ਹੁਸ਼ਿਆਰਪੁਰ (ਸਮਾਜ ਵੀਕਲੀ) (ਕੁਲਦੀਪ ਚੁੰਬਰ )- ਤੰਦਰੁਸਤ ਪੰਜਾਬ ਮੁਹਿੰਮ ਅਧੀਨ ਸਿਹਤ ਵਿਭਾਗ ਐਂਟੀ ਮਲੇਰੀਆਂ ਮੰਥ ਤਹਿਤ ਇੱਕ ਵਰਕਸ਼ਾਪ ਦਾ ਆਯੋਜਨ ਪੀ.ਐਚ.ਸੀ. ਚੱਕੋਵਾਲ ਵਿਖੇ ਡਾ. ਬਲਦੇਵ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਜਾਗਰੂਕਤਾ ਵਰਕਸ਼ਾਪ ਵਿੱਚ ਬੀ.ਈ.ਈ. ਰਮਨਦੀਪ ਕੌਰ, ਹੈਲਥ ਇੰਸਪੈਕਟਰ ਸ਼੍ਰੀ ਗੁਰਦੇਵ ਸਿੰਘ ਤੇ ਸ਼੍ਰੀ ਬਲਜੀਤ ਸਿੰਘ, ਅਤੇ ਬਲਾਕ ਦੇ ਸਮੂਹ ਮਲਟੀ ਪਰਪਜ਼ ਮੇਲ ਹੈਲਥ ਵਰਕਰ ਸ਼ਾਮਿਲ ਹੋਏ।
ਜਾਗਰੂਕਤਾ ਵਰਕਸ਼ਾਪ ਦੌਰਾਨ ਸੰਬੋਧਨ ਕਰਦਿਆਂ ਐਸ.ਐਮ.ਓ. ਡਾ. ਬਲਦੇਵ ਸਿੰਘ ਜੀ ਨੇ ਦੱਸਿਆ ਕਿ ਕੋਵਿਡ-19 ਦੇ ਨਾਲ ਨਾਲ ਸਾਨੂੰ ਦੂਜੀਆਂ ਗੰਭੀਰ ਬਿਮਾਰੀਆਂ ਤੋਂ ਵੀ ਆਪਣਾ ਬਚਾਅ ਕਰਨਾ ਜਰੂਰੀ ਹੈ। ਉਹਨਾਂ ਕਿਹਾ ਕਿ ਜੂਨ ਮਹੀਨੇ ਦੌਰਾਨ ਬਰਸਾਤਾਂ ਦੇ ਮੌਸਮ ਵਿੱਚ ਦੋ ਤਰ੍ਹਾਂ ਨਾਲ ਬੀਮਾਰੀਆਂ ਹੁੰਦੀਆਂ ਹਨ। ਜਿਨ੍ਹਾਂ ਵਿੱਚ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਅਤੇ ਮੱਛਰਾਂ ਤੋਂ ਹੋਣ ਵਾਲੀਆਂ ਬੀਮਾਰੀਆਂ ਸ਼ਾਮਿਲ ਹਨ।
ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਜਿਵੇਂ ਹੈਜਾ,ਪੀਲੀਆ, ਟਾਈਫਾਈਡ, ਪੇਚਿਸ਼ ਆਦਿ ਤੋਂ ਬਚਾਅ ਲਈ ਜਰੂਰੀ ਹੈ ਕਿ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਿਆ ਜਾਵੇ ਅਤੇ ਪਾਣੀ ਉਬਾਲ ਕੇ ਹੀ ਪੀਤਾ ਜਾਵੇ। ਮੱਛਰਾਂ ਤੋਂ ਹੋਣ ਵਾਲੀਆਂ ਬੀਮਾਰੀਆਂ ਜਿਵੇਂ ਮਲੇਰੀਆਂ, ਡੇਂਗੂ ਅਤੇ ਚਿਕਨਗੁਨੀਆ ਆਦਿ ਸ਼ਾਮਿਲ ਹਨ ਤੋਂ ਬਚਾਅ ਜਰੂਰੀ ਹੈ ਕਿ ਮੱਛਰਾਂ ਦੇ ਪੈਦਾ ਹੋਣ ਨੂੰ ਰੋਕਿਆ ਜਾਵੇ ਅਤੇ ਇਸਦੇ ਕੱਟਣ ਤੋਂ ਬਚਾਅ ਕੀਤਾ ਜਾਵੇ। ਮੱਛਰ ਪੈਦਾ ਕਰਨ ਵਾਲੇ ਹਾਲਾਤ ਖਤਮ ਕੀਤੇ ਜਾਣ। ਲੋਕ ਇਸਦੇ ਫੈਲਣ ਦੇ ਕਾਰਣਾਂ, ਇਸ ਤੋਂ ਬਚਾਅ ਸਬੰਧੀ ਸਾਵਧਾਨੀਆਂ ਅਤੇ ਇਸਦੇ ਲੱਛਣਾਂ ਬਾਰੇ ਪੂਰੀ ਤਰ੍ਹਾਂ ਜਾਗਰੂਕ ਹੋਣ। ਡਾ. ਬਲਦੇਵ ਸਿੰਘ ਜੀ ਨੇ ਆਖਿਆ ਕਿ ਜੇਕਰ ਕਿਸੇ ਨੂੰ ਠੰਡ ਅਤੇ ਕਾਂਬੇ ਨਾਲ ਬੁੁਖਾਰ ਹੋਵੇ, ਤੇਜ਼ ਸਿਰਦਰਦ ਅਤੇ ਤੇਜ਼ ਬੁਖਾਰ ਹੋਵੇ, ਥਕਾਵਟ ਤੇ ਕਮਜ਼ੋਰੀ ਹੋਵੇ ਅਤੇ ਸਰੀਰ ਨੂੰ ਪਸੀਨਾ ਆਵੇ ਤਾਂ ਇਹ ਮਲੇਰੀਏ ਦਾ ਬੁਖਾਰ ਹੋ ਸਕਦਾ ਹੈ।
ਇਹ ਲੱਛਣ ਦਿਖਣ ਤੇ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਸਿਹਤ ਕੇਂਦਰ ਜਾ ਕੇ ਆਪਣੇ ਖੂਨ ਦੀ ਜਾਂਚ ਕਰਵਾਓ ਅਤੇ ਡਾਕਟਰ ਦੀ ਸਲਾਹ ਲਵੋ, ਆਪਣੇ ਆਪ ਕੋਈ ਵੀ ਦਵਾ ਨਾ ਲਓ। ਵਰਕਸ਼ਾਪ ਦੌਰਾਨ ਹੋਰ ਜਾਣਕਾਰੀ ਸਾਂਝੀ ਕਰਦਿਆਂ ਹੈਲਥ ਇੰਸਪੈਕਟਰ ਸ਼੍ਰੀ ਗੁਰਦੇਵ ਸਿੰਘ ਨੇ ਕਿਹਾ ਕਿ ਮਲੇਰੀਆ ਇੱਕ ਕਿਸਮ ਦਾ ਗੰਭੀਰ ਬੁਖਾਰ ਹੈ ਜੋ ਕਿ ਐਨੋਫਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਸ਼ਾਮ ਵੇਲੇ, ਤੜਕੇ ਵੇਲੇ ਅਤ ਰਾਤ ਨੂੰ ਕੱਟਦਾ ਹੈ। ਮੱਛਰ ਸਾਫ ਅਤੇ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ, ਜਿਵੇਂ ਕਿ ਨਾਲੀਆਂ, ਛੱਪੜਾਂ ਦੇ ਪਾਣੀ, ਟੋਇਆਂ ਆਦਿ ਵਿੱਚ ਪਾਣੀ ਖੜਾ ਰਹੇ। ਮੱਛਰਾਂ ਤੋਂ ਬਚਾਅ ਲਈ ਜਰੂਰੀ ਹੈ ਕਿ ਆਪਣੇ ਆਲੇ ਦੁਆਲੇ ਦੀ ਸਾਫ਼ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇੇ।
ਮੱਛਰਾਂ ਤੋਂ ਬਚਣ ਲਈ ਕੱਪੜੇ ਅਜਿਹੇ ਪਹਿਨੋ ਕਿ ਸਰੀਰ ਪੂਰੀ ਤਰ੍ਹਾਂ ਢੱਕਿਆ ਰਹੇ। ਰਾਤ ਨੂੰ ਸੌਣ ਸਮੇਂ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦੀ ਵਰਤੋ ਕੀਤੀ ਜਾਵੇ। ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਛੱਪੜਾਂ ਦੇ ਖੜ੍ਹੇ ਪਾਣੀ ਵਿੱਚ ਗੰਬੂਜ਼ੀਆ ਮੱਛੀ ਪਾਈ ਜਾਵੇ ਜੋ ਕਿ ਪਾਣੀ ਵਿੱਚ ਪੈਦਾ ਹੋਣ ਵਾਲੇ ਮੱਛਰ ਦੇ ਲਾਰਵਾ ਨੂੰ ਖਾ ਜਾਂਦੀ ਹੈ ਜਿਸ ਨਾਲ ਮੱਛਰ ਪੈਦਾ ਨਹੀਂ ਹੁੰਦਾ। ਉਹਨਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਗੰਬੂਜ਼ੀਆ ਮੱਛੀ ਦਾ ਪੂੰਗ ਸਿਹਤ ਵਿਭਾਗ ਤੋਂ ਮੁਫ਼ਤ ਪ੍ਰਾਪਤ ਕੀਤਾ ਜਾ ਸਕਦਾ ਹੈ l
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly