ਪੇਈਚਿੰਗ (ਸਮਾਜ ਵੀਕਲੀ) : ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸ਼ੰਘਾਈ ਸਹਿਯੋਗ ਸੰਗਠਨ ਵਿਚ ਸ਼ਾਮਲ ਮੁਲਕਾਂ ਨੂੰ ਕਿਹਾ ਕਿ ਅਫ਼ਗਾਨਿਸਤਾਨ ਦੇ ਮੁੱਦੇ ਉਤੇ ਤਾਲਮੇਲ ਵਧਾਉਣਾ ਚਾਹੀਦਾ ਹੈ। ਅਫ਼ਗਾਨਿਸਤਾਨ ਨੂੰ ਇਕ ਅਜਿਹੇ ਸਿਆਸੀ ਢਾਂਚੇ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਜਿਸ ਵਿਚ ਸਾਰੇ ਵਰਗਾਂ ਦੀ ਸ਼ਮੂਲੀਅਤ ਹੋਵੇ, ਨੀਤੀ ਨਿਰਧਾਰਨ ਵਰਤਮਾਨ ਸਮਿਆਂ ਮੁਤਾਬਕ ਹੋਵੇ ਤੇ ਅਤਿਵਾਦ ਖ਼ਿਲਾਫ਼ ਅਹਿਦ ਹੋਵੇ। ਜਿਨਪਿੰਗ ਨੇ ਕਿਹਾ ਕਿ ਅਫ਼ਗਾਨਿਸਤਾਨ ਤਬਦੀਲੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਸ਼ੀ ਨੇ ਕਿਹਾ ਕਿ ਵਿਦੇਸ਼ੀ ਫ਼ੌਜਾਂ ਦੇ ਨਿਕਲਣ ਤੋਂ ਬਾਅਦ ਉੱਥੋਂ ਦੇ ਇਤਿਹਾਸ ਵਿਚ ਇਕ ਨਵਾਂ ਪੰਨਾ ਜੁੜਿਆ ਹੈ।
ਪਰ ਉੱਥੇ ਹਾਲੇ ਵੀ ਕਈ ਚੁਣੌਤੀਆਂ ਹਨ। ਅਫ਼ਗਾਨਿਸਤਾਨ ਨੂੰ ਕੌਮਾਂਤਰੀ ਭਾਈਚਾਰੇ ਦੇ ਸਮਰਥਨ ਤੇ ਸਹਾਇਤਾ ਦੀ ਲੋੜ ਹੈ। ਸ਼ੀ ਨੇ ਕਿਹਾ ਕਿ ਖੇਤਰ ਵਿਚਲੀਆਂ ਸੁਰੱਖਿਆ ਚੁਣੌਤੀਆਂ ਗੁੰਝਲਦਾਰ ਹਨ ਤੇ ਇਨ੍ਹਾਂ ਨਾਲ ਨਜਿੱਠਣ ਲਈ ਵਿਆਪਕ, ਸਾਂਝੀ ਤੇ ਟਿਕਾਊ ਰਣਨੀਤੀ ਬਣਾਉਣ ਦੀ ਲੋੜ ਹੈ। ਅਤਿਵਾਦ, ਕੱਟੜਵਾਦ ਤੇ ਵੱਖਵਾਦ ਖ਼ਿਲਾਫ਼ ਵੀ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਸ਼ੀ ਨੇ ਇਸ ਮੌਕੇ ਉਈਗਰ ਅਤਿਵਾਦੀ ਸੰਗਠਨ, ਪੂਰਬੀ ਤੁਰਕਿਸਤਾਨ ਇਸਲਾਮਿਕ ਮੂਵਮੈਂਟ (ਈਟੀਆਈਐਮ) ਦਾ ਨਾਂ ਲਿਆ ਜੋ ਗੜਬੜ ਵਾਲੇ ਸ਼ਿਨਜਿਆਂਗ ਸੂਬੇ ਦੀ ਆਜ਼ਾਦੀ ਲਈ ਲੜ ਰਹੇ ਹਨ।
ਅਮਰੀਕਾ ਤੇ ਯੂਰੋਪੀਅਨ ਯੂਨੀਅਨ ਚੀਨ ਉਤੇ ਮਨੁੱਖੀ ਹੱਕਾਂ ਦੀ ਉਲੰਘਣਾ ਦਾ ਦੋਸ਼ ਲਾਉਂਦੇ ਰਹੇ ਹਨ। ਚੀਨ ਨੇ ਤਾਲਿਬਾਨ ਨੂੰ ਕਿਹਾ ਕਿ ਉਹ ਈਟੀਆਈਐਮ ਨੂੰ ਅਫ਼ਗਾਨਿਸਤਾਨ ਵਿਚ ਸਰਗਰਮ ਨਾ ਹੋਣ ਦੇਵੇ। ਸ਼ਿਨਜਿਆਂਗ ਦੀ ਸਰਹੱਦ ਅਫ਼ਗਾਨਿਸਤਾਨ ਨਾਲ ਲੱਗਦੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly