ਔਰਤ ਤੇ ਉਸ ਦੀਆਂ ਸਮੱਸਿਆਵਾਂ (ਕੀ ਜ਼ਿਆਦਾ ਪੜ੍ਹਾਈ ਵੀ ਕੋਈ ਸਮੱਸਿਆਵਾਂ ਹੈ?)

(ਸਮਾਜ ਵੀਕਲੀ)

ਅੰਤਰਰਾਸ਼ਟਰੀ ਮਹਿਲਾ ਦਿਵਸ ਜਿਸ ਨੂੰ ਸ਼ੁਰੂ ਵਿੱਚ “International Working Women’s Day” ਕਿਹਾ ਜਾਂਦਾ ਸੀ, ਇਹ ਹਰ ਸਾਲ 8 ਮਾਰਚ ਨੂੰ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ। ਵਿਸ਼ਵ ਦੇ ਵੱਖ-ਵੱਖ ਖੇਤਰਾਂ ਵਿੱਚ ਔਰਤਾਂ ਪ੍ਰਤੀ ਸਨਮਾਨ, ਪ੍ਰਸੰਸਾ ਅਤੇ ਪਿਆਰ – ਸਨਮਾਨ ਪ੍ਰਗਟਾਉਂਦੇ ਹੋਏ ਇਹ ਦਿਨ ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ।

ਔਰਤ ਕੁਦਰਤ ਦੀ ਓਹ ਸੌਗਾਤ ਹੈ , ਜੋ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਤੋਂ ਬਾਅਦ ਇਸ ਸੰਸਾਰ ਦੀ ਵੇਲ ਵਧਾਉਣ ਲਈ ਬਣਾਈ ਹੈ। ਪ੍ਰਮਾਤਮਾ ਸੰਸਾਰ ਨੂੰ ਰਿਜ਼ਕ ਦਿੰਦਾ ਹੈ ਅਤੇ ਔਰਤ ਇਸ ਰਿਜ਼ਕ ਨਾਲ ਆਪਣੇ ਪਰਿਵਾਰ ਦਾ ਢਿੱਡ ਭਰਦੀ ਹੈ।ਔਰਤ ਸਾਡੇ ਸਮਾਜ ਦਾ ਉਹ ਕਿਰਦਾਰ ਹੈ ਜੋ ਇਤਿਹਾਸ ਤੋਂ ਲੈ ਕੇ ਹੁਣ ਤਕ ਆਪਣੀ ਹੋਂਦ ਅਤੇ ਪਛਾਣ ਲਈ ਲੜਦੀ ਆਈ ਹੈ। ਹਰ ਦੌਰ ਵਿੱਚ ਹੀ ਇਸ ਕਿਰਦਾਰ ਨੂੰ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ ਹੈ।

ਰੱਬ ਦੀ ਕਲਾ ਦਾ ਬਿਹਤਰੀਨ ਨਮੂਨਾ, ਸੁੰਦਰਤਾ ਤੇ ਮਮਤਾ ਦੀ ਮੂਰਤ, ਹਰ ਰਿਸ਼ਤੇ ਦਾ ਆਧਾਰ, ਜ਼ਿੰਦਗੀ ਰੂਪੀ ਬਗ਼ੀਚੇ ਦਾ ਉਹ ਫੁੱਲ ਜਿਸ ਦੇ ਬਿਨਾਂ ਬਾਗ਼ ਹੀ ਅਧੂਰਾ ਹੈ, ਉਹ ਹੈ ਔਰਤ। ਗੁਰੂਆਂ, ਪੀਰਾਂ ਤੇ ਯੋਧਿਆਂ ਨੂੰ ਜਨਮ ਦੇਣ ਵਾਲੀ ਔਰਤ ਨੇ ਖ਼ੁਦ ਵੀ ਝਾਂਸੀ ਦੀ ਰਾਣੀ ਬਣ ਕੇ ਅਤਿਆਚਾਰਾਂ ਦੇ ਖ਼ਿਲਾਫ਼ ਸੰਘਰਸ਼ ਕੀਤਾ ਹੈ। ਪਰ ਮਮਤਾ ਦੀ ਮੂਰਤ, ਰੱਬ ਦਾ ਦੂਜਾ ਨਾਂ ਕਹੀ ਜਾਣ ਵਾਲੀ ਔਰਤ ਨੂੰ ਪੈਰ ਦੀ ਜੁੱਤੀ ਵੀ ਸਮਝਿਆ ਜਾਂਦਾ ਹੈ।

ਅਜੋਕੇ ਯੁੱਗ ਵਿਚ ਔਰਤਾਂ ਨੂੰ ਸਮਾਜ ਵਿਚ ਪਹਿਲਾਂ ਨਾਲੋਂ ਕੁਝ ਢੁਕਵਾਂ ਸਥਾਨ ਤਾਂ ਮਿਲ ਗਿਆ ਹੈ ਪ੍ਰੰਤੂ ਇਸ ਦੇ ਬਾਵਜੂਦ ਵੱਖ-ਵੱਖ ਤਰ੍ਹਾਂ ਦਾ ਵਿਤਕਰਾ ਜਾਰੀ ਹੈ। ਸਾਡੇ ਸਮਾਜ ਵਿਚ ਲੜਕੀ ਦੇ ਜਨਮ ਨੂੰ ਕੁਝ ਲੋਕ ਅਸ਼ੁੱਭ ਮੰਨਦੇ ਹਨ, ਕਈ ਤਾਂ ਕੰਨਿਆ ਨੂੰ ਜਨਮ ਤੋਂ ਪਹਿਲਾਂ ਹੀ ਕੁੱਖ ਵਿਚ ਮਰਵਾ ਦਿੰਦੇ ਹਨ। ਇਸ ਪਿੱਛੇ ਕਈ ਕਾਰਨ ਹਨ ਜਿਵੇਂ ਲੜਕੀਆਂ ਦੇ ਵਿਆਹ ‘ਤੇ ਕਾਫੀ ਖਰਚ ਹੋਣਾ। ਇਹ ਖਰਚ ਇੱਕ ਆਮ ਆਦਮੀ ਦੇ ਵੱਸ ਤੋਂ ਬਾਹਰ ਹੈ। ਮਾਪਿਆਂ ਨੂੰ ਲੜਕੀਆਂ ਲਈ ਯੋਗ ਵਰ ਲੱਭਣ ਵਿਚ ਵੀ ਕਠਿਨਾਈ ਆਉਂਦੀ ਹੈ। ਜੋ ਮਾਪੇ ਆਪਣੀ ਲੜਕੀਆਂ ਦੇ ਵਿਆਹ ਨਾ ਕਰਨ ਯੋਗ ਹੁੰਦੇ ਹਨ, ਉਨ੍ਹਾਂ ਨੂੰ ਸਮਾਜ ਵਿਚ ਬੁਰਾ ਸਮਝਿਆ ਜਾਂਦਾ ਹੈ।

ਅੱਜ-ਕੱਲ੍ਹ ਤਾਂ ਸਾਡੇ ਇਸ ਸਮਾਜ ਵਿਚ ਪੜ੍ਹੀ ਲਿਖੀ ਔਰਤ ਦਾ ਵੀ ਸ਼ੋਸ਼ਣ ਹੋ ਰਿਹਾ ਹੈ। ਕੲੀ ਵਾਰ ਉਸਦੇ ਰਿਸ਼ਤੇ ਨੂੰ ਇਸ ਲਈ ਵੀ ਠੁਕਰਾਇਆ ਜਾਂਦਾ ਹੈ ਕਿ ਉਹ ਜ਼ਿਆਦਾ ਪੜੀ ਲਿਖੀ ਹੈ। ਵਕਤ ਬਦਲਿਆ, ਸੋਚ ਬਦਲੀ। ਪਰ ਇਸਦੇ ਨਾਲ ਵੀ ਔਰਤ ਨੂੰ ਕੲੀ ਗੱਲਾਂ ਦਾ ਸਾਹਮਣਾ ਕਰਨਾ ਪਿਆ ਹੈ। ਪੁਰਾਣੇ ਸਮਿਆਂ ਵਿੱਚ ਔਰਤ ਲੲੀ ਸਮੱਸਿਆਵਾਂ ਹੋਰ ਤਰ੍ਹਾਂ ਦੀਆਂ ਸਨ ਅਤੇ ਅੱਜ ਹੋਰ ਤਰ੍ਹਾਂ ਦੀਆਂ ਹਨ ਸਿਰਫ਼ ਸਮੱਸਿਆਵਾਂ ਦਾ ਰੂਪ ਬਦਲਿਆ। ਸਮੱਸਿਆਵਾਂ ਅੱਜ ਵੀ ਜਿਓਂ ਦੀਆਂ ਤਿਓਂ ਹੀ ਹਨ।

ਅੱਜ ਵੀ ਔਰਤ ਕੲੀ ਮੁਸ਼ਕਿਲਾਂ ਦਾ ਸ਼ਿਕਾਰ ਹੁੰਦੀਆਂ ਹਨ ਜਿਵੇਂ ਬਲਾਤਕਾਰ, ਦਾਜ, ਛੋਟੀ ਉਮਰ ਵਿਚ ਆਈਲੈਟਸ ਕਰਨ ਤੋਂ ਬਾਅਦ ਵਿਆਹ, ਐਸਿਡ ਅਟੈਕ ਆਦਿ ਹੋਰ ਕਈ। ਇਨ੍ਹਾਂ ਸਭ ਨਾਲ ਨਜਿੱਠਣ ਲਈ ਔਰਤ ਅੱਜ ਤਾਈਂ ਸੰਘਰਸ਼ ਕਰਦੀ ਆਈ ਹੈ। ਇਸ ਲਈ ਇਕੱਲੀ ਔਰਤ ਹੀ ਨਹੀਂ ਸਭ ਨੂੰ ਹੰਭਲਾ ਮਾਰਨ ਦੀ ਲੋੜ ਹੈ। ਔਰਤ ਨੂੰ ਵੀ ਆਪਣੀ ਗੱਲ ਕਹਿਣ ਦਾ ਪੂਰਨ ਅਧਿਕਾਰ ਚਾਹੀਦਾ ਹੈ। ਅੱਜ ਵੀ ਕਈ ਥਾਈਂ ਇਹ ਦੇਖਿਆ ਜਾਂਦਾ ਹੈ ਕਿ ਜੇ ਔਰਤ ਆਪਣੀ ਗੱਲ ਰੱਖੇ ਤਾਂ ਇਹ ਜ਼ਿਆਦਾ ਬੋਲਦੀ ਹੈ ਜੇ ਨਾਂ ਬੋਲੇ ਤਾਂ ਕਹਿਣਗੇ ਕਿਤੇ ਗੂੰਗੀ ਤਾਂ ਨਹੀਂ।

ਇਹ ਦਿਨ ਵੀ ਮਨਾਉਣੇ ਚਾਹੀਦੇ ਹਨ ਜਾਗਰੂਕਤਾ ਦੇ ਲਈ ਪਰ ਇਨ੍ਹਾਂ ਦੇ ਨਾਲ ਨਾਲ ਔਰਤ ਨੂੰ ਇੱਜ਼ਤ, ਪਿਆਰ ਅਤੇ ਸਤਿਕਾਰ ਦੀ ਲੋੜ ਵੀ ਹੁੰਦੀ ਹੈ। ਔਰਤ ਜਿਸ ਵੀ ਰੂਪ ਵਿੱਚ ਹੈ ਭਾਵੇਂ ਉਹ ਧੀ, ਭੈਣ, ਪਤਨੀ ਜਾਂ ਮਾਂ ਸਾਰੇ ਰਿਸ਼ਤਿਆਂ ਵਿਚ ਬਣਦਾ ਮਾਣ ਸਤਿਕਾਰ ਦੇਣਾ ਚਾਹੀਦਾ ਹੈ। ਜੇ ਕਿਤੇ ਕਿਸੇ ਔਰਤ ਨਾਲ ਗਲਤ ਹੋ ਰਿਹਾ ਹੈ ਤਾਂ ਉੱਥੇ ਉਸ ਔਰਤ ਦਾ ਸਾਥ ਦੇ ਕੇ ਉਸਦੀ ਆਵਾਜ਼ ਨੂੰ ਬੁਲੰਦ ਕਰਨਾ ਚਾਹੀਦਾ ਹੈ। ਔਰਤ ਨੂੰ ਵੀ ਚਾਹੀਦਾ ਹੈ ਕਿ ਗਲਤ ਸਹੇ ਨਾਂ ਸਗੋਂ ਟੱਕਰ ਦੀ ਹੋ ਕੇ ਉਸਦਾ ਟਾਕਰਾ ਕਰੇ। ਅੱਜ ਵੀ ਕਈ ਔਰਤਾਂ ਕੁੱਟ ਮਾਰ ਦੀਆਂ ਸ਼ਿਕਾਰ ਹੁੰਦੀਆਂ ਹਨ ਜੇ ਕੋਈ ਉਨ੍ਹਾਂ ਦਾ ਸਾਥ ਦਿੰਦਾ ਹੈ ਤੇ ਪੁੱਛਦਾ ਹੈ ਕਿ ਕਿਉਂ ਇਹ ਵਤੀਰਾ ਹੋ ਰਿਹਾ ਸੀ ਤਾਂ ਉੱਥੇ ਕਹਿਣਗੀਆਂ ਕਿ ਇਹ ਸਾਡਾ ਘਰੇਲੂ ਮਸਲਾ ਹੈ ਜਾਂ ਕਹਿਣਗੀਆਂ ਕਿ ਕੁਝ ਹੋਇਆ ਹੀ ਨਹੀਂ ਭਾਵੇਂ। ਸੋ ਜ਼ਰੂਰਤ ਹੈ ਸਾਨੂੰ ਸਭ ਨੂੰ ਜਾਗਣ ਦੀ।

ਅਰਸ਼ਪ੍ਰੀਤ ਕੌਰ ਸਰੋਆ
ਜਲਾਲਾਬਾਦ ਪੂਰਬੀ
ਮੋਗਾ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਵਣ ਮਰਿਆ ਨਹੀਂ
Next articlePunjab DG sets up SIT to unravel conspiracy of gangster’s escape