ਮੁੰਬਈ (ਸਮਾਜ ਵੀਕਲੀ) :ਐਲਗਰ ਪ੍ਰੀਸ਼ਦ ਕੇਸ ਦੇ ਮੁਲਜ਼ਮ ਗੌਤਮ ਨਵਲੱਖਾ ਦੀ ਜ਼ਮਾਨਤ ਅਰਜ਼ੀ ਬੰਬੇ ਹਾਈ ਕੋਰਟ ਨੇ ਖ਼ਾਰਜ ਕਰ ਦਿੱਤੀ ਹੈ। ਹਾਈ ਕੋਰਟ ਨੇ ਕਿਹਾ ਕਿ ਉਸ ਨੂੰ ਵਿਸ਼ੇਸ਼ ਅਦਾਲਤ ਦੇ ਹੁਕਮਾਂ ਵਿਚ ਦਖ਼ਲ ਦੇਣ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ। ਵਿਸ਼ੇਸ਼ ਅਦਾਲਤ ਨੇ ਨਵਲੱਖਾ ਨੂੰ ਪਹਿਲਾਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਹਾਈ ਕੋਰਟ ਨੇ ਕਿਹਾ ਕਿ 2018 ਵਿਚ ਨਵਲੱਖਾ ਨੂੰ ਜਦ 34 ਦਿਨ ਘਰ ਵਿਚ ਨਜ਼ਰਬੰਦ ਕੀਤਾ ਗਿਆ ਸੀ, ਉਨ੍ਹਾਂ ਦਿਨਾਂ ਨੂੰ ਹਿਰਾਸਤ ਵਿਚ ਗੁਜ਼ਾਰੇ ਦਿਨਾਂ ’ਚ ਨਹੀਂ ਮੰਨਿਆ ਜਾ ਸਕਦਾ। ਨਾਗਰਿਕ ਹੱਕਾਂ ਬਾਰੇ ਕਾਰਕੁਨ ਗੌਤਮ ਨਵਲੱਖਾ ਨੂੰ ਪੁਣੇ ਪੁਲੀਸ ਨੇ ਅਗਸਤ 2018 ਵਿਚ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ 28 ਅਗਸਤ ਤੋਂ ਪਹਿਲੀ ਅਕਤੂਬਰ ਤੱਕ ਉਸ ਨੂੰ ਘਰ ਵਿਚ ਹੀ ਨਜ਼ਰਬੰਦ ਰੱਖਿਆ ਗਿਆ ਸੀ।