ਔਰਤਾਂ ਮਾਸਕ ਬਣਾ ਕੇ ਪਰਿਵਾਰ ਦੀ ਕਰ ਰਹੀਆਂ ਨੇ ਮਦਦ

ਨਵੀਂ ਦਿੱਲੀ  (ਸਮਾਜਵੀਕਲੀ)  – ਹਜ਼ਾਰਾਂ ਲੋਕਾਂ ਨੂੰ ਕਰੋਨਾਵਾਇਰਸ ਮਹਾਮਾਰੀ ਤੋਂ ਬਚਾਉਣ ਲਈ ਅੱਲੇਪੀ ਵਿੱਚ ਮਾਲਾ, ਸੀਤਾਮੜ੍ਹੀ ’ਚ ਰਸ਼ਮੀ ਅਤੇ ਦਾਮੋਹ ਵਿਚ ਸਰਿਤਾ ਇਨ੍ਹਾਂ ਦਿਨੀਂ ਮਾਸਕ ਬਣਾਉਣ ਵਿੱਚ ਰੁੱਝੀਆਂ ਹੋਈਆਂ ਹਨ। ਇਕ ਪਾਸੇ ਜਿੱਥੇ ਉਹ ਇਹ ਮਾਸਕ ਬਣਾ ਕੇ ਵੱਡੀ ਗਿਣਤੀ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਉਣ ਵਿੱਚ ਸਹਿਯੋਗ ਕਰ ਰਹੀਆਂ ਹਨ ਉੱਥੇ ਹੀ ਦੂਜੇ ਪਾਸੇ ਲੌਕਡਾਊਨ ਦੌਰਾਨ ਆਪੋ-ਆਪਣੇ ਪਰਿਵਾਰਾਂ ਦੀ ਆਰਥਿਕ ਤੌਰ ’ਤੇ ਮਦਦ ਵੀ ਕਰ ਰਹੀਆਂ ਹਨ।

ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਮਾਹਿਰਾਂ ਦੀ ਸਲਾਹ ’ਤੇ ਸਰਕਾਰ ਵੱਲੋਂ ਕੀਤੀ ਗਈ ਹਦਾਇਤ ਅਨੁਸਾਰ ਮਾਸਕਾਂ ਦੀ ਉਪਲੱਬਧਤਾ ਯਕੀਨੀ ਬਣਾਉਣ ਲਈ ਵੱਖ-ਵੱਖ ਸਵੈ-ਸੇਵੀ ਗਰੁੱਪਾਂ, ਗੈਰ-ਸਰਕਾਰੀ ਸੰਸਥਾਵਾਂ ਤੇ ਸਥਾਨਕ ਪ੍ਰਸ਼ਾਸਨ ਨੇ ਹੱਥ ਮਿਲਾ ਲਏ ਹਨ। ਉਨ੍ਹਾਂ ਦਾ ਇਹ ਕਦਮ ਨਾ ਸਿਰਫ਼ ਹੋਰਾਂ ਨੂੰ ਬਚਾਉਣ ਵਿੱਚ ਸਹਾਈ ਸਿੱਧ ਹੋ ਰਿਹਾ ਹੈ ਬਲਕਿ ਲੌਕਡਾਊਨ ਦੌਰਾਨ ਜਦੋਂ ਕੰਮਕਾਜ ਠੱਪ ਪਏ ਹਨ, ਦੌਰਾਨ ਕਈ ਪਰਿਵਾਰਾਂ ਦੀ ਰੋਜ਼ੀ-ਰੋਟੀ ਦਾ ਸਾਧਨ ਵੀ ਬਣ ਗਿਆ ਹੈ।

ਕੇਰਲਾ ਵਿੱਚ 300 ਔਰਤਾਂ ਵਾਲੀ ਇਕ ਲਘੂ ਉਦਯੋਗ ਇਕਾਈ ਵੱਲੋਂ ਕੱਪੜੇ ਦੇ 14.50 ਲੱਖ ਤੋਂ ਵੱਧ ਮਾਸਕ ਬਣਾਏ ਜਾ ਚੁੱਕੇ ਹਨ। ਇਹ ਜਾਣਕਾਰੀ ਵੀਯਾਪੁਰਮ ਦੀ ਗ੍ਰਾਮ ਪੰਚਾਇਤ ਦੇ ਇਕ ਨੁਮਾਇੰਦੇ ਨੇ ਦਿੱਤੀ। ਇਨ੍ਹਾਂ ਮਾਸਕਾਂ ਦੀ ਕੀਮਤ 10 ਤੋਂ 15 ਰੁਪਏ ਵਿਚਾਲੇ ਹੈ ਜੋ ਮਾਸਕ ਦੀ ਲੇਅਰ ’ਤੇ ਨਿਰਭਰ ਕਰਦੀ ਹੈ। ਇਸ ਤਰ੍ਹਾਂ ਇਸ ਲਘੂ ਉਦਯੋਗ ਇਕਾਈ ਨੇ ਮਾਸਕਾਂ ਦੀ ਮੰਗ ਪੂਰੀ ਕਰਦੇ ਹੋਏ ਕਰੀਬ 2 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਇਹ ਮਾਸਕ ਸਰਕਾਰੀ ਵਿਭਾਗਾਂ ਤੇ ਜ਼ਰੂਰੀ ਸੇਵਾਵਾਂ ਦੇਣ ਵਾਲਿਆਂ ਵੱਲੋਂ ਖ਼ਰੀਦੇ ਜਾਂਦੇ ਹਨ।

ਇਸ ਉਪਰਾਲੇ ਤਹਿਤ ਮਾਸਕ ਬਣਾ ਕੇ ਮਾਲਾ ਹੁਣ ਤੱਕ ਅੱਠ ਹਜ਼ਾਰ ਰੁਪਏ ਕਮਾ ਚੁੱਕੀ ਹੈ। ਉਸ ਨੇ ਦੱਸਿਆ ਕਿ ਉਹ ਹਰ ਰੋਜ਼ 200 ਮਾਸਕ ਬਣਾ ਲੈਂਦੀ ਹੈ। ਉਸ ਨੇ ਕਿਹਾ ਕਿ ਮਾਸਕ ਦੀ ਵਿਕਰੀ ਉਨ੍ਹਾਂ ਲਈ ਲੌਕਡਾਊਨ ਦੌਰਾਨ ਰੋਜ਼ੀ-ਰੋਟੀ ਦਾ ਸਾਧਨ ਬਣ ਗਈ ਹੈ।
ਅਸਾਮ ਦੇ ਡਿਬਰੂਗੜ੍ਹ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀ ਬੇਨਤੀ ’ਤੇ ਗੈਰ ਸਰਕਾਰੀ ਸੰਸਥਾ ‘ਸੇਵਾ’ ਵੱਲੋਂ ਮਾਸਕ ਬਣਾਏ ਜਾ ਰਹੇ ਹਨ।

ਮੱਧ ਪ੍ਰਦੇਸ਼ ਦੇ ਦਾਮੋਹ ’ਚ 156 ਔਰਤਾਂ ਮਾਸਕ ਬਣਾਉਣ ਦੇ ਕੰਮ ਵਿੱਚ ਲੱਗੀਆਂ ਹੋਈਆਂ ਹਨ। ਬਿਹਾਰ ਦੇ ਸੀਤਾਮੜ੍ਹੀ ਵਿੱਚ ਔਰਤਾਂ ਸਰਕਾਰ ਦੇ ਸਹਿਯੋਗ ਨਾਲ ਮਾਸਕ ਬਣਾ ਕੇ ਸਿਹਤ ਕੇਂਦਰਾਂ ਨੂੰ ਸਪਲਾਈ ਕਰ ਰਹੀਆਂ ਹਨ। ਇੱਥੇ ਕੰਮ ਕਰਨ ਵਾਲੀ ਰਸ਼ਮੀ ਨੇ ਕਿਹਾ ਕਿ ਉਹ ਇਕ ਮਾਸਕ 20 ਰੁਪਏ ਵਿੱਚ ਵੇਚ ਰਹੀਆਂ ਹਨ। ਚੰਪਾਰਨ ਤੇ ਗਯਾ ਜ਼ਿਲ੍ਹਿਆਂ ਵਿੱਚ ਵੀ ‘ਸੇਵ ਦਿ ਚਿਲਡਰਨ’ ਵੱਲੋਂ ਮਾਸਕ ਬਣਾਏ ਜਾ ਰਹੇ ਹਨ।

Previous articleਰਾਜਮਾਰਗਾਂ ਦੀ ਉਸਾਰੀ ਜੰਗੀ ਪੱਧਰ ’ਤੇ ਸ਼ੁਰੂ ਕਰਨ ਦਾ ਮੌਕਾ: ਗਡਕਰੀ
Next articleਮਾਇਆਵਤੀ ਵੱਲੋਂ ਅੰਬੇਡਕਰ ਦਾ ਜਨਮ ਦਿਨ ਘਰਾਂ ਅੰਦਰ ਰਹਿ ਕੇ ਮਨਾਉਣ ਦੀ ਅਪੀਲ