ਐੱਨਆਈਏ ਨੋਟਿਸਾਂ ਕਾਰਨ ਅਸੀਂ ਝੁਕਣ ਵਾਲੇ ਨਹੀਂ

ਨਵੀਂ ਦਿੱਲੀ (ਸਮਾਜ ਵੀਕਲੀ) : ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਕੌਮੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਤੇ ਕਿਸਾਨ ਅੰਦੋਲਨ ਵਿੱਚ ਸਹਿਯੋਗ ਕਰਨ ਵਾਲੇ ਵਿਅਕਤੀਆਂ ਸਮੇਤ ਵੱਖ ਵੱਖ ਸੰਸਥਾਵਾਂ ਨੂੰ ਨੋਟਿਸ/ਸੰਮਨ ਭੇਜਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਇਨ੍ਹਾਂ ਨੋਟਿਸਾਂ ਤੋਂ ਸਰਕਾਰ ਦੀ ਘਬਰਾਹਟ ਸਾਫ਼ ਝਲਕਦੀ ਹੈ, ਪਰ ਕਿਸਾਨ ਅਜਿਹੇ ਕਿਸੇ ਦਬਾਅ ਅੱਗੇ ਨਹੀਂ ਝੁਕਣਗੇ। ਕਿਸਾਨ ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਬਹੁਤ ਹੀ ਘਟੀਆ ਹਰਕਤਾਂ ਉੱਤੇ ਉਤਰ ਆਈ ਹੈ।

ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਭਾਜਪਾ ਦੀ ਅਗਵਾਈ ਵਾਲੀ ਨਰਿੰਦਰ ਮੋਦੀ ਸਰਕਾਰ ਕਿਸਾਨ ਅੰਦੋਲਨ ਤੋਂ ਡਰ ਤੇ ਘਬਰਾ ਗਈ ਹੈ। ਉਨ੍ਹਾਂ ਕਿਸਾਨ ਅੰਦੋਲਨ ’ਚ ਵਿਦੇਸ਼ੀ ਫੰਡਾਂ ਦੀ ਵਰਤੋਂ ਦੇ ਲਾਏ ਦੋਸ਼ਾਂ ਨੂੰ ਭਾਜਪਾ ਦੀ ਚਾਲ ਕਰਾਰ ਦਿੱਤਾ ਹੈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਦਿੱਲੀ ਦੇ ਸਿੰਘੂ ਬਾਰਡਰ ’ਤੇ ਕਿਸਾਨ ਆਗੂਆਂ ਨਾਲ ਬੈਠਕ ਕਰਨ ਮਗਰੋਂ ਪੱਤਰਕਾਰਾਂ ਨੂੰ ਦੱਸਿਆ, ‘‘ਭਾਜਪਾ ਸਰਕਾਰ ਕਿਸਾਨ ਅੰਦੋਲਨ ਨੂੰ ਲੈ ਕੇ ਡਰ ਤੇ ਘਬਰਾ ਗਈ ਹੈ। ਉਹ ਸਾਡਾ ਏਕਾ ਤੋੜਨ ਵਿੱਚ ਨਾਕਾਮ ਰਹੇ, ਜਿਸ ਕਰਕੇ ਹੁਣ ਸਰਕਾਰ ਘਟੀਆ ਹਰਕਤਾਂ ਉਪਰ ਉੱਤਰ ਆਈ ਹੈ। ਇਹੀ ਵਜ੍ਹਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਹੁਣ ਕੌਮੀ ਜਾਂਚ ਏਜੰਸੀ (ਐਨਆਈਏ) ਰਾਹੀਂ ਨੋਟਿਸ ਭੇਜੇ ਜਾ ਰਹੇ ਹਨ।’’

ਰਾਜੇਵਾਲ ਨੇ ਦੱਸਿਆ ਕਿ ਇਹ ਨੋਟਿਸ ਉਨ੍ਹਾਂ ਲੋਕਾਂ ਨੂੰ ਭੇਜੇ ਜਾ ਰਹੇ ਹਨ ਜਿਨ੍ਹਾਂ ਨੇ ਲੰਗਰ ਲਾਏ ਹੋਏ ਹਨ ਜਾਂ ਜਿਨ੍ਹਾਂ ਕਿਸਾਨਾਂ ਨੂੰ ਬੱਸਾਂ ਦੀਆਂ ਸੇਵਾਵਾਂ ਦਿੱਤੀਆਂ ਹਨ ਜਾਂ ਕਈਆਂ ਨੇ ਸ਼ਹੀਦਾਂ ਦੀ ਮਦਦ ਕੀਤੀ ਹੈ। ਕਿਸਾਨ ਆਗੂ ਨੇ ਕੇਂਦਰ ਸਰਕਾਰ ਦੀ ਇਸ ਨੀਤੀ ਨੂੰ ਭੰਡਿਆ ਤੇ ਕਿਹਾ ਕਿ ਇਹ ਨੋਟਿਸ ਤੁਰੰਤ ਵਾਪਸ ਲਏ ਜਾਣ। ਉਨ੍ਹਾਂ ਸਰਕਾਰ ਨੂੰ ਮੁਖਾਤਿਬ ਹੁੰਦਿਆਂ ਦੋ ਟੁਕ ਸ਼ਬਦਾਂ ’ਚ ਕਿਹਾ, ‘‘ਅਸੀਂ ਇਸ ਹਰਕਤ ਦੀ ਸਖ਼ਤ ਨਿੰਦਾ ਕਰਦੇ ਹਾਂ। ਇਸ ਤਰ੍ਹਾਂ ਸਾਨੂੰ ਦਬਾਅ ਨਹੀਂ ਸਕਦੇ। ਸਾਡੇ ਏਕੇ ਤੇ ਅੰਦੋਲਨ ਨੂੰ ਤੋੜ ਨਹੀਂ ਸਕਦੇ।’  ਉਨ੍ਹਾਂ ਕਿਹਾ ਕਿ ਇਹ ਸਾਰਾ ਨਾਟਕ ਲੋਕਾਂ ਵਿੱਚ ਬੇਚੈਨੀ ਪੈਦਾ ਕਰਨ ਲਈ ਰਚਿਆ ਗਿਆ ਹੈ।

ਸ੍ਰੀ ਰਾਜੇਵਾਲ ਨੇ ਦੱਸਿਆ ਕਿ ਲੰਘੇ ਦਿਨ ਸਰਕਾਰ ਨਾਲ ਹੋਈ ਗੱਲਬਾਤ ਦੌਰਾਨ ਟਰਾਂਸਪੋਰਟਰਾਂ, ਆੜ੍ਹਤੀਆਂ ਤੇ ਸ਼ਹੀਦਾਂ ਪਰਿਵਾਰਾਂ ਦੀ ਮਦਦ ਕਰਨ ਵਾਲਿਆਂ ਨੂੰ ਨੋਟਿਸ ਦੇਣ ਦੇ ਮੁੱਦੇ ਉਠਾਏ ਗਏ ਸੀ। ਉਨ੍ਹਾਂ ਕਿਹਾ, ‘ਬੈਠਕ ਦੌਰਾਨ ਕਿਸਾਨਾਂ ਨੁਮਾਇੰਦਿਆਂ ਨੇ ਆਖਿਆ ਸੀ ਕਿ ਭਾਜਪਾ ਐਨੀ ਕਮਜ਼ੋਰ ਕਿਉਂ ਹੋ ਗਈ? ਆਮ ਲੋਕਾਂ ਨੂੰ ਨੋਟਿਸ ਜਾਰੀ ਕੀਤੇ, ਫਿਰ ਐੱਨਆਈਏ ਨੂੰ ਸ਼ਾਮਲ ਕਰ ਲਿਆ। ਜਦੋਂਕਿ ਪਹਿਲਾਂ ਆਮਦਨ ਕਰ ਦੇ ਛਾਪੇ ਮਰਵਾਏ ਗਏ ਸਨ।’ ਉਨ੍ਹਾਂ ਕਿਹਾ ਕਿ 19 ਜਨਵਰੀ ਨੂੰ ਅਗਲੇ ਗੇੜ ਦੀ ਮੀਟਿੰਗ ਦੌਰਾਨ ਕੇਂਦਰ ਸਰਕਾਰ ਤੋਂ  ਆਮ ਲੋਕਾਂ ਨੂੰ ਖੱਜਲ-ਖੁਆਰ ਕੀਤੇ ਜਾਣ ਬਾਰੇ ਸਵਾਲ ਪੁੱਛਿਆ ਜਾਵੇਗਾ। ਸੱਜਰੇ ਨੋਟਿਸਾਂ ਬਾਰੇ ਰਾਜੇਵਾਲ ਨੇ ਕਿਹਾ ਕਿ ਕਿਸਾਨ ਆਗੂਆਂ ਨੂੰ ਪੁਰਾਣੇ ਮਾਮਲਿਆਂ ਵਿੱਚ ਹੀ ਪੇਸ਼ ਹੋਣ ਲਈ ਕਿਹਾ ਗਿਆ ਹੈ। ਵਿਦੇਸ਼ੀ ਫੰਡਾਂ ਬਾਰੇ ਲਾਏ ਜਾ ਰਹੇ ਦੋਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਭਾਜਪਾ ਵਾਲੇ ਝੂਠੇ ਦੋਸ਼ ਲਾ ਰਹੇ ਹਨ। ਕਿਸਾਨ ਭਾਈਚਾਰਾ ਹੀ ਡੱਟ ਕੇ ਕਿਸਾਨਾਂ ਦੀ ਹਰ ਪੱਖੋਂ ਮਦਦ ਕਰ ਰਿਹਾ ਹੈ।

ਇਸ ਦੌਰਾਨ ਕਿਸਾਨ ਜਥੇਬੰਦੀਆਂ ਨੇ ‘ਔਰਤ ਕਿਸਾਨ ਦਿਵਸ’ ਮਨਾਉਣ ਲਈ ਤਿਆਰੀ ਉਲੀਕੀ ਤੇ ਸੁਪਰੀਮ ਕੋਰਟ ਵਿੱਚ 18 ਜਨਵਰੀ ਨੂੰ ਹੋਣ ਵਾਲੀ ਸੁਣਵਾਈ ਬਾਰੇ ਅਗਲੀ ਰਣਨੀਤੀ ’ਤੇ ਵਿਚਾਰ ਚਰਚਾ ਕੀਤੀ। ਸੰਯੁਕਤ ਕਿਸਾਨ ਮੋਰਚੇ ਦੀ ਭਲਕੇ ਹੋਣ ਵਾਲੀ ਬੈਠਕ ਵਿੱਚ ਕਿਸਾਨ ਅੰਦੋਲਨ ਨੂੰ ਅਗਲੀ ਰੂਪ ਰੇਖਾ ਦੇਣ ਲਈ ਚਰਚਾ ਕੀਤੀ ਜਾਵੇਗੀ। ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਹੋਈ ਇਸ ਬੈਠਕ ਵਿੱਚ ਫੈਸਲਾ ਲਿਆ ਗਿਆ ਕਿ ਟਿਕਰੀ ਵਿੱਚ ਪ੍ਰੋ. ਅਨੂਪਾ (ਪੰਜਾਬੀ ਯੂਨੀਵਰਸਿਟੀ ਇਕਨਾਮਿਕਸ ਵਿਭਾਗ ਦੀ ਮੁਖੀ) ਤੇ ਪ੍ਰੋ. ਨਵਸ਼ਰਨ ਕੌਰ (ਜੇਐੱਨਯੂ) ਕੁੰਡਲੀ ਵਿਖੇ ਮੁੱਖ ਬੁਲਾਰਾ ਹੋਣਗੀਆਂ।

ਕਿਸਾਨ ਯੂਨੀਅਨ ਕ੍ਰਾਂਤੀਕਾਰੀ (ਪੰਜਾਬ) ਦੇ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਪੁਲੀਸ ਵੱਲੋਂ ਕਿਸਾਨਾਂ ਦੇ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ 40 ਕਿਸਾਨਾਂ ਨੂੰ ਨੋਟਿਸ ਭੇਜੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ, ਪਰ 8 ਕਿਸਾਨਾਂ ਦੇ ਵਕੀਲ ਹੀ ਪੇਸ਼ ਹੋਣਗੇ ਜਿਨ੍ਹਾਂ ਦਾ ਰਿਕਾਰਡ ਅਦਾਲਤ ਅੱਗੇ ਹੈ। ਇਸ ਦੌਰਾਨ ਪੰਜਾਬ ਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਨੇ ਐੱਨਆਈਏ ਵੱਲੋਂ ਸੀਨੀਅਰ ਪੱਤਰਕਾਰ ਬਲਤੇਜ ਪੰਨੂ ਨੂੰ ਸੰਮਨ ਕੀਤੇ ਜਾਣ ਦੀ ਨਿਖੇਧੀ ਕੀਤੀ ਹੈ। ਯੂਨੀਅਨ ਨੇ ਕਿਹਾ ਕਿ ਪੱਤਰਕਾਰ ਲਗਾਤਾਰ ਰੈਫਰੈਂਡਮ 2020 ਦਾ ਵਿਰੋਧ ਕਰਦਾ ਆ ਰਿਹਾ ਹੈ, ਲਿਹਾਜ਼ਾ ਉਸ ਦਾ ਨਾਮ ਇਸ ਨਾਲ ਜੋੜਨਾ ਸ਼ਰੇਆਮ ਧੱਕਾ ਹੈ।

Previous articleਕੋਵਿਡ-19 ਵੈਕਸੀਨ ਕਾਰਨ ਕਈ ਲੋਕਾਂ ਦੀ ਹਾਲਤ ਵਿਗੜੀ, ਇਕ ਸਿਹਤ ਮੁਲਾਜ਼ਮ ਏਮਜ਼ ਦੇ ਆਈਸੀਯੂ ’ਚ
Next articleਕਰੋਨਾ ਖ਼ਿਲਾਫ਼ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਭਾਰਤ ਵਿੱਚ ਸ਼ੁਰੂ