ਐੱਨਸੀਪੀ ਆਗੂ ਡੀ.ਪੀ. ਤ੍ਰਿਪਾਠੀ ਦਾ ਦੇਹਾਂਤ

ਨਵੀਂ ਦਿੱਲੀ- ਐੱਨਸੀਪੀ (ਨੈਸ਼ਨਲਿਸਟ ਕਾਂਗਰਸ ਪਾਰਟੀ) ਦੇ ਸੀਨੀਅਰ ਆਗੂ ਡੀ.ਪੀ. ਤ੍ਰਿਪਾਠੀ ਦਾ ਅੱਜ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਹ 67 ਵਰ੍ਹਿਆਂ ਦੇ ਸਨ ਅਤੇ ਕੈਂਸਰ ਤੋਂ ਪੀੜਤ ਸਨ। ਆਪਣੀ ਸਿਆਸੀ ਸੂਝ-ਬੂਝ ਲਈ ਜਾਣ ਜਾਂਦੇ ਐੱਨਸੀਪੀ ਦੇ ਜਨਰਲ ਸਕੱਤਰ ਤ੍ਰਿਪਾਠੀ ਨੇ ਛੋਟੀ ਉਮਰੇ ਹੀ ਸਿਆਸਤ ਵਿੱਚ ਕਦਮ ਰੱਖਿਆ ਸੀ ਅਤੇ ਉਹ ਲੰਬਾ ਸਮਾਂ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਜੁੜੇ ਰਹੇ। ਬਾਅਦ ਵਿੱਚ ਉਨ੍ਹਾਂ ਕਾਂਗਰਸ ਛੱਡ ਕੇ ਐੱਨਸੀਪੀ ਵਿੱਚ ਸ਼ਮੂਲੀਅਤ ਕੀਤੀ ਅਤੇ ਉਹ ਪਾਰਟੀ ਸੁਪਰੀਮੋ ਸ਼ਰਦ ਪਵਾਰ ਦੇ ਵਿਸ਼ਵਾਸਪਾਤਰ ਬਣੇ। ਐੱਨਸੀਪੀ ਸੁਪਰੀਮੋ ਸ਼ਰਦ ਪਵਾਰ ਨੇ ਤ੍ਰਿਪਾਠੀ ਨੂੰ ਵਿਦਵਾਨ ਦੱਸਦਿਆਂ ਆਖਿਆ ਕਿ ਉਹ ਮਿਹਨਤ ਅਤੇ ਸਿਆਣਪ ਦਾ ਭਰਪੂਰ ਸੁਮੇਲ ਸਨ। ਉਨ੍ਹਾਂ ਟਵੀਟ ਕੀਤਾ, ‘‘ਉਹ ਮੇਰੀ ਪਾਰਟੀ ਦੇ ਤਰਜਮਾਨ ਅਤੇ ਜਨਰਲ ਸਕੱਤਰ ਵਜੋਂ ਸਟੈਂਡ ਲੈਣ ਵਾਲੀ ਬੁਲੰਦ ਆਵਾਜ਼ ਸਨ। ਉਹ ਐੱਨਸੀਪੀ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਸਾਡੇ ਨਾਲ ਰਹੇ ਅਤੇ ਉਨ੍ਹਾਂ ਕੌਮੀ ਪੱਧਰ ’ਤੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦਾ ਤੁਰ ਜਾਣਾ ਮੇਰੇ ਲਈ ਨਿੱਜੀ ਘਾਟਾ ਹੈ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ!’’ ਐੱਨਸੀਪੀ ਆਗੂ ਨੇ ਸੁਪ੍ਰਿਆ ਸੂਲੇ ਨੇ ਟਵੀਟ ਕੀਤਾ, ‘‘ਸ੍ਰੀ ਡੀ.ਪੀ. ਤ੍ਰਿਪਾਠੀ ਦੀ ਮੌਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਉਹ ਐੱਨਸੀਪੀ ਦੇ ਜਨਰਲ ਸਕੱਤਰ ਸਨ ਅਤੇ ਸਾਡੇ ਸਾਰਿਆਂ ਦੇ ਮਾਰਗ-ਦਰਸ਼ਕ ਸਨ। ਉਨ੍ਹਾਂ ਵਲੋਂ ਦਿੱਤੀਆਂ ਨੇਕ ਸਲਾਹਾਂ ਅਤੇ ਅਗਵਾਈ ਨੂੰ ਅਸੀਂ ਹਮੇਸ਼ਾ ਯਾਦ ਰੱਖਾਂਗੇ।’’ ਤ੍ਰਿਪਾਠੀ, ਜੋ ਕਿ ਨੇਤਰਹੀਣ ਸਨ, ਅਲਾਹਾਬਾਦ ਯੂਨੀਵਰਸਿਟੀ ਵਿੱਚ ਰਾਜਨੀਤੀ ਵਿਗਿਆਨ ਦੇ ਲੈਕਚਰਾਰ ਵੀ ਰਹੇ। ਹਿੰਦੀ ਅਤੇ ਅੰਗਰੇਜ਼ੀ ਵਿੱਚ ਮੁਹਾਰਤ ਪ੍ਰਾਪਤ ਤ੍ਰਿਪਾਠੀ ਨੂੰ ਉਨ੍ਹਾਂ ਦੀ ਤੇਜ਼-ਤਰਾਰ ਅਤੇ ਸਿਆਣਪ ਵਾਲੀ ਸਿਆਸਤ ਲਈ ਜਾਣਿਆ ਜਾਂਦਾ ਸੀ। ਸ੍ਰੀ ਤ੍ਰਿਪਾਠੀ ਨੂੰ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਸ਼ਰਧਾਂਜਲੀ ਦਿੱਤੀ। ਉਪ-ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਵੀ ਸਾਬਕਾ ਰਾਜ ਸਭਾ ਮੈਂਬਰ ਨੂੰ ਸ਼ਰਧਾਂਜਲੀ ਦਿੱਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ੍ਰੀ ਤ੍ਰਿਪਾਠੀ ਦੇ ਪਰਿਵਾਰ ਨੂੰ ਮਿਲ ਕੇ ਦਿਲਾਸਾ ਦਿੱਤਾ। ਵਿਦੇਸ਼ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਐੱਸ. ਜੈਸ਼ੰਕਰ, ਸੀਪੀਆਈ (ਐੱਮ) ਦੇ ਸੀਤਾਰਾਮ ਯੇਚੁਰੀ, ਰਾਸ਼ਟਰੀ ਲੋਕ ਦਲ ਦੇ ਆਗੂ ਜੈਯੰਤ ਚੌਧਰੀ, ਕਾਂਗਰਸ ਆਗੂ ਮਨੀਸ਼ ਤਿਵਾੜੀ ਨੇ ਟਵੀਟ ਕਰਕੇ ਸ੍ਰੀ ਤ੍ਰਿਪਾਠੀ ਨੂੰ ਯਾਦ ਕੀਤਾ।

Previous articleਅਕਾਲੀ ਦਲ ਨੇ ‘ਸਿਆਸੀ ਕਤਲ’ ਹੋਣ ਦਾ ਖਦਸ਼ਾ ਪ੍ਰਗਟਾਇਆ
Next articleਐੱਨਸੀਪੀ (ਨੈਸ਼ਨਲਿਸਟ ਕਾਂਗਰਸ ਪਾਰਟੀ)