ਏਹੁ ਹਮਾਰਾ ਜੀਵਣਾ ਹੈ -98

(ਸਮਾਜ ਵੀਕਲੀ)

ਆਲੀਆਂ ਭੋਲੀਆਂ ਗੱਲਾਂ ਅਤੇ ਮਨ ਪ੍ਰਚਾਵਾ

ਮਨੁੱਖੀ ਜੀਵਨ ਵਿੱਚ ਮਨ ਪ੍ਰਚਾਵਾ ਬਹੁਤ ਜ਼ਰੂਰੀ ਹੈ। ਮਨ ਪ੍ਰਚਾਵਾ ਹੁੰਦਾ ਕੀ ਹੈ? ਅਸਲ ਵਿੱਚ ਵੱਖ ਵੱਖ ਤਰੀਕੇ ਦੇ ਸਾਧਨਾਂ ਦਾ ਇਸਤੇਮਾਲ ਕਰਕੇ ਆਪਣੇ ਆਲ਼ੇ ਦੁਆਲ਼ੇ ਵਿੱਚ ਨਿੱਤਾਪ੍ਰਤੀ ਅਤੇ ਦਿਨ ਭਰ ਦੀਆਂ ਘਟਨਾਵਾਂ ਨਾਲ ਅੱਕੇ ਥੱਕੇ ਤੇ ਚਿੰਤਾਵਾਂ ਨਾਲ਼ ਭਰੇ ਮਨ ਵਿੱਚੋਂ ਇਹਨਾਂ ਨੂੰ ਵਿਸਾਰ ਕੇ ਅੰਦਰੋਂ ਅੰਦਰ ਵਿਸ਼ੇਸ਼ ਖੁਸ਼ੀ ਪੈਦਾ ਕਰਨਾ ਹੀ ਮਨ ਨੂੰ ਪਰਚਾਉਣਾ ਕਿਹਾ ਜਾਂਦਾ ਹੈ। ਇਸ ਦੁਨੀਆਂ ਵਿੱਚ ਵਿਚਰਦੇ ਹਰ ਵਿਅਕਤੀ ਲਈ ਮਨ ਪ੍ਰਚਾਵਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਇਸ ਬਿਨਾਂ ਤਾਂ ਮਨੁੱਖ ਨਿਰਾ ਚਿੰਤਾਵਾਂ ਅਤੇ ਦੁੱਖਾਂ ਦੀ ਪੋਟਲੀ ਬਣ ਕੇ ਰਹਿ ਜਾਵੇਗਾ। ਮਨ ਨੂੰ ਪਰਚਾਉਣ ਲਈ ਹਰ ਵਿਅਕਤੀ ਦੇ ਆਪਣੇ ਆਪਣੇ ਸ਼ੌਕ ਜਾਂ ਆਪਣਾ ਆਪਣਾ ਨਜ਼ਰੀਆ ਹੁੰਦਾ ਹੈ।

ਕਿਸੇ ਨੂੰ ਮਹਿੰਗੀਆਂ ਕਾਰਾਂ ਗੱਡੀਆਂ ਖਰੀਦਣ ਦਾ ਸ਼ੌਕ, ਕਿਸੇ ਨੂੰ ਵਧੀਆ ਕੱਪੜੇ ਖਰੀਦਣ ਦਾ ਸ਼ੌਕ, ਕਿਸੇ ਨੂੰ ਘਰ ਦੀਆਂ ਵਸਤਾਂ ਖਰੀਦ ਕੇ, ਕਿਸੇ ਨੂੰ ਫਿਲਮਾਂ ਦੇਖਣ ਦਾ ਸ਼ੌਕ, ਕਿਸੇ ਨੂੰ ਗਾਣੇ ਸੁਣਨ ਦਾ ਸ਼ੌਕ, ਕਿਸੇ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ, ਕਿਸੇ ਨੂੰ ਚਹੁੰ ਬੰਦਿਆਂ ਵਿੱਚ ਬੈਠ ਕੇ ਗੱਪਾਂ ਮਾਰਨ ਦਾ ਸ਼ੌਕ, ਕਿਸੇ ਨੂੰ ਘੁੰਮਣ ਫਿਰਨ ਦਾ ਸ਼ੌਕ ਆਦਿ ਹੋਰ ਅਨੇਕਾਂ ਹੀ ਸ਼ੌਕ ਮਨੁੱਖ ਲਈ ਮਨਪ੍ਰਚਾਵੇ ਦੇ ਤਰੀਕੇ ਹੀ ਤਾਂ ਹਨ।ਜਿਸ ਕੋਲ ਜਿੰਨੀ ਸਹੂਲਤ ਹੁੰਦੀ ਹੈ, ਓਨਾਂ ਕੁ ਹਰ ਕੋਈ ਮਨਪ੍ਰਚਾਵਾ ਕਰ ਲੈਂਦਾ ਹੈ। ਜਿੰਨ੍ਹਾਂ ਕੋਲ਼ ਸਾਰਾ ਦਿਨ ਮਿਹਨਤ ਮੁਸ਼ੱਕਤ ਤੋਂ ਵਿਹਲ ਨਹੀਂ ਮਿਲਦੀ ਅਤੇ ਉੱਪਰੋਂ ਪਾਈ ਪਾਈ ਦੀ ਕੀਮਤ ਬੇਸ਼ੁਮਾਰ ਹੋਵੇ ,ਕੀ ਉਹਨਾਂ ਨੂੰ ਮਨਪ੍ਰਚਾਵੇ ਤੋਂ ਵਾਂਝਿਆਂ ਰਹਿਣਾ ਪੈਂਦਾ ਹੈ? ਨਹੀਂ, ਬਿਲਕੁਲ ਨਹੀਂ। ਅੱਜ ਆਪਾਂ ਗੱਲ ਕਰਦੇ ਹਾਂ ਸਭ ਤੋਂ ਸਸਤੇ ਮਨਪ੍ਰਚਾਵੇ ਦੇ ਸਾਧਨ ਦੀ ,ਜਿਸ ਲਈ ਨਾ ਤਾਂ ਵਿਅਕਤੀ ਨੂੰ ਪੈਸੇ ਖ਼ਰਚਣ ਦੀ ਲੋੜ ਹੈ ਅਤੇ ਨਾ ਹੀ ਕਿਤੇ ਜਾਣ ਦੀ ਲੋੜ ਹੈ,ਉਸ ਤੋਂ ਵੀ ਵੱਧ ਉਸ ਨੂੰ ਕਿਸੇ ਦੇ ਸਾਥ ਦੀ ਵੀ ਜ਼ਰੂਰਤ ਨਹੀਂ ਪੈਂਦੀ।

ਕਹਿੰਦੇ ਹਨ ਕਿ ਬਚਪਨ ਬਹੁਤ ਭੋਲ਼ਾ ਹੁੰਦਾ ਹੈ ਤੇ ਇਸ ਭੋਲ਼ੇ ਜਿਹੇ ਬਚਪਨ ਵਿੱਚ ਹਰ ਵਿਅਕਤੀ ਦੀ ਜ਼ਿੰਦਗੀ ਵਿੱਚ ਕਈ ਇਹੋ ਜਿਹੀਆਂ ਘਟਨਾਵਾਂ ਸਹਿਜ ਸੁਭਾਅ ਹੀ ਵਾਪਰੀਆਂ ਹੋਈਆਂ ਹੁੰਦੀਆਂ ਹਨ ਕਿ ਇਕੱਲੇ ਬੈਠੇ ਦੇ ਚਿਹਰੇ ਤੇ ਮੁਸਕਰਾਹਟ ਆ ਜਾਂਦੀ ਹੈ। ਆਪਣੇ ਬਚਪਨ ਦੇ ਨਾਲ ਨਾਲ ਆਪਣੇ ਬੱਚਿਆਂ ਦੇ ਬਚਪਨ ਦੀਆਂ, ਆਪਣੇ ਆਂਢ ਗੁਆਂਢ ਦੇ ਬੱਚਿਆਂ ਦੇ ਬਚਪਨ ਦੀਆਂ ਅਨੇਕਾਂ ਯਾਦਾਂ ਇਹੋ ਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਯਾਦ ਕਰਦਿਆਂ ਹੀ ਚਿਹਰੇ ਤੇ ਮਿੱਠੀ ਜਿਹੀ ਮੁਸਕਰਾਹਟ ਆ ਜਾਂਦੀ ਹੈ। ਚਿਹਰੇ ਤੇ ਮੁਸਕਰਾਹਟ ਵੀ ਮਨ ਦੇ ਖੁਸ਼ ਹੋਣ ਨਾਲ ਹੀ ਆਉਂਦੀ ਹੈ। ਜਿਵੇਂ ਇੱਕ ਵਾਰੀ ਦੀ ਗੱਲ ਹੈ ਕਿ ਬਚਪਨ ਵਿੱਚ ਸਾਡੇ ਗੁਆਂਢੀਆਂ ਦੀ ਕੁੜੀ ਨੂੰ ਪੇਪਰ ਵਿੱਚ ਸੁਆਲ ਆਇਆ ਕਿ ਸਾਡੇ ਗੁਆਂਢੀ ਦੇਸ਼ ਕਿਹੜੇ ਕਿਹੜੇ ਹਨ ਤਾਂ ਉਸ ਨੇ ਆਪਣੀ ਸਮਝ ਦੇ ਹਿਸਾਬ ਨਾਲ ਉੱਤਰ ਲਿਖ ਦਿੱਤਾ।

ਜਦ ਸਕੂਲ ਭੈਣ ਜੀ ਨੇ ਪੇਪਰ ਵੰਡੇ ਤਾਂ ਉਹਦੀ ਮੰਮੀ ਨੂੰ ਵੀ ਬੁਲਾ ਕੇ ਦੱਸਿਆ ਤੇ ਮੰਮੀ ਨੇ ਸਾਡੀ ਮੰਮੀ ਕੋਲ ਗੱਲ ਕੀਤੀ,” ਚਾਚੀ ਜੀ,ਦੇਖ ਲਓ,ਸਾਡੀ ਕੁੜੀ ਨੇ ਉੱਤਰ ਲਿਖਿਆ ਹੈ ਕਿ ਸਾਡੇ ਗੁਆਂਢੀ ਦੇਸ਼ ਰਾਣੀ, ਬਿੱਟੂ, ਬੱਬੂ ,ਚਾਚੀ ਜੀ ਅਤੇ ਚਾਚਾ ਜੀ ਹਨ।” ਇਸੇ ਤਰ੍ਹਾਂ ਸਾਡੀ ਜਮਾਤ ਵਿੱਚ ਮੈਡਮ ਨੇ ਬੱਚਿਆਂ ਤੋਂ ਪੁੱਛਿਆ ਕਿ ਦੁੱਧ ਦੇਣ ਵਾਲ਼ੇ ਜਾਨਵਰ ਕਿਹੜੇ ਕਿਹੜੇ ਹਨ ਤਾਂ ਇੱਕ ਬੱਚੇ ਨੇ ਸਭ ਤੋਂ ਪਹਿਲਾਂ ਜਵਾਬ ਦੇਣ ਦੇ ਚੱਕਰ ਵਿੱਚ ਖਿੱਚ ਕੇ ਉੱਚੀ ਸਾਰੀ ਬਾਂਹ ਖੜ੍ਹੀ ਕੀਤੀ ਤੇ ਕਿਹਾ,”ਭੈਣ‌ਜੀ , ਮੈਂ… ਮੈਂ… ਦੇਵਾਂ ਜਵਾਬ?”

ਭੈਣ ਜੀ ਨੇ ਉਸ ਨੂੰ ਖੜ੍ਹਾ ਹੋ ਕੇ ਜਵਾਬ ਦੇਣ ਲਈ ਆਖਿਆ ਤਾਂ ਉਸ ਨੇ ਜਵਾਬ ਦਿੱਤਾ,” ਸਾਡੇ ਦੁੱਧ ਦੇਣ ਵਾਲ਼ੇ ਜਾਨਵਰ ਚਿੜੀ , ਕਾਂ ਤੇ ਤੋਤਾ ਹਨ…” ਸਾਨੂੰ ਵੀ ਉਦੋਂ ਹੀ ਸਮਝ ਆਈ ਕਿ ਉਹ ਗਲਤ ਬੋਲ ਰਿਹਾ ਜਦੋਂ ਭੈਣ ਜੀ ਤੋਂ ਉਸ ਦੇ ਠਾਹ ਠਾਹ ਦੋ ਤਿੰਨ ਚਪੇੜਾਂ ਮੂੰਹ ਤੇ ਪਈਆਂ।ਇਹੀ ਗੱਲ ਹੁਣ ਪਿੱਛੇ ਜਿਹੇ ਆਪਣੀ ਭੈਣ ਨਾਲ਼ ਗੱਲਾਂ ਕਰਕੇ ਹੱਸ ਰਹੇ ਸੀ ਤਾਂ ਦੱਸੀ ਤੇ ਮੇਰੀ ਭੈਣ ਬੋਲੀ,”ਹਾਂ, ਇਸ ਸਵਾਲ ਦਾ ਜਵਾਬ ਤਾਂ ਜਵਾਕ ਗ਼ਲਤ ਈ ਦੇ ਦਿੰਦੇ ਹੁੰਦੇ ਆ,ਮੇਰਾ ਮੁੰਡਾ ਪਹਿਲੀ ਚ ਪੜ੍ਹਦਾ ਲਿਖ ਆਇਆ ਸੀ , ਦੁੱਧ ਦੇਣ ਵਾਲ਼ਾ ਜਾਨਵਰ ਮਾਂ ਹੁੰਦੀ ਹੈ।” ਇਹ ਸੁਣ ਕੇ ਹੋਰ ਵੀ ਹਾਸਾ ਛਿੜ ਗਿਆ। ਉਦੋਂ ਤਾਂ ਇਹ ਗੱਲਾਂ ਚਾਹੇ ਸਾਡੇ ਜਾਂ ਸਾਡੇ ਬੱਚਿਆਂ ਦੇ ਬਚਪਨ ਦੇ ਮੇਚ ਦੀਆਂ ਹੀ ਸਨ ਪਰ ਸਮਾਂ ਬੀਤਣ ਤੇ ਉਹ ਇੱਕ ਅਚਨਚੇਤ ਮਨ ਅੰਦਰ ਖੇੜਾ ਪੈਦਾ ਕਰਨ ਵਾਲੀਆਂ ਗੱਲਾਂ ਬਣ ਗਈਆਂ ਹਨ।

ਇਸ ਤਰ੍ਹਾਂ ਇਹ ਆਲੀਆਂ ਭੋਲੀਆਂ ਗੱਲਾਂ ਨੂੰ ਅੱਜ ਦੇ ਤਣਾਓ ਭਰਪੂਰ ਅਤੇ ਖਿੱਚੋਤਾਣ ਵਾਲੇ ਮਾਹੌਲ ਤੋਂ ਦੁਖੀ ਹੋਏ ਮਨਾਂ ਅੰਦਰ ਖ਼ੁਸ਼ੀ ਪੈਦਾ ਕਰਨ ਲਈ ਇੱਕ ਮਨਪ੍ਰਚਾਵੇ ਦੇ ਸਾਧਨ ਦੇ ਤੌਰ ਤੇ ਵਰਤਣ ਵਿੱਚ ਸੰਕੋਚ ਨਹੀਂ ਕਰਨੀ ਚਾਹੀਦੀ ।ਇਸ ਦੀ ਖ਼ਾਤਰ ਨਾ ਵਿਅਕਤੀ ਨੂੰ ਕਿਤੇ ਜਾਣ ਦੀ ਲੋੜ ਹੈ,ਨਾ ਕੋਈ ਪੈਸਾ ਖ਼ਰਚਣ ਦੀ ਲੋੜ ਹੈ। ਆਮ ਕਰਕੇ ਕਈ ਵਿਅਕਤੀ ਮੌਜੂਦਾ ਦੌਰ ਵਿੱਚ ਵੀ ਤੰਗੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹੁੰਦੇ ਹਨ ਅਤੇ ਬਚਪਨ ਬਾਰੇ ਵੀ ਨਕਾਰਾਤਮਕ ਗੱਲਾਂ ਯਾਦ ਕਰ ਕਰ ਕੇ ਹੋਰ ਨਿਰਾਸ਼ ਹੋਈ ਜਾਣਗੇ।

ਚਾਹੇ ਸਮੇਂ ਦੇ ਨਾਲ਼ ਨਾਲ਼ ਤੁਰਨਾ ਕਾਮਯਾਬੀ ਦੀ ਨਿਸ਼ਾਨੀ ਹੁੰਦੀ ਹੈ ਪਰ ਕੁਝ ਗੱਲਾਂ ਵਿੱਚ ਬੀਤੇ ਸਮਿਆਂ ਦੀਆਂ ਯਾਦਾਂ ਜ਼ਿੰਦਗੀ ਨੂੰ ਸੰਵਾਰਨ ਲਈ ਅਤੇ ਰੰਗੀਨ ਬਣਾਉਣ ਵਿੱਚ ਬਹੁਤ ਸਹਾਈ ਸਿੱਧ ਹੁੰਦੀਆਂ ਹਨ।ਜਦੋਂ ਮਨੁੱਖ ਕਈ ਵਾਰੀ ਜ਼ਿੰਦਗੀ ਦੇ ਕੁਝ ਔਖ਼ੇ ਪਲਾਂ ਤੋਂ ਥੱਕ ਕੇ ਇਕੱਲਾ ਨਿਰਾਸ਼ ਬੈਠਾ ਹੋਵੇ ਤਾਂ ਉਸ ਨੂੰ ਖਿਆਲਾਂ ਦੀ ਉਡਾਰੀ ਮਾਰ ਕੇ ਆਪਣੇ ਬਚਪਨ ਦੇ ਆਸ਼ਿਆਨੇ ਦਾ ਇੱਕ ਚੱਕਰ ਜ਼ਰੂਰ ਲਾਉਣਾ ਚਾਹੀਦਾ ਹੈ,ਉਸ ਵਿੱਚੋਂ ਯਾਦਾਂ ਦੇ ਖਜ਼ਾਨਿਆਂ ਨਾਲ ਝੋਲ਼ੀ ਭਰ ਕੇ ਮਨ ਜ਼ਰੂਰ ਪਰਚਾਉਣਾ ਚਾਹੀਦਾ ਹੈ। ਆਪਣੇ ਪਰਿਵਾਰ ਵਿੱਚ ਆਪਣੇ ਬੱਚਿਆਂ ਵਿੱਚ ਬੈਠ ਕੇ ਆਪਣੇ ਬਚਪਨ ਦੀਆਂ ਰੰਗੀਨ ਯਾਦਾਂ ਸਾਂਝੀਆਂ ਕਰ ਕੇ ਜਿੱਥੇ ਆਪਣਾ ਤੇ ਆਪਣੇ ਬੱਚਿਆਂ ਦਾ ਮਨ ਪ੍ਰਚਾਵਾ ਹੋਵੇਗਾ ਉੱਥੇ ਹੀ ਬੱਚਿਆਂ ਨੂੰ ਬੀਤੇ ਸਮਿਆਂ ਦੀ ਸਿੱਧੀ ਸਾਦੀ ਜੀਵਨਸ਼ੈਲੀ ਦਾ ਗਿਆਨ ਵੀ ਹੋਵੇਗਾ।

ਜਦ ਕਿਤੇ ਸਾਰੇ ਭੈਣ ਭਰਾ ਇਕੱਠੇ ਹੋਏ ਹੋਣ ਤਾਂ ਉਹਨਾਂ ਨੂੰ ਵੀ ਬਚਪਨ ਦੀਆਂ ਯਾਦਾਂ ਦੀ ਸਾਂਝ ਪਾਉਣੀ ਚਾਹੀਦੀ ਹੈ,ਇਸ ਨਾਲ ਆਪਸੀ ਪਿਆਰ ਬਰਕਰਾਰ ਰਹਿੰਦਾ ਹੈ ਅਤੇ ਨਵੀਂ ਪੀੜ੍ਹੀ ਲਈ ਪ੍ਰੇਰਨਾਸ੍ਰੋਤ ਦਾ ਕੰਮ ਕਰਦਾ ਹੈ। ਸੋ ਪਾਠਕੋ,ਇਹ ਆਲੀਆਂ ਭੋਲੀਆਂ ਜਿਹੀਆਂ ਗੱਲਾਂ ਨੂੰ ਆਪਣੇ ਮਨੋਰੰਜਨ ਦਾ ਸਾਧਨ ਬਣਾ ਕੇ ਜੀਵਨ ਜਿਊਣ ਦੀ ਕਲਾ ਹਰ ਕਿਸੇ ਨੂੰ ਆਉਣੀ ਚਾਹੀਦੀ ਹੈ ਤਾਂ ਜ਼ੋ ਇਸ ਪਿਆਰੇ ਜਿਹੇ ਮਨਪ੍ਰਚਾਵੇ ਦੇ ਸਾਧਨ ਨਾਲ ਜ਼ਿੰਦਗੀ ਹੋਰ ਰੰਗੀਨ ਬਣ ਸਕੇ। ਅਸਲ ਵਿੱਚ ਤਾਂ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੰਗੀਆਂ ਆਦਤਾਂ ਅਪਣਾਓ ਬੱਚਿਓ !!!
Next articleਦਿਨੋ-ਦਿਨ ਵੱਧ ਰਿਹੈ ਮਿਲਾਵਟਖੋਰੀ ਦਾ ਧੰਦਾ