ਐੱਨਆਈਏ ਵੱਲੋਂ ਗੈਂਗਸਟਰਾਂ ਦੇ 60 ਟਿਕਾਣਿਆਂ ’ਤੇ ਛਾਪੇ

 

  • ਨਸ਼ਿਆਂ ਅਤੇ ਅਤਿਵਾਦੀਆਂ ਨਾਲ ਸਬੰਧਾਂ ਕਾਰਨ ਜਾਂਚ ਦੇ ਘੇਰੇ ’ਚ ਆਏ
  • ਛਾਪਿਆਂ ਦੌਰਾਨ ਹਥਿਆਰ, ਗੋਲੀ-ਸਿੱਕਾ ਤੇ ਨਸ਼ਾ ਬਰਾਮਦ

ਨਵੀਂ ਦਿੱਲੀ (ਸਮਾਜ ਵੀਕਲੀ): ਗੈਂਗਸਟਰਾਂ ਦੇ ਵਧ ਰਹੇ ਖ਼ੌਫ਼ ਅਤੇ ਉਨ੍ਹਾਂ ਦੇ ਅਤਿਵਾਦੀਆਂ ਨਾਲ ਗੰਢਤੁੱਪ ’ਤੇ ਨਕੇਲ ਕਸਣ ਲਈ ਅੱਜ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਅਤੇ ਉੱਤਰ ਪ੍ਰਦੇਸ਼ ’ਚ ਕਰੀਬ 60 ਥਾਵਾਂ ’ਤੇ ਛਾਪੇ ਮਾਰੇ ਗਏ। ਗੈਂਗਸਟਰਾਂ ਦੇ ਪੂਰੇ ਨੈੱਟਵਰਕ ਨੂੰ ਜੜ੍ਹੋਂ ਉਖਾੜਨ ਲਈ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਮਿਲੇ ਨਿਰਦੇਸ਼ਾਂ ਮਗਰੋਂ ਐੱਨਆਈਏ ਨੇ ਇਹ ਕਾਰਵਾਈ ਕੀਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਗੈਂਗਸਟਰਾਂ ਦੇ ਫੈਲ ਰਹੇ ਜਾਲ ਤੋਂ ਖਫ਼ਾ ਸਨ ਅਤੇ ਉਨ੍ਹਾਂ ਗੈਂਗਸਟਰਾਂ ਦੇ ਜਾਲ ਨੂੰ ਖ਼ਤਮ ਕਰਨ ਦੇ ਹੁਕਮ ਦਿੱਤੇ ਸਨ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇਨ੍ਹਾਂ ਗੈਂਗਸਟਰਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਰਹੀ ਸੀ ਜਿਸ ਮਗਰੋਂ ਦਿੱਲੀ ’ਚ ਵਿਸ਼ੇਸ਼ ਸੈੱਲ, ਐੱਨਆਈਏ ਅਤੇ ਆਈਬੀ ਅਧਿਕਾਰੀਆਂ ਵਿਚਕਾਰ ਮੀਟਿੰਗਾਂ ਹੋਈਆਂ ਤੇ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਦਾ ਫ਼ੈਸਲਾ ਲਿਆ ਗਿਆ। ਐੱਨਆਈਏ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ’ਚ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਜੱਗੂ ਭਗਵਾਨਪੁਰੀਆ ਦੀਆਂ ਰਿਹਾਇਸ਼ਾਂ ਸਮੇਤ ਹੋਰ ਗੈਂਗਸਟਰਾਂ ਦੇ ਟਿਕਾਣਿਆਂ ’ਤੇ ਵੀ ਛਾਪੇ ਮਾਰੇ ਗਏ ਹਨ।

ਇਹ ਗੈਂਗਸਟਰ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ’ਚ ਵੀ ਮੁਲਜ਼ਮ ਹਨ। ਪੰਜਾਬ ’ਚ ਨਸ਼ਿਆਂ ਦੀ ਤਸਕਰੀ ’ਚ ਗੈਂਗਸਟਰਾਂ ਦੀ ਸ਼ਮੂਲੀਅਤ ਅਤੇ ਫਿਰ ਉਸ ਪੈਸੇ ਦੀ ਵਰਤੋਂ ਦਹਿਸ਼ਤੀ ਸਰਗਰਮੀਆਂ ’ਚ ਵਰਤਣ ਦੇ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸਰਕਾਰੀ ਤਰਜਮਾਨ ਨੇ ਦੱਸਿਆ ਕਿ ਛਾਪਿਆਂ ਦੌਰਾਨ ਛੇ ਪਸਤੌਲ, ਇਕ ਰਿਵਾਲਵਰ ਅਤੇ ਇਕ ਸ਼ਾਟਗਨ ਦੇ ਨਾਲ ਨਾਲ ਗੋਲੀ-ਸਿੱਕਾ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਸ਼ੇ, ਨਕਦੀ, ਇਤਰਾਜ਼ਯੋਗ ਦਸਤਾਵੇਜ਼, ਡਿਜੀਟਲ ਉਪਕਰਣ, ਬੇਨਾਮੀ ਜਾਇਦਾਦਾਂ ਦੇ ਵੇਰਵੇ ਅਤੇ ਧਮਕੀਆਂ ਵਾਲੇ ਪੱਤਰ ਵੀ ਮਿਲੇ ਹਨ। ਛਾਪੇ ਫਾਜ਼ਿਲਕਾ, ਫਰੀਦਕੋਟ, ਮੁਕਤਸਰ ਸਾਹਿਬ, ਮੋਗਾ, ਤਰਨ ਤਾਰਨ, ਲੁਧਿਆਣਾ ਅਤੇ ਮੁਹਾਲੀ ਜ਼ਿਲ੍ਹਿਆਂ ’ਚ ਵੀ ਮਾਰੇ ਗਏ। ਗੁਰੂਗ੍ਰਾਮ ’ਚ ਅਧਿਕਾਰੀਆਂ ਨੇ ਕਿਹਾ ਕਿ ਗ਼ੈਰਕਾਨੂੰਨੀ ਹਥਿਆਰ, 23 ਮੋਬਾਈਲ ਫੋਨ, ਛੇ ਚਾਰਜਰ, ਇਕ ਹੈੱਡਫੋਨ, ਪੈੱਨ ਡਰਾਈਵ, ਡੀਵੀਆਰ, 10 ਗ੍ਰਾਮ ਅਫ਼ੀਮ ਗੈਂਗਸਟਰ ਵਰਿੰਦਰ ਪ੍ਰਤਾਪ ਉਰਫ਼ ਕਾਲਾ ਰਾਣਾ ਦੇ ਯਮੁਨਾਨਗਰ ਘਰ ਤੋਂ ਬਰਾਮਦ ਹੋਏ ਹਨ। ਸੂਤਰਾਂ ਨੇ ਕਿਹਾ ਕਿ ਮੋਬਾਈਲ ਫੋਨ, ਚਾਰਜਰ ਅਤੇ ਨਸ਼ਾ ਗੈਂਗ ਮੈਂਬਰਾਂ ਨੂੰ ਜੇਲ੍ਹਾਂ ’ਚ ਭੇਜਿਆ ਜਾਣਾ ਸੀ। ਕਾਲਾ ਜਠੇੜੀ ਦੇ ਘਰ (ਜਠੇੜੀ, ਸੋਨੀਪਤ) ਤੋਂ ਕਾਰਾਂ ਅਤੇ ਫੋਨ ਜ਼ਬਤ ਕੀਤੇ ਗਏ ਹਨ।

ਐੱਨਆਈਏ ਦੀ ਟੀਮ ਗੈਂਗਸਟਰ ਦੀ ਮਹਿਲਾ ਦੋਸਤ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਪੁੱਛ-ਗਿੱਛ ਲਈ ਆਪਣੇ ਨਾਲ ਲੈ ਗਈ ਹੈ। ਗੁਰੂਗ੍ਰਾਮ ਦੇ ਨਾਹਰਪੁਰ ਰੂਪਾ ਪਿੰਡ ’ਚ ਐੱਨਆਈਏ ਨੇ ਗੈਂਗਸਟਰ ਕੌਸ਼ਲ ਚੌਧਰੀ ਅਤੇ ਉਸ ਦੇ ਸਾਥੀ ਅਮਿਤ ਡਾਗਰ ਤੇ ਸੰਦੀਪ ਦੇ ਘਰਾਂ ’ਤੇ ਛਾਪੇ ਮਾਰੇ। ਪੁਲੀਸ ਅਧਿਕਾਰੀਆਂ ਮੁਤਾਬਕ ਐੱਨਆਈਏ ਟੀਮ ਸਵੇਰੇ ਕਰੀਬ ਸਾਢੇ 5 ਵਜੇ ਗੁਰੂਗ੍ਰਾਮ ਪਹੁੰਚੀ ਅਤੇ ਨਾਹਰਪੁਰ ਰੂਪਾ ਪਿੰਡ ’ਚ ਤਿੰਨ ਟਿਕਾਣਿਆਂ ’ਤੇ ਛਾਪੇ ਮਾਰੇ। ਗੈਂਗਸਟਰਾਂ ਵੱਲੋਂ ਮਿੱਥ ਕੇ ਕੀਤੇ ਜਾਂਦੇ ਕਤਲਾਂ ਅਤੇ ਅਤਿਵਾਦੀਆਂ ਨਾਲ ਸਬੰਧਾਂ ਕਾਰਨ ਉਹ ਪਿਛਲੇ ਕੁਝ ਸਮੇਂ ਤੋਂ ਐੱਨਆਈਏ ਦੇ ਰਡਾਰ ’ਤੇ ਸਨ। ਐੱਨਆਈਏ ਦੀ ਸੂਚੀ ’ਚ 10 ਤੋਂ 12 ਗੈਂਗਸਟਰ ਹਨ ਜਿਨ੍ਹਾਂ ਖ਼ਿਲਾਫ਼ ਕਾਰਵਾਈ ਦਾ ਫ਼ੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਸਪੈਸ਼ਲ ਸੈੱਲ ਅਤੇ ਸੂਬਾ ਪੁਲੀਸ ਹੀ ਇਨ੍ਹਾਂ ਕੇਸਾਂ ਨੂੰ ਦੇਖ ਰਹੀ ਸੀ। ਅਪਰਾਧ ਜਗਤ ’ਚ ਨੀਰਜ ਬਵਾਨਾ ਅਤੇ ਲਾਰੈਂਸ ਬਿਸ਼ਨੋਈ ਇਕ-ਦੂਜੇ ਦੇ ਕੱਟੜ ਦੁਸ਼ਮਣ ਹਨ। ਦੋਹਾਂ ਵੱਲੋਂ ਦੇਸ਼ ਭਰ ’ਚ ਆਪਣਾ ਨੈੱਟਵਰਕ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਬਵਾਨਾ ਦੇ ਗਰੁੱਪ ’ਚ ਸੌਰਭ ਉਰਫ਼ ਗੌਰਵ, ਸੁਵੇਗ ਸਿੰਘ ਉਰਫ਼ ਸਿਬੂ, ਸ਼ੁਭਮ ਬਾਲਿਆਨ, ਰਾਕੇਸ਼ ਉਰਫ਼ ਰਾਕਾ, ਇਰਫ਼ਾਨ ਉਰਫ਼ ਛੇਨੂ, ਰਵੀ ਗੰਗਵਾਲ ਅਤੇ ਰੋਹਿਤ ਚੌਧਰੀ ਸ਼ਾਮਲ ਹਨ। ਇਸੇ ਤਰ੍ਹਾਂ ਲਾਰੈਂਸ ਬਿਸ਼ਨੋਈ ਦੇ ਗੈਂਗ ’ਚ ਸੰਦੀਪ ਉਰਫ਼ ਕਾਲਾ ਜਠੇੜੀ, ਕਪਿਲ ਸਾਂਗਵਾਨ ਉਰਫ਼ ਨੰਦੂ, ਰੋਹਿਤ ਮੋਈ, ਦੀਪਕ ਬੌਕਸਰ, ਪ੍ਰਿੰਸ ਤੇਵਤੀਆ, ਰਾਜੇਸ਼ ਬਵਾਨੀਆ ਅਤੇ ਗੈਂਗਸਟਰ ਅਸ਼ੋਕ ਪ੍ਰਧਾਨ ਸ਼ਾਮਲ ਹਨ।

Previous articleਜਾਂਚ ਏਜੰਸੀਆਂ ਰਾਹੀਂ ਕੀਤੀ ਜਾ ਰਹੀ ਹੈ ‘ਵਸੂਲੀ’: ਕੇਜਰੀਵਾਲ
Next articleਭਗਵੰਤ ਮਾਨ ਵੱਲੋਂ ਜਰਮਨ ਕੰਪਨੀਆਂ ਨੂੰ ਪੰਜਾਬ ਵਿਚ ਨਿਵੇਸ਼ ਦਾ ਸੱਦਾ