਗਰ ਨਿਗਮ ਦੀਆਂ 50 ਸੀਟਾਂ ਵਿੱਚੋਂ 45 ਸੀਟਾਂ ਅਤੇ ਸੁਲਤਾਨਪੁਰ ਲੋਧੀ ਨਗਰ ਕੌਂਸਲ ਚੋਣਾਂ ਦੀਆਂ 13 ਸੀਟਾਂ ਵਿੱਚੋਂ 10 ਉੱਤੇ ਕਾਂਗਰਸ ਪਾਰਟੀ ਨੇ ਇਤਿਹਾਸਕ ਜਿੱਤ ਹਾਸਿਲ ਕੀਤੀ ਹੈ ਉਥੇ ਅਕਾਲੀ ਦਲ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਦੀਆਂ ਚੋਣਾਂ ਵਿੱਚ 3-3 ਸੀਟਾਂ ਲੈ ਕੇ ਆਪਣੀ ਪਾਰਟੀ ਦੀ ਇਜ਼ਤ ਹੀ ਬਚਾ ਸਕਿਆ ਹੈ ।

ਜਦਕਿ ਕਪੂਰਥਲਾ ਨਗਰ ਨਿਗਮ ਚੋਣਾਂ ਵਿੱਚ ਕਿਸਾਨ ਮਾਰੂ ਕਨੂੰਨਾਂ ਦੇ ਲੋਕਾਂ ਵੱਲੋਂ ਕੱਢੇ ਗੁੱਸੇ ਕਾਰਣ ਭਾਜਪਾ ਦਾ ਕਮਲ ਤਾਂ ਬਿਲਕੁਲ ਹੀ ਕੁਮਲਾ ਗਿਆ ਹੈ। ਨਗਰ ਕੌਂਸਲ ਸੁਲਤਾਨਪੁਰ ਲੋਧੀ ਵਿੱਚ ਤਾਂ ਭਾਜਪਾ ਆਪਣਾ ਕੋਈ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਨਹੀਂ ਸਕੀ। ਇਹ ਗੱਲ ਆਮ ਆਦਮੀ ਪਾਰਟੀ ਦੀ ਕਰੀਏ ਤਾਂ ਆਮ ਆਦਮੀ ਪਾਰਟੀ ਦਾ ਇਕ ਵੀ ਉਮੀਦਵਾਰ ਨਾ ਜਿੱਤ ਸਕਣ ਕਰਕੇ “ਆਪ ” ਦਾ ਝਾੜੂ ਵੀ ਤੀਲਾ ਤੀਲਾ ਹੋ ਗਿਆ।

ਜਾਣਕਾਰੀ ਮੁਤਾਬਿਕ ਚੋਣਾਂ ਲਈ 14 ਫਰਵਰੀ ਨੂੰ ਹੋਈਆ ਵੋਟਾਂ ਦੀ ਗਿਣਤੀ ਪਿੱਛੋਂ ਕਾਂਗਰਸ ਦੇ ਉਮੀਦਵਾਰਾਂ ਨੇ ਕੁੱਲ 50 ਵਾਰਡਾਂ ਵਿਚੋਂ 45 ਵਿਚ ਜਿੱਤ ਹਾਸਲ ਕੀਤੀ ਹੈ ਜਦਕਿ ਸ੍ਰੋਮਣੀ ਅਕਾਲੀ ਦਲ ਦੇ 3 ਅਤੇ 2 ਆਜਾਦ ਉਮੀਦਵਾਰ ਜੇਤੂ ਰਹੇ । ਨਗਰ ਨਿਗਮ ਕਪੂਰਥਲਾ ਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੀਆਂ ਚੋਣਾਂ ਜਿੱਥੇ ਆਮ ਆਦਮੀ ਪਾਰਟੀ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ। ਉੱਥੇ ਹੀ ਕਿਸਾਨੀ ਸੰਘਰਸ਼ ਇਨ੍ਹਾਂ ਚੋਣਾਂ ਤੇ ਭਾਰੂ ਰਹਿਣ ਕਾਰਨ ਕਪੂਰਥਲਾ ਨਗਰ ਨਿਗਮ ਵਿੱਚ ਭਾਜਪਾ ਦਾ ਬਿਸਤਰਾ ਲੋਕਾਂ ਨੇ ਪੂਰੀ ਤਰ੍ਹਾਂ ਨਾਲ ਗੋਲ ਕਰ ਦਿੱਤਾ ਹੈ।

ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਕਪੂਰਥਲਾ ਅਤੇ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਇਸ ਜਿੱਤ ਲਈ ਸ਼ਹਿਰ ਕਪੂਰਥਲਾ ਅਤੇ ਸ਼ਹਿਰ ਸੁਲਤਾਨਪੁਰ ਦੇ ਸਮੂਹ ਵੋਟਰਾਂ ਦਾ ਧੰਨਵਾਦ ਕਰਦਿਆਂ ਇਸ ਇਤਿਹਾਸਕ ਜਿੱਤ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਪਿਛਲੇ ਚਹੁੰ ਸਾਲਾਂ ਵਿਚ ਕੀਤੇ ਵਿਕਾਸ ਕਾਰਜਾਂ ਤੇ ਮੋਹਰ ਦੱਸਿਆ ਅਤੇ ਉਕਤ ਹਲਕਾ ਵਿਧਾਇਕਾ ਨੇ ਇਨ੍ਹਾਂ ਚੋਣਾਂ ਨੂੰ ਜਿੱਥੇ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਕਰਾਰ ਦਿੱਤਾ ਉੱਥੇ ਅਕਾਲੀ ਦਲ ਅਤੇ ਭਾਜਪਾ ਨੂੰ ਇਕੋ ਸਿੱਕੇ ਦੇ ਪਹਿਲੂ ਦੱਸਦਿਆਂ ਲੋਕਾਂ ਵੱਲੋਂ ਨਕਾਰੇ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

Previous articleਸ਼ਾਮਚੁਰਾਸੀ ਨਗਰ ਕੌਂਸਲ ਦਾ ਅਜ਼ਾਦ ਜੇਤੂ ਵਿਜੇ ਕੁਮਾਰ ਬੀਬੀ ਜੋਸ਼ ਦੀ ਹਾਜ਼ਰੀ ’ਚ ਅਕਾਲੀ ਦਲ ਵਿਚ ਸ਼ਾਮਿਲ
Next articleਸਮਾਜ ਲਈ ਜਰੂਰੀ ਕੋਣ ?