ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ) ਐਸ ਡੀ ਐਮ ਕਪੂਰਥਲਾ ਸ਼੍ਰੀ ਵਰਿੰਦਰਪਾਲ ਸਿੰਘ ਬਾਜਵਾ ਵਲੋਂ ਕਪੂਰਥਲਾ ਵਿਖੇ ਟਰੈਫਿਕ ਟਰੈਕ ਵਿਖੇ ਕੰਮ ਕਾਜ ਦੀ ਅਚਨਚੇਤ ਜਾਂਚ ਕੀਤੀ ਗਈ ਤੇ ਟਰੈਕ ਉੱਪਰ ਤਾਇਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਖਤ ਤਾੜਨਾ ਕੀਤੀ ਕਿ ਲੋਕਾਂ ਦੇ ਕੰਮਕਾਜ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਅਚਾਨਕ ਟਰੈਕ ’ਤੇ ਪੁੱਜਕੇ ਸ੍ਰੀ ਬਾਜਵਾ ਵਲੋਂ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਬਕਾਇਆ ਕੇਸਾਂ ਦਾ ਜਾਇਜ਼ਾ ਲਿਆ ਗਿਆ ਤੇ ਕਿਹਾ ਕਿ ਯੋਗ ਬਿਨੈਕਾਰਾਂ ਨੂੰ ਤੁਰੰਤ ਲਾਇਸੈਂਸ ਜਾਰੀ ਕੀਤੇ ਜਾਣ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਦੇ ਬੈਠਣ ਤੇ ਹੋਰ ਸਹੂਲਤਾਂ ਦਾ ਵੀ ਨਿਰੀਖਣ ਕੀਤਾ।
ਉਨਾਂ ਕਿਹਾ ਕਿ ਟਰੈਕ ਵਿਖੇ ਕੰਮਕਾਜ ਕਰਵਾਉਣ ਆਏ ਲੋਕਾਂ ਦੀਆਂ ਸੁਵਿਧਾਵਾਂ ਦਾ ਵੀ ਪੂਰਾ ਖਿਆਲ ਰੱਖਿਆ ਜਾਵੇ ਅਤੇ ਬਜੁਰਗਾਂ, ਔਰਤਾਂ ਦੇ ਕੰਮ ਨੂੰ ਪਹਿਲ ਦਿੱਤੀ ਜਾਵੇ। ਉਨਾਂ ਨਾਲ ਹੀ ਸਪੱਸ਼ਟ ਕੀਤਾ ਕਿ ਟਰੈਕ ਵਿਖੇ ਕੰਮਕਾਜ ਨੂੰਸੁਚਾਰੂ ਤਰੀਕੇ ਨਾਲ ਚਾਲੂ ਰੱਖਣ ਲਈ ਉਹ ਖੁਦ ਟਰੈਕ ਦੇ ਕੰਮਕਾਜ ਦੀ ਹਰ ਪੰਦਰਵਾੜੇ ਨਿਗਰਾਨੀ ਕਰਨਗੇ।