ਸੁਚੇਤ ਅਤੇ ਜਾਗਰੂਕ ਰਹਿਣ ਨਾਲ ਹੀ ਹੋਵੇਗਾ ਮਿਸ਼ਨ ਫ਼ਤਿਹ-ਗੁਰਬਚਨ ਸਿੰਘ
ਕਪੂਰਥਲਾ, 16 ਜੂਨ (ਕੌੜਾ) (ਸਮਾਜਵੀਕਲੀ): ਜ਼ਿਲਾ ਪੁਲਿਸ ਮੁਖੀ ਸ੍ਰੀ ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਕਪੂਰਥਲਾ ਪੁਲਿਸ ਦੀ ਕੋਰੋਨਾ ਮਹਾਂਮਾਰੀ ਖਿਲਾਫ਼ ਜੰਗ ਜਾਰੀ ਹੈ ਅਤੇ ਸੁਚੇਤ ਤੇ ਜਾਗਰੂਕ ਰਹਿਣ ਨਾਲ ਹੀ ਇਹ ਮਿਸ਼ਨ ਫ਼ਤਿਹ ਕੀਤਾ ਜਾ ਸਕਦਾ ਹੈ।
ਇਹ ਪ੍ਰਗਟਾਵਾ ਟ੍ਰੈਫਿਕ ਅੇਜੂਕੇਸ਼ਨ ਸੈੱਲ ਦੇ ਇੰਚਾਰਜ ਏ. ਐਸ. ਆਈ ਗੁਰਬਚਨ ਸਿੰਘ ਸਟੇਟ ਐਵਾਰਡੀ ਨੇ ਅੱਜ ਇਕ ਨਿੱਜੀ ਕੰਪਨੀ, ਜੋ ਕਿ ਖਾਣ-ਪੀਣ ਦੀਆਂ ਵਸਤਾਂ ਘਰ-ਘਰ ਪਹੁੰਚਾਉਣ ਦਾ ਕੰਮ ਕਰਦੀ ਹੈ, ਦੇ ਕਰਮਚਾਰੀਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਜਾਗਰੂਕ ਕਰਦਿਆਂ ਕੀਤਾ।
ਉਨਾਂ ਦੱਸਿਆ ਕਿ ਵਿਸ਼ਵ ਭਰ ਵਿਚ ਫੈਲੀ ਇਸ ਮਹਾਂਮਾਰੀ ਦਾ ਹਾਲੇ ਤੱਕ ਕੋਈ ਇਲਾਜ ਨਹੀਂ ਹੈ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣਾ, ਮਾਸਕ ਪਾਉਣਾ ਅਤੇ ਹੱਥਾਂ ਦੀ ਸਾਫ਼-ਸਫ਼ਾਈ ਵਰਗੀਆਂ ਸਾਵਧਾਨੀਆਂ ਨਾਲ ਹੀ ਇਸ ਤੋਂ ਬਚਿਆ ਜਾ ਸਕਦਾ ਹੈ। ਉਨਾਂ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਲੋਕਾਂ ਦੇ ਘਰਾਂ ਵਿਚ ਖਾਣਾ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਠੀਕ ਤਰੀਕੇ ਨਾਲ ਪਹੰੁਚਾਇਆ ਜਾਵੇ। ਉਨਾਂ ਕਿਹਾ ਕਿ ਹਰੇਕ ਕਰਮਚਾਰੀ ਦੇ ਚਿਹਰੇ ’ਤੇ ਮਾਸਕ ਹੋਣਾ ਜ਼ਰੂਰੀ ਹੈ ਅਤੇ ਉਨਾਂ ਨੂੰ ਸਾਫ਼-ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
ਇਸ ਦੌਰਾਨ ਉਨਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਤੋਂ ਇਲਾਵਾ ਐਮਰਜੈਂਸੀ ਨੰਬਰ 112 ਹੈਲਪ ਲਾਈਨ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਅਮਨਦੀਪ ਸਿੰਘ, ਅੰਤਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਮਨਦੀਪ ਸਿੰਘ, ਰਾਜੀਵ, ਬੇਅੰਤ ਸਿੰਘ, ਸੰਨੀ, ਕਮਲਜੀਤ ਸਿੰਘ, ਅਮਨ, ਜਗਤਾਰ ਸਿੰਘ, ਮਨੀਸ਼ ਅਤੇ ਰਣਜੀਤ ਸਿੰਘ ਆਦਿ ਹਾਜ਼ਰ ਸਨ।