ਨਵੀਂ ਦਿੱਲੀ (ਸਮਾਜ ਵੀਕਲੀ): ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ‘ਓਵਰ ਦਿ ਟੌਪ’ (ਓਟੀਟੀ) ਪਲੇਟਫਾਰਮ ’ਤੇ ਕਈ ਵਾਰ ਕਿਸੇ ਨਾ ਕਿਸੇ ਤਰ੍ਹਾਂ ਦੀ ਅਸ਼ਲੀਲ ਸਮੱਗਰੀ ਦਿਖਾਈ ਜਾਂਦੀ ਹੈ ਅਤੇ ਅਜਿਹੇ ਪ੍ਰੋਗਰਾਮਾਂ ’ਤੇ ਨਜ਼ਰ ਰੱਖਣ ਲਈ ਇੱਕ ਪ੍ਰਬੰਧ ਦੀ ਲੋੜ ਹੈ। ਜਸਟਿਸ ਅਸ਼ੋਕ ਭੂਸ਼ਨ ਅਤੇ ਜਸਟਿਸ ਆਰ ਸੁਭਾਸ਼ ਰੈੱਡੀ ਦੇ ਬੈਂਚ ਨੇ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਕਿਹਾ ਕਿ ਉਹ ਸੋਸ਼ਲ ਮੀਡੀਆ ਦੇ ਨਿਯਮਾਂ ਸਬੰਧੀ ਸਰਕਾਰ ਦੇ ਤਾਜ਼ਾ ਦਿਸ਼ਾ ਨਿਰਦੇਸ਼ ਬਾਰੇ 5 ਮਾਰਚ ਨੂੰ ਜਾਣਕਾਰੀ ਦੇਣ।
ਇਸੇ ਦਿਨ ਅਮੇਜ਼ੋਨ ਪ੍ਰਾਈਮ ਦੀ ਮੁਖੀ ਅਪਰਨਾ ਪੁਰੋਹਿਤ ਦੀ ਅਗਾਊਂ ਜ਼ਮਾਨਤ ਲਈ ਅਪੀਲ ’ਤੇ ਵੀ ਸੁਣਵਾਈ ਹੋਵੇਗੀ। ਪੁਰੋਹਿਤ ਨੇ ਆਪਣੀ ਅਪੀਲ ’ਚ ਅਲਾਹਾਬਾਦ ਹਾਈ ਕੋਰਟ ਦੇ 25 ਫਰਵਰੀ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ ਜਿਸ ’ਚ ਵੈੱਬ ਲੜੀ ‘ਤਾਂਡਵ’ ਨੂੰ ਲੈ ਕੇ ਦਰਜ ਕੇਸ ਦੇ ਸਿਲਸਿਲੇ ’ਚ ਉਸ ਵੱਲੋਂ ਕੀਤੀ ਗਈ ਅਗਾਊਂ ਜ਼ਮਾਨਤ ਦੀ ਅਪੀਲ ਰੱਦ ਕਰ ਦਿੱਤੀ ਗਈ ਸੀ। ਬੈਂਚ ਨੇ ਕਿਹਾ, ‘ਸੰਤੁਲਨ ਕਾਇਮ ਕਰਨ ਦੀ ਲੋੜ ਹੈ ਕਿਉਂਕਿ ਕੁਝ ਓਟੀਟੀ ਪਲੇਟਫਾਰਮਾਂ ’ਤੇ ਅਸ਼ਲੀਲ ਸਮੱਗਰੀ ਵੀ ਦਿਖਾਈ ਜਾ ਰਹੀ ਹੈ।’
ਪੁਰੋਹਿਤ ਵੱਲੋਂ ਪੇਸ਼ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਆਪਣੀ ਮੁਵੱਕਿਲ ਖ਼ਿਲਾਫ਼ ਮਾਮਲੇ ਨੂੰ ਹੈਰਾਨ ਕਰਨ ਵਾਲਾ ਦੱਸਿਆ ਅਤੇ ਕਿਹਾ ਕਿ ਉਹ ਤਾਂ ਅਮੇਜ਼ੋਨ ਦੀ ਇੱਕ ਮੁਲਾਜ਼ਮ ਹੈ, ਨਾ ਹੀ ਨਿਰਮਾਤਾ ਤੇ ਨਾ ਹੀ ਕਲਾਕਾਰ ਪਰ ਫਿਰ ਵੀ ਉਸ ਨੂੰ ਦੇਸ਼ ਭਰ ’ਚ ਵੈੱਬ ਲੜੀ ‘ਤਾਂਡਵ’ ਨਾਲ ਜੁੜੇ ਕਰੀਬ ਦਸ ਕੇਸਾਂ ’ਚ ਦੋਸ਼ੀ ਬਣਾ ਦਿੱਤਾ ਗਿਆ ਹੈ। ਤਾਂਡਵ ਨੌਂ ਐਪੀਸੋਡ ਵਾਲੀ ਇੱਕ ਸਿਆਸੀ ਵੈੱਬ ਲੜੀ ਹੈ ਜਿਸ ’ਚ ਸੈਫ ਅਲੀ ਖਾਨ, ਡਿੰਪਲ ਕਪਾੜੀਆ ਅਤੇ ਮੁਹੰਮਦ ਜੀਸ਼ਾਨ ਅਯੂਬ ਨੇ ਅਦਾਕਾਰੀ ਕੀਤੀ ਹੈ।
ਇਸ ਤੋਂ ਪਹਿਲਾਂ ਸਿਖਰਲੀ ਅਦਾਲਤ ਵੱਲੋਂ 27 ਜਨਵਰੀ ਨੂੰ ਵੈੱਬ ਲੜੀ ਦੇ ਨਿਰਦੇਸ਼ਕ ਅਲੀ ਅੱਬਾਸ ਜ਼ਫਰ, ਅਪਰਨਾ ਪੁਰੋਹਿਤ, ਨਿਰਮਾਤਾ ਹਿਮਾਂਸ਼ੂ ਮਹਿਰਾ, ਲੇਖਕ ਗੌਰਵ ਸੋਲਾਂਕੀ ਅਤੇ ਅਦਾਕਾਰ ਮੁਹੰਮਦ ਜ਼ੀਸ਼ਾਨ ਅਯੂਬ ਨੂੰ ਇਹ ਕਹਿੰਦਿਆਂ ਅੰਤਰਿਮ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹ ਕੇਸ ਦਰਜ ਕਰਨ ਵਾਲੀਆਂ ਸਬੰਧਤ ਅਦਾਲਤਾਂ ਤੋਂ ਜ਼ਮਾਨਤ ਮੰਗ ਸਕਦੇ ਹਨ।