ਔਰਤ ਦਾ ਦਿਮਾਗ ਘੱਟ ਕਿਉਂ ਹੁੰਦਾ !!

(ਸਮਾਜ ਵੀਕਲੀ)

ਔਰਤ ਮੰਨਦੀ ਹੈ ਕਿ ਉਸਦਾ ਵਜਨ ਮਰਦ ਦੇ ਮੁਕਾਬਲੇ ਘੱਟ ਹੈ ਜਿਸ ਕਰਕੇ ਉਸ ’ਚ ਜਾਨ ਵੀ ਘੱਟ ਹੈ, ਔਰਤ ਇਹ ਵੀ ਮੰਨਦੀ ਹੈ ਕਿ ਉਸ ’ਚ ਮਰਦ ਦੇ ਮੁਕਾਬਲੇ ਖੂਨ ਘੱਟ ਹੈ ਇਸ ਕਰਕੇ ਜਾਨ ਵੀ ਘੱਟ ਹੈ, ਅਤੇ ਔਰਤ ਇਹ ਵੀ ਜਾਣਦੀ ਹੈ ਕਿ ਮਰਦ ਦੇ ਮੁਕਾਬਲੇ ਉਸ ਦੇ ਦਿਮਾਗ ਦਾ ਵਜਨ ਵੀ ਘੱਟ ਹੈ ਜਿਸ ਕਰਕੇ ਉਸਦਾ ਦਿਮਾਗ ਘੱਟ ਹੈ। ਪਰ ਉਹ ਇਹ ਨਹੀਂ ਮੰਨਦੀ !! ਕਿਉਂ ?

ਕਹਿੰਦੇ ਹਨ ਨਰੋਏ ਸਰੀਰ ’ਚ ਹੀ ਨਰੋਏ ਮਨ ਦਾ ਵਿਕਾਸ ਹੁੰਦਾ ਹੈ ਜੋ ਕਿ ਬਿਲਕੁਲ ਗਲਤ ਕਹਾਵਤ ਹੈ। ਨਪੋਲੀਅਨ ਚਾਰ ਫੁੱਟ ਦਾ ਸੀ। ਚਾਰ ਸਾਹਿਬਜਾਦਿਆਂ ’ਚੋਂ ਦੋ ਛੋਟੇ ਸਾਹਿਬਜਾਦੇ ਚਾਰ ਫੁੱਟ ਦੇ ਵੀ ਨਹੀਂ ਸਨ। ਹੋਰ ਕਿੰਨੇ ਹੀ ਇਤਿਹਾਸਕ ਸਬੂਤ ਲਿਖੇ ਜਾ ਸਕਦੇ ਹਨ ਜੋ ਕਿ ਕੋਈ ਲੰਗੜਾ ਸੀ, ਕੋਈ ਕਾਣਾ ਸੀ, ਕੋਈ ਮਧਰਾ ਸੀ, ਕੋਈ ਬਜੁਰਗ ਸੀ!! ਪਰ ਉਹਨਾਂ ਨੇ ਉਹ ਕੁਝ ਕੀਤਾ ਜੋ ਇੱਕ ਹੱਟਾ-ਕੱਟਾ ਮਨੁੱਖ ਨਹੀਂ ਕਰ ਸਕਦਾ।

ਔਰਤ ਬਾਰੇ ਵੀ ਕੁਝ ਅਜਿਹਾ ਹੀ ਹੈ। ਪਰ ਕਿਸੇ ਨੇ ਕਦੇ ਸੋਚਿਆ ਕਿ ਔਰਤ ਘੱਟ ਦਿਮਾਗ ਹੋਣ ਦੇ ਬਾਵਜੂਦ ਵੀ ਮਰਦ ਤੋਂ ਤੇਜ ਕਿਵੇਂ ਹੈ? ਇਸਦਾ ਕਾਰਨ ਮਨੋਵਿਗਿਆਨਕ ਹੈ। ਔਰਤ ਕੋਲ ‘ਅਮਲ’ ਦਾ ਵਰਦਾਨ ਹੈ। ਉਹ ਮਰਦ ਵਾਂਗ ਗਿਆਨ ਦੀਆਂ ਗੱਠੜੀਆਂ ਮਨ ’ਚ ਬੰਨ੍ਹ ਕੇ ਕੁਰਾਰੇ ਨਹੀਂ ਪੈਂਦੀ। ਉਹ ਇੱਕ ਅਨਪੜ੍ਹ, ਸਾਧਾਰਨ ਹੋ ਕੇ ਵੀ ਕਿਸੇ ਫਿਲਾਸਫਰ ਤੋਂ ਤੇਜ ਹੋ ਸਕਦੀ ਹੈ। ਉਹ ਮਰਦ ਵਾਂਗ ਦੇਸ਼ਾਂ ’ਤੇ ਹਮਲਾ ਕਰਨ ਨਹੀਂ ਜਾਂਦੀ, ਨਾ ਹੀ ਉਹ ਮਨੁੱਖਤਾ ਨੂੰ ਮਿੱਧ ਕੇ ਦੁਨੀਆਂ ਜਿੱਤਣ ਦੇ ਖੁਆਬ ਪਾਲ਼ਦੀ ਹੈ। ਜਿਹੜੇ ਕਹਿੰਦੇ ਹਨ ਕਿ ਮਹਾਂਭਾਰਤ ਵਰਗੀਆਂ ਵੱਡੀਆਂ ਲੜਾਈਆਂ ਔਰਤ ਦੇ ਪੈਰੋਂ ਹੋਈਆਂ ਹਨ ਉਹਨਾਂ ਵਿਚਾਰਿਆਂ ਨੇ ਕੁਝ ਤਾਂ ਕਹਿਣਾ ਹੀ ਸੀ ਕਿਉਂਕਿ ਉਹ ਖ਼ੁਦ ਔਰਤ ਜਿੰਨਾ ਬਾਰੀਕ ਸੋਚਣ ਤੇ ਹੰਢਾਉਣ ਤੋਂ ਅਸਮਰੱਥ ਹਨ।

ਵਿਗਿਆਨ ਮੰਨਦਾ ਹੈ ਕਿ ਇੱਕ ਸਾਧਾਰਨ ਮਨੁੱਖ ਨੂੰ ਇੱਕ ਦਿਨ ਵਿੱਚ ਸੱਤਰ ਹਜਾਰ ਵਿਚਾਰ ਆਉਂਦੇ ਹਨ ਪਰ ਦੂਜੇ ਪਾਸੇ ਵਿਗਿਆਨ ਕਹਿੰਦਾ ਹੈ ਕਿ ਮਨੁੱਖ ਆਪਣੇ ਦਿਮਾਗ ਦਾ ਦੋ ਪ੍ਰਤੀਸ਼ਤ ਹਿੱਸਾ ਹੀ ਵਰਤਦਾ ਹੈ ਬਾਕੀ ਅਠੱਨਵੇਂ ਪ੍ਰਤੀਸ਼ਤ ਐਵੀਂ ਲੈ ਕੇ ਮਰ ਜਾਂਦਾ ਹੈ। ਇਹ ਦੋਵੇਂ ਗੱਲਾਂ ਆਪਸ ਵਿੱਚ ਵਿਰੋਧੀ ਹਨ। ਜਿਹੜੇ ਦਿਮਾਗ ’ਚ ਰੋਜ੍ਹ ਸੱਤਰ ਹਜਾਰ ਵਿਚਾਰ ਆਉਂਦੇ ਹੋਣ ਉਹ ਇੱਕ ਹਫਤੇ, ਮਹੀਨੇ, ਸਾਲ ਅਤੇ ਤਾਂ-ਉਮਰ ਤੱਕ ਅਣਗਿਣਤ ਵਿਚਾਰ ਲੈਂਦਾ ਹੈ ਫਿਰ ਇਹ ਦਿਮਾਗ ਦਾ ਦੋ ਪ੍ਰਤੀਸ਼ਤ ਹਿੱਸਾ ਕਿਵੇਂ ਹੋਇਆ ? ਪਰ ਵਿਗਿਆਨ ਇੱਥੇ ਉਹਨਾਂ ਵਿਚਾਰਾਂ ਦੇ ਲੈਣ ਨੂੰ ਦਿਮਾਗ ਵਰਤਣਾ ਨਹੀਂ ਕਹਿੰਦਾ ਜੋ ਅਸੀਂ ਅਮਲ ’ਚ ਨਹੀਂ ਲਿਆਉਂਦੇ। ਵਿਗਿਆਨ ਸਿਰਫ ਉਸ ਵਰਤਣ ਨੂੰ ਹੀ ਵਰਤਣਾ ਕਹਿੰਦਾ ਹੈ ਜੋ ਅਸੀਂ ਅਮਲ ’ਚ ਲਿਆਉਂਦੇ ਹਾਂ। ਮਨੁੱਖ ਕੋਲ ਗਿਆਨ ਬਹੁਤ ਹੈ ਪਰ ਅਮਲ ਦੋ ਪ੍ਰਤੀਸ਼ਤ ਹੀ ਹੈ।

ਔਰਤ ਦੀ ਗਿੱਚੀ ਪਿੱਛੇ ਮੱਤ ਦਾ ਯਥਾਰਥਕ ਕਾਰਨ ਇਹ ਹੈ ਕਿ ਦਿਮਾਗ ਦੇ ਤਿੰਨ ਹਿੱਸੇ ਹੁੰਦੇ ਹਨ। ਪਹਿਲਾ ਹਿੱਸਾ ਦੋਵੇਂ ਕੰਨਾਂ ਦੇ ਉੱਪਰ। ਦੂਜਾ ਹਿੱਸਾ ਖੋਪੜੀ ਦੇ ਥੱਲੇ ਹੁੰਦਾ ਹੈ। ਤੀਜਾ ਹਿੱਸਾ ਪਿੱਛੇ ਗਰਦਨ ਤੋਂ ਉੱਪਰ। ਜਿਹੜਾ ਹਿੱਸਾ ਗਰਦਨ ਤੋਂ ਉੱਪਰ ਹੁੰਦਾ ਹੈ ਉਸਨੂੰ ਇੰਗਲਿਸ਼ ਵਿੱਚ Hind Part of Brain ਕਿਹਾ ਜਾਂਦਾ ਹੈ। Hind Part ਦਾ ਅੱਗੇ ਇੱਕ ਹਿੱਸਾ Cerebellum Part ਹੁੰਦਾ ਹੈ ਜਿਸਨੂੰ Little Brain ਜਾਂ ਛੋਟਾ ਦਿਮਾਗ ਵੀ ਕਹਿੰਦੇ ਹਨ। ਜਿਸਨੂੰ Tree of Life (ਜ਼ਿੰਦਗੀ ਦਾ ਰੁੱਖ) ਵੀ ਕਹਿੰਦੇ ਹਨ ਜਿਸਦੇ ਹਵਾਲੇ ਨਾਲ ਪ੍ਰੋ. ਮੋਹਨ ਸਿੰਘ ਨੇ ’ਮਾਂ’ ਸ਼ਬਦ ਵਿਚਦੀ ਪੂਰੀ ਇਸਤਰੀ ਜਾਤੀ ਨੂੰ ‘ਘਣਛਾਂਵਾਂ ਬੂਟਾ’ ਕਿਹਾ ਹੈ ਕਿਉਂਕਿ ਔਰਤ ਜਿਆਦਾਤਰ ਦਿਮਾਗ ਦੇ ਇਸੇ ਹਿੱਸੇ ਦੀ ਪ੍ਰਯੋਗ ਕਰਦੀ ਹੈ।

ਔਰਤ ਨਿੱਕੀ-ਨਿੱਕੀ ਗੱਲ ਨੂੰ ਗੰਭੀਰ ਵੀ ਇਸੇ ਕਰਕੇ ਲੈਂਦੀ ਹੈ ਕਿਉਂਕਿ ਉਸ ਕੋਲ ਮਹਿਸੂਸਤਾ ਅਤੇ ਅਮਲ ਗਹਿਰਾ ਹੈ। ਪਤੀ-ਪਤਨੀ ਦੇ ਰਿਸ਼ਤੇ ’ਚ ਪੰਜਾਹ ਪ੍ਰਤੀਸ਼ਤ ਤਾਲਾਕ ਦਾ ਕਾਰਨ ਇਹੀ ਹੈ ਕਿ ਅੱਧੇ ਮਰਦ, ਔਰਤ ਦੀ ਉਸ ਗਹਿਰਾਈ ਦੇ ਨੇੜੇ-ਤੇੜੇ ਵੀ ਨਹੀਂ ਜਾ ਸਕਦੇ। ਮਰਦ ਲਈ ਕੁਝ ਵੱਡਾ ਹੋਣਾ ਹੀ ਵੱਡਾ ਹੈ, ਉਸ ਲਈ ਕਿਸੇ ਪੰਛੀ ਦੇ ਪੈਰ ’ਤੇ ਲੱਗੀ ਸੱਟ ਕੁਝ ਵੀ ਨਹੀਂ, ਉਸ ਲਈ ਸਿਰਫ ਦੋ ਦੇਸ਼ਾਂ ਦੀ ਜੰਗ ਹੀ ਗੰਭੀਰਤਾ ਦਾ ਵਿਸ਼ਾ ਹੈ।

ਦਿਮਾਗ ਉਸਦਾ ਘੱਟ ਨਹੀਂ ਜੋ ਘੱਟ ਵਿਚਾਰਵਾਨ ਹੈ, ਬੁੱਧੀ ਉਸਦੀ ਘੱਟ ਹੈ ਜੋ ਗਿਆਨ ਨੂੰ ਅਮਲ ’ਚ ਨਹੀਂ ਲਿਆਉਂਦਾ। ਔਰਤ ਹਰ ਪਲ ਆਪਣੇ ਅਸਤਿੱਤਵ ਨਾਲ ਜੁੜਿਆ ਮਹਿਸੂਸ ਕਰਦੀ ਹੈ ਜੋ ਕਿ ਸੰਕੇਤ ਹੈ ਕਿ ‘ਅਮਲ’ ਕਰਨ ਲਈ ਖ਼ੁਦ ਨਾਲ ਜੁੜਨਾ ਜ਼ਰੂਰੀ ਹੈ ਨਾ ਕਿ ਫਲਸਫੇ ਨਾਲ। ਔਰਤ ਛੋਟੀ ਨਹੀਂ, ਬਾਰੀਕ ਹੈ।

ਨਿਆਜ਼

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਪਣੇ ਰਸਤੇ
Next articleਕਵਿਤਾ