ਐਮੀ ਕੋਨੀ ਬੈਰੇਟ ਨੇ ਸੁਪਰੀਮ ਕੋਰਟ ਦੀ ਜਸਟਿਸ ਵਜੋਂ ਸਹੁੰ ਚੁੱਕੀ

ਵਾਸ਼ਿੰਗਟਨ (ਸਮਾਜ ਵੀਕਲੀ) : ਕੰਜ਼ਰਵੇਟਿਵ ਜਸਟਿਸ ਐਮੀ ਕੋਨੀ ਬੈਰੇਟ ਨੇ ਸੁਪਰੀਮ ਕੋਰਟ  ਦੇ 115ਵੇਂ ਜਸਟਿਸ ਵਜੋਂ ਸਹੁੰ ਚੁੱਕ ਲਈ ਹੈ। ਇਸ ਤੋਂ ਪਹਿਲਾਂ ਰਿਪਬਲਿਕਨ ਪਾਰਟੀ ਦੇ ਬਹੁਮੱਤ ਵਾਲੇ ਸਦਨ ਸੈਨੇਟ ਨੇ 48 ਦੇ ਮੁਕਾਬਲੇ 52 ਵੋਟਾਂ ਦੇ ਕੇ ਬੈਰੇਟ ਦੇ ਨਾਂਅ ਦੀ ਜਸਟਿਸ ਵਜੋਂ ਨਿਯੁਕਤੀ ਦੀ ਪੁਸ਼ਟੀ ਕਰ ਦਿੱਤੀ ਸੀ। ਅਗਲੇ ਹਫ਼ਤੇ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਲਈ ਇਸ ਨੂੰ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ।

ਜਸਟਿਸ ਕਲੈਰੇਂਸ ਥਾਮਸ ਨੇ ਵ੍ਹਾਈਟ ਹਾਊਸ ਦੇ ਦੱਖਣੀ ਲਾਅਨ ਵਿਚ ਕਰਵਾਏ ਸਮਾਗਮ ਦੌਰਾਨ ਬੈਰੇਟ (48) ਨੂੰ ਅਹੁਦੇ ਦੀ ਸਹੁੰ ਚੁਕਾਈ। ਇਸ ਦੌਰਾਨ ਰਾਸ਼ਟਰਪਤੀ ਟਰੰਪ ਵੀ ਮੌਜੂਦ ਸਨ। ਸਹੁੰ ਚੁੱਕਣ ਮਗਰੋਂ ਜਸਟਿਸ ਬੈਰੇਟ ਨੇ ਕਿਹਾ ਕਿ ਉਹ ਸੱਚੇ ਦਿਲੋਂ ਸਨਮਾਨਿਤ ਮਹਿਸੂਸ ਕਰ ਰਹੀ ਹੈ। ਇਸੇ ਦੌਰਾਨ ਡੋਨਲਡ ਟਰੰਪ ਨੇ ਕਿਹਾ ਕਿ ਦੇਸ਼, ਸੰਵਿਧਾਨ ਅਤੇ ਕਾਨੂੰਨ ਲਈ ਇਹ ਮਹੱਤਵਪੂਰਨ ਦਿਨ ਹੈ।

ਬੈਰੇਟ ਨੂੰ ਨਾਮਜ਼ਦ ਕਰਨ ਬਾਰੇ ਟਰੰਪ ਨੇ ਕਿਹਾ ਕਿ ਉਹ ਦੇਸ਼ ਦੇ ਸਭ ਤੋਂ ਸਿਆਣੇ ਕਾਨੂੰਨੀ ਮਾਹਿਰਾਂ ਵਿਚੋਂ ਇੱਕ ਮੰਨੇ ਜਾਂਦੇ ਹਨ ਅਤੇ ਉਹ ਦੇਸ਼ ਦੀ ਸਰਬਉੱਚ ਅਦਾਲਤ ਲਈ ਵਧੀਆ ਜਸਟਿਸ ਸਾਬਤ ਹੋਣਗੇ। ਉਧਰ, ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਾਇਡਨ ਨੇ ਕਿਹਾ ਕਿ ਜਸਟਿਸ ਬੈਰੇਟ ਦੇ ਨਾਂਅ ਦੀ ਪੁਸ਼ਟੀ ਤਿੰਨ ਨਵੰਬਰ ਨੂੰ ਚੋਣ ਜਿੱਤਣ ਵਾਲੇ ਉਮੀਦਵਾਰ ਵੱਲੋਂ ਕੀਤੀ ਜਾਣੀ ਚਾਹੀਦੀ ਸੀ।

Previous articleBihar Phase I: Voting underway for 71 seats
Next articleIndia- UAE Defence Cooperation MOD- SIDM, CII, New Delhi Held on 27.10.2020