(ਸਮਾਜ ਵੀਕਲੀ)
ਨਿੱਕੇ ਜਵਾਕਾਂ ਦੇ ਨਿੱਕੇ ਨਿੱਕੇ ਚਾਅ ਕਿੰਨੇ ਪਿਆਰੇ ਹੁੰਦੇ ਸਨ। ਸਾਡਿਆਂ ਵੇਲਿਆਂ ਵਿੱਚ ਸਾਰੇ ਜਵਾਕਾਂ ਦਾ ਇਕੱਠੇ ਹੋ ਕੇ ਖੇਡਣ ਤੋਂ ਇਲਾਵਾ ਮਨੋਰੰਜਨ ਦੇ ਕਿਹੜਾ ਕੋਈ ਹੋਰ ਬਹੁਤੇ ਸਾਧਨ ਹੁੰਦੇ ਸਨ । ਪਰ ਉਹ ਬਚਪਨ ਹੁੰਦਾ ਬਹੁਤ ਲਾਜਵਾਬ ਸੀ।ਉਸ ਬਚਪਨ ਦੀ ਹਰ ਘਟਨਾ ਵਿੱਚੋਂ ਇੱਕ ਕਹਾਣੀ ਉਪਜਦੀ ਹੈ। ਹਰ ਘਰ ਵਿੱਚ ਚਾਰ ਪੰਜ ਜਵਾਕ ਹੁੰਦੇ ਸਨ। ਮਾਵਾਂ ਨੂੰ ਵੀ ਜਵਾਕ ਪਾਲਣ ਦੀ ਕੋਈ ਬਹੁਤੀ ਚਿੰਤਾ ਨਹੀਂ ਹੁੰਦੀ ਸੀ। ਛੋਟੇ ਭੈਣ ਭਰਾਵਾਂ ਨੂੰ ਵੱਡੇ ਭੈਣ ਭਰਾ ਈ ਚੁੱਕੀ ਫਿਰਦੇ ਸਨ ਤੇ ਮਾਵਾਂ ਆਪਣੇ ਆਹਰੀਂ ਲੱਗੀਆਂ ਰਹਿੰਦੀਆਂ ਸਨ। ਅੱਜ ਕੱਲ੍ਹ ਵਾਂਗ ਕੱਲੇ ਕਹਿਰੇ ਅਤੇ ਉੱਤੋਂ ਜਵਾਕਾਂ ਦੀਆਂ ਵੱਡੀਆਂ ਵੱਡੀਆਂ ਮੰਗਾਂ ਥੋੜ੍ਹਾ ਨਾ ਹੁੰਦੀਆਂ ਸਨ। ਇਕੱਠੇ ਹੋ ਕੇ ਜਵਾਕਾਂ ਨੇ ਖੇਡਣਾ,ਨਾ ਕੋਈ ਗੁੰਮਣ ਦਾ ਡਰ ਤੇ ਨਾ ਕੋਈ ਜ਼ਬਰ ਜ਼ਿਨਾਹ ਵਾਲ਼ੀਆਂ ਕੁਰੀਤੀਆਂ ਪ੍ਰਚੱਲਿਤ ਸਨ। ਬੱਚੇ ਵੀ ਬੇਫ਼ਿਕਰ ਤੇ ਮਾਪੇ ਵੀ ਬੇਫ਼ਿਕਰ ਜੀਵਨ ਬਿਤਾਉਂਦੇ ਸਨ।
ਅਸੀਂ ਵੀ ਅਕਸਰ ਆਂਢ ਗੁਆਂਢ ਦੇ ਸਾਰੇ ਜਵਾਕ ਰਲ਼ ਕੇ ਸ਼ਾਮ ਨੂੰ ਜਾਂ ਤਾਂ ਗਲ਼ੀ ਵਿੱਚ ਖੇਡਦੇ ਹੁੰਦੇ ਸੀ ਤੇ ਜਾਂ ਫਿਰ ਲਾਗੇ ਹੀ ਯੂਨੀਵਰਸਿਟੀ ਹੋਣ ਕਰਕੇ ਉੱਥੇ ਝੂਲੇ ਝੂਲਣ ਚਲੇ ਜਾਂਦੇ ਸੀ।ਉੱਥੇ ਕਈ ਤਰ੍ਹਾਂ ਦੇ ਝੂਲੇ ਲੱਗੇ ਹੋਣ ਕਰਕੇ ਸਾਰੇ ਬਹੁਤ ਆਨੰਦ ਮਾਣ ਕੇ ਆਉਂਦੇ ਸੀ।ਇਹ ਗੱਲ ਵੱਖਰੀ ਸੀ ਕਿ ਛੋਟਿਆਂ ਦੀ ਵਾਰੀ ਬਹੁਤ ਮੁਸ਼ਕਲ ਨਾਲ ਆਉਂਦੀ ਸੀ। ਵੱਡੇ ਜਵਾਕਾਂ ਨੇ ਚਲਾਕੀ ਅਤੇ ਜ਼ੋਰ ਦੇ ਬਲ ‘ਤੇ ਝੂਲਿਆਂ ਤੇ ਕਬਜ਼ਾ ਕਰੀ ਰੱਖਣਾ। ਅਸੀਂ ਵੀ ਆਪਣੀ ਛੋਟੀ ਭੈਣ, ਜੋ ਕੁਝ ਕੁ ਮਹੀਨਿਆਂ ਦੀ ਸੀ ਉਸ ਨੂੰ ਗੋਦੀ ਚੁੱਕ ਕੇ ਬਾਕੀ ਸਾਰੇ ਜਵਾਕਾਂ ਨਾਲ ਝੂਟੇ ਲੈਣ ਜਾਣਾ। ਇੱਕ ਦਿਨ ਅਸੀਂ ਬਾਕੀ ਦਿਨਾਂ ਵਾਂਗ ਉੱਥੇ ਝੂਟੇ ਲੈਣ ਲਈ ਜਦ ਗਏ ਤਾਂ ਪਹਿਲਾਂ ਤਾਂ ਮੇਰੀ ਵਾਰੀ ਈ ਨਾ ਆਵੇ। ਚੱਲ ਵੱਡਿਆਂ ਦੀਆਂ ਮਿੰਨਤਾਂ ਤਰਲੇ ਕਰਕੇ ਵਾਰੀ ਆ ਗਈ।
ਜਦ ਗੋਲ ਘੁੰਮਣ ਵਾਲੇ ਝੂਲੇ ਨੂੰ ਵੱਡਿਆਂ ਨੇ ਥੋੜਾ ਜਿਹਾ ਹੌਲਾ ਕਰਕੇ ਉੱਪਰ ਚੜ੍ਹਨ ਦੀ ਤਾਕੀਦ ਕੀਤੀ।ਮੇਰਾ ਹੱਥ ਨਾ ਪਿਆ ਤਾਂ ਮੈਂ ਡਿੱਗ ਗਈ,ਦੂਜੀ ਵਾਰੀ ਉਹਨਾਂ ਨੇ ਹੌਲ਼ੀ ਕਰਕੇ ਮੈਨੂੰ ਚੜ੍ਹਾ ਲਿਆ ਤੇ ਇੱਕਦਮ ਝੂਲਾ ਤੇਜ਼ ਕਰ ਲਿਆ।ਮੇਰਾ ਆਲ਼ੇ ਦੁਆਲ਼ੇ ਕਿਤੇ ਹੱਥ ਨਾ ਪਿਆ ਹੋਣ ਕਰਕੇ ਮੈਂ ਤੇਜ਼ ਝੂਲੇ ਵਿੱਚੋਂ ਜ਼ੋਰ ਦੇਣੇ ਡਿੱਗ ਗਈ ਤੇ ਉੱਚੀ ਉੱਚੀ ਰੋਣ ਲੱਗੀ। ਸਾਰੇ ਜਵਾਕਾਂ ਦੇ ਝੂਲੇ ਰੁਕ ਗਏ।ਸਭ ਮੈਨੂੰ ਜ਼ਮੀਨ ਤੇ ਲਿਟੀ ਪਈ ਨੂੰ ਉਠਾਉਣ ਲਈ ਭੱਜੇ ਆਏ,ਕਿਸੇ ਨੇ ਮੈਨੂੰ ਉਠਾ ਕੇ ਬਿਠਾਇਆ,ਕਿਸੇ ਨੇ ਮੇਰੀ ਫ਼ਰਾਕ ਤੋਂ ਮਿੱਟੀ ਝਾੜੀ , ਕਿਸੇ ਨੇ ਮੈਨੂੰ ਚੁੱਪ ਕਰਾਇਆ ਤੇ ਕਿਸੇ ਨੇ ਮੇਰੇ ਹੰਝੂ ਪੂੰਝੇ। ਮਿੱਟੀ ਵਾਲ਼ੇ ਹੱਥਾਂ ਨਾਲ ਹੰਝੂਆਂ ਦਾ ਪਾਣੀ ਲੱਗ ਕੇ ਮੂੰਹ ਬਿੱਲੀਆਂ ਦੇ ਚੱਟੇ ਵਾਂਗ ਹੋਰ ਲਿੱਬੜ ਜਾਂਦਾ ਹੈ ਤਾਂ ਹਾਲਤ ਹੋਰ ਤਰਸਯੋਗ ਹੋ ਜਾਂਦੀ ਹੈ।
ਹੁਣ ਸਾਰੇ ਝੂਟੇ ਲੈਣਾ ਭੁੱਲ ਗਏ ਸਨ,ਝੂਲੇ ਵੀ ਰੁਕ ਕੇ ਸ਼ਾਂਤ ਹੋ ਗਏ ਸਨ ,ਸਾਰਿਆਂ ਦੀ ਪੂਰੀ ਹਮਦਰਦੀ ਮੇਰੇ ਨਾਲ ਸੀ । ਹੁਣ ਸਾਰੇ ਜਾਣੇ ਮੇਰੀਆਂ ਸੱਟਾਂ ਦੀ ਜਾਂਚ ਕਰਨ ਲੱਗੇ। ਗੋਡਿਆਂ ਦੀਆਂ ਝਰੀਟਾਂ ਦੀ ਤਾਂ ਖ਼ੈਰ ਸੀ ਪਰ ਮੇਰਾ ਹੱਥ ਜ਼ੋਰ ਦੀ ਥੱਲੇ ਲੱਗਣ ਕਾਰਨ ਅੰਗੂਠਾ ਕੰਮ ਨਾ ਕਰੇ ਤੇ ਉਹ ਸੁੱਜ ਗਿਆ।ਸਾਰੇ ਆਪਣੇ ਆਪਣੇ ਹਿਸਾਬ ਨਾਲ ਸਲਾਹਾਂ ਦੀ ਫਸਟ ਏਡ ਦੇਣ ਲੱਗੇ ਕਿਉਂਕਿ ਉਹ ਜ਼ਮਾਨਾ ਹੋਰ ਈ ਸੀ, ਮਾਪਿਆਂ ਦਾ ਡਰ ਈ ਐਨਾ ਸੀ ਕਿ ਸੱਟ ਲੱਗਣ ਤੋਂ ਬਾਅਦ ਵੀ ਖ਼ੁਦ ਨੂੰ ਹੀ ਸਾਰੇ ਗੁਨਾਹਗਾਰ ਸਮਝਣ ਲੱਗਦੇ ਸਨ।
ਮਾਪਿਆਂ ਦੀ ਹਮਦਰਦੀ ਤੋਂ ਪਹਿਲਾਂ ਵੱਡੇ ਤੋਂ ਲੈ ਕੇ ਛੋਟੇ ਤੱਕ ਸਭ ਦੇ ਦੱਬ ਕੇ ਡਾਂਟ ਪੈਂਦੀ ਸੀ ਫਿਰ ਕੋਈ ਇਲਾਜ ਵਗੈਰਾ ਬਾਰੇ ਸੋਚਿਆ ਜਾਂਦਾ ਸੀ। ਹੁਣ ਵੱਡਿਆਂ ਜਵਾਕਾਂ ਨੇ ਸਲਾਹ ਦਿੱਤੀ,” ਘਰ ਜਾ ਕੇ….. ਵਿਚਾਰਾ ਜਿਹਾ ਮੂੰਹ ਬਣਾ ਕੇ……. ਸਾਰੇ ਜਾਣੇ ਬੈਠ ਜਾਇਓ….. ਫੇਰ ਜਦ ਮੰਮੀ ਪੁੱਛੇਗੀ ਤਾਂ ਭੋਲਾ ਜਿਹਾ ਮੂੰਹ ਬਣਾ ਕੇ ਬੁੱਲ੍ਹ ਬਟੇਰ ਕੇ ਰੋਣ ਲੱਗ ਜਾਈਂ…….ਤੇ ਮੰਮੀ ਨੂੰ ਆਖੀਂ….”ਮੇਰਾ ਅੰਗੂਠੇ ਦਾ ਗੁੱਟ ਟੁੱਟ ਗਿਆ “…..।” ਅਸੀਂ ਓਵੇਂ ਹੀ ਕੀਤਾ…… ਮੰਮੀ ਨੇ ਪੁੱਛਿਆ,” ਵੇ ਜਵਾਕੋ! ਅੱਜ ਥੋਨੂੰ ਕੀ ਹੋ ਗਿਆ…..? ਅੱਗੇ ਤਾਂ ਅਸਮਾਨ ਸਿਰ ਤੇ ਚੁੱਕਿਆ ਹੁੰਦਾ…..!” ਮੈਂ ਵੱਡਿਆਂ ਦੀ ਸਲਾਹ ਮੁਤਾਬਕ ਐਕਸ਼ਨ ਮੋਡ ਵਿੱਚ ਆਈ…… ਮੂੰਹ ਮੋਟਾ ਜਿਹਾ ਭੋਲ਼ਾ ਜਿਹਾ ਬਣਾ ਕੇ…..ਬੁੱਲ੍ਹ ਬਟੇਰ ਕੇ ਮੰਮੀ ਨੂੰ ਆਖਿਆ,” ਮੰਮੀ ਮੇਰਾ ਅੰਗੂਠੇ ਦਾ ਗੁੱਟ ਟੁੱਟ ਗਿਆ।”
ਬਾਕੀ ਸਾਰੇ ਭੈਣ ਭਰਾ ਚੋਰਾਂ ਵਾਂਗ ਵੇਖਦੇ ਹੋਏ ਮੰਮੀ ਦੇ ਐਕਸ਼ਨ ਦਾ ਇੰਤਜ਼ਾਰ ਕਰ ਰਹੇ ਸਨ। ਸਭ ਦੀ ਜਾਨ ਵਿੱਚ ਜਾਨ ਆਈ ਜਦ ਮੰਮੀ ਨੇ ਹੱਥ ਨੂੰ ਫ਼ੜ ਕੇ ਦੇਖਿਆ ਤੇ ਕੌਲੀ ਵਿੱਚ ਸਰੋਂ ਦਾ ਤੇਲ ਪਾ ਕੇ ਦਿੱਤਾ ਤੇ ਕਿਹਾ,” ਜਾਹ! ਬੀਜੀ ਤੋਂ ਮਾਲਸ਼ ਕਰਵਾ ਲਿਆ…. ।” ਬੀਜੀ ਕੀ ਕੋਠੀ ਤੇ ਸਾਡੇ ਘਰ ਦੇ ਵਿਚਾਲੇ ਇੱਕ ਕੋਠੀ ਹੀ ਪੈਂਦੀ ਸੀ। ਮੈਂ ਗਈ ਤੇ ਬੀਜੀ ਦੇ ਪੁੱਛਣ ਤੇ ਦੱਸਿਆ,” ਬੀਜੀ ਮੇਰੇ ਅੰਗੂਠੇ ਦਾ ਗੁੱਟ ਟੁੱਟ ਗਿਆ।” ਬੀਜੀ ਨੇ ਹੱਸਦੇ ਹੋਏ ਮੇਰੇ ਹੱਥ ਦੀ ਮਾਲਿਸ਼ ਕਰ ਦਿੱਤੀ ਤੇ ਕਿਹਾ,”ਲੈ ਹੁਣ ਨਾ ਰੋਈਂ…… ਤੇਰੇ ਅੰਗੂਠੇ ਦਾ ਗੁੱਟ ਜੁੜ ਗਿਆ ਹੁਣ।” ਮੈਂ ਖੁਸ਼ੀ ਨਾਲ ਦੁੜੰਗੇ ਲਾਉਂਦੀ ਝੂਮਦੀ ਹੋਈ ਨੱਠੀ ਆਈ ਤੇ ਸਾਰਿਆਂ ਨੂੰ ਖੁਸ਼ੀ ਖੁਸ਼ੀ ਦੱਸਿਆ ਕਿ ਮੇਰਾ ਅੰਗੂਠੇ ਦਾ ਗੁੱਟ ਜੁੜ ਗਿਆ ਹੈ।
ਉਸ ਤੋਂ ਬਾਅਦ ਜਦੋਂ ਵੀ ਬੀਜੀ ਨੇ ਮਿਲਣਾ ਤਾਂ ਮੈਨੂੰ ਮਜ਼ਾਕ ਨਾਲ ਪੁੱਛਣਾ,” ਤੇਰਾ ਅੰਗੂਠੇ ਦਾ ਗੁੱਟ ਠੀਕ ਹੈ?” ਮੈਨੂੰ ਸਮਝ ਨਾ ਆਉਣਾ ਕਿ ਬੀਜੀ ਮੇਰਾ ਮਜ਼ਾਕ ਕਿਉਂ ਉਡਾਉਂਦੇ ਹਨ,ਇਹ ਤਾਂ ਵੱਡੇ ਹੋ ਕੇ ਸਮਝ ਪਈ ਕਿ ਅੰਗੂਠੇ ਦਾ ਤਾਂ ਗੁੱਟ ਹੀ ਨਹੀਂ ਹੁੰਦਾ।
ਸੋ ਪਾਠਕੋ ਵੱਡੇ ਹੋਣ ਨਾਲ ਕਦੇ ਆਪਣੇ ਆਪਣੇ ਬਚਪਨ ਦੀ ਦੁਨੀਆਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਵੱਡੀਆਂ ਨਹੀਂ ਹੋਣ ਦੇਣ ਚਾਹੀਦਾ ਕਿਉਂ ਕਿ ਇਹ ਉਹ ਮਨੋਰੰਜਨ ਦਾ ਸਾਧਨ ਹੁੰਦੀਆਂ ਹਨ ਜੋ ਸਾਡੀ ਰੁਝੇਵਿਆਂ ਭਰਪੂਰ ਅਤੇ ਅੱਕੀ ਹੋਈ ਜ਼ਿੰਦਗੀ ਵਿੱਚ ਮੁਸਕਰਾਹਟ ਪੈਦਾ ਕਰਦੀਆਂ ਹਨ।ਜਦ ਕਦੇ ਮਨ ਉਦਾਸ ਹੋਵੇ ਤਾਂ ਆਪਣੇ ਬਚਪਨ ਦੀ ਛੋਟੀ ਮੋਟੀ ਇਲਤ ਨੂੰ ਯਾਦ ਕਰਕੇ ਮੌਜੂਦਾ ਜ਼ਿੰਦਗੀ ਨੂੰ ਰਸਭਰਪੂਰ ਬਣਾਉਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly