ਅਜ਼ਲ ਤੋਂ ਸਾਥ ਏ ਤੇਰਾ ਮੇਰਾ
ਸ਼ਾਮ ਸੰਗ ਜੋ ਨਿਭੇ ਸਵੇਰਾ
ਮਨ ਦਾ ਖੋਟਾ ਫਿਰ ਵੀ ਕਾਹਤੋਂ
ਪਲਾਂ ਚ ਰੁੱਠੇ ਪਿਆਰ ਭੁਲਾ ਕੇ
ਜਬਰ ਸਹਿ ਲਾਂ ਕੁੱਝ ਹਉਕੇ ਲੈ ਕੇ
ਭੁੱਲ ਜਾਂਦੀ ਹਾਂ ਸਮਾਂ ਮੈਂ ਰੋ ਕੇ
ਕੀ ਖੱਟਿਆ ਦੱਸ ਤੇਰੀ ਹੋ ਕੇ
ਉੱਡ ਪੁੱਡ ਜਾਂਦੇ ਰੰਗ ਮੇਰਾ ਚੋਅ ਕੇ
ਤੈੰ ਖਿਡਾਰੀ ਬਣ ਕੇ ਤਨ ਦਾ
ਫੋਲਿਆਂ ਕਿਉਂ ਨਾ ਪੰਨਾ ਮੰਨ ਦਾ
ਦੱਸਦਾ ਪਰੀ ਸੀ ਜਦ ਵਿਆਹ ਕੇ ਆਈ
ਘਰ ਚ ਤੇਰੇ ਮੈਂ ਬਹਾਰ ਲਿਆਈ
ਪੇਕ ਘਰ ਨਾ ਕਦੇ ਹੋਇਆ ਮੇਰਾ
ਤੂੰ ਵੀ ਦੱਸਦੈੰ ਹੁਣ ਨਾਰ ਪਰਾਈ
ਕਿਹੜਾ ਘਰ ਹੈ ਜ਼ਰਾ ਦੱਸਦੇ ਮੇਰਾ
ਰਿਸ਼ਤਾ ਝੂਠਾ ਕੇ ਸੱਚਾ ਹੈ ਤੇਰਾ
ਤਾਅਨੇ ਮਿਹਣੇ ਜਰ ਨਹੀਂ ਸਕਦੀ
ਛੱਡ ਬੱਚਿਆਂ ਨੂੰ ਮਰ ਨਹੀਂ ਸਕਦੀ
ਇਤਿਹਾਸ ਗਵਾਹ ਹੈ ਮੇਰੇ ਕੰਮ ਦਾ
ਮੁੱਲ ਕੌਡੀ ਨਾ ਪਾਇਆ ਮੇਰੇ ਚੰਮ ਦਾ
ਹੀਰਾ ਪੈਰੀਂ ਰੋਲ ਰਿਹੈਂ ਤੂੰ
ਮਨ ਤੋਂ ਦਸ ਕਦ ਕੋਲ ਰਿਹੈਂ ਤੂੰ
ਪੌਣ ਹਾਂ ਠੰਡੀ ਅੱਗ ਦੀ ਨਾਲ਼ ਹਾਂ ਮੈਂ
ਮਰਦਾਂ ਦੇ ਮੂੰਹ ਦੀ ਇੱਕ ਗਾਲ ਹਾਂ ਮੈਂ
ਸਭਿਅਤਾ ਥੋਥੀ ਦੀ ਢਾਲ ਹਾਂ ਮੈਂ
ਜਾਂ ਜੂਏ ਹਾਰੀ ਚਾਲ ਹਾਂ ਮੈਂ
ਮੈਂ ਤਾਂ ਤਾੜਨ ਦੀ ਅਧਿਕਾਰੀ
ਹਸਤੀ ਮੇਰੀ ਕੁੱਝ ਨਾ ਨਿਆਰੀ
ਨਾਲ ਜੀਹਦੇ ਤੋਰ ਦੇਵੇ ਬਾਬਲ
ਰਜ਼ਾ ਨਾ ਜਾਣੇ ਕੌਣ ਹੈ ਕਾਬਿਲ
ਵਿੱਚ ਬਾਜ਼ਾਰੀ ਮੇਰਾ ਮੁੱਲ ਨੇ ਲਾਉਂਦੇ
ਰੱਜ ਦਾਰੂ ਨਾਲ ਮੈਨੂੰ ਚਰਕਾਉਂਦੇ
ਜਿਸਮਾਂ ਦੇ ਭੁੱਖੇ ਹੈਵਾਨ ਜੱਗ ‘ਤੇ
ਔਰਤ ਤੁਰਦੀ ਸਦਾ ਹੀ ਅੱਗ ਤੇ
ਆਹਾਂ ਮੇਰੀਆਂ ਦਾ ਸੇਕ ਤਾਂ ਵੇਖੋ
ਵੇਦਨਾ ਦਿਲ ਦੀ ਹੇਕ ਤਾਂ ਦੇਖੋ
ਦੇਸ਼ ‘ਚ ਹੁੰਦੇ ਰੇਪ ਤਾਂ ਦੇਖੋ
ਫਾਂਸੀ ਲਾ ਦਿਓ ਭੇਖ ਨਾ ਦੇਖੋ
ਹੋਈ ਬਹੁਤ ਖੱਜਲ ਖੁਆਰ ਮੈਂ
ਤੁਰਦੀ ਫਿਰਦੀ ਵਿੱਚ ਬੁਖ਼ਾਰ ਮੈੰ
ਗਾਲ਼ਾਂ ਅਤੇ ਫਿਟਕਾਰਾਂ ਹੀ ਸ਼ਿੰਗਾਰ ਨੇ
ਅਰਮਾਨ ਮੇਰੇ ਤਾਂ ਬੇਕਾਰ ਨੇ ।
ਦਿਨੇਸ਼ ਨੰਦੀ
9417458831