(ਸਮਾਜ ਵੀਕਲੀ)
ਪਿਆਰੇ ਪਾਠਕੋ,ਜ਼ਿੰਦਗੀ ਜਿਊਣਾ ਤੇ ਜ਼ਿੰਦਗੀ ਦੇ ਰੰਗ ਮਾਨਣਾ ਆਪਣੇ ਆਪ ਵਿੱਚ ਦੋ ਅਲੱਗ ਵਿਸ਼ੇ ਵੀ ਹੋ ਸਕਦੇ ਹਨ ਜਾਂ ਫਿਰ ਇਹਨਾਂ ਨੂੰ ਇੱਕ ਕਰਕੇ ਵੀ ਦੇਖਿਆ ਜਾ ਸਕਦਾ ਹੈ ਪਰ ਇਹ ਹਰ ਵਿਅਕਤੀ ਦੇ ਆਪਣੇ ਆਪਣੇ ਸੁਭਾਅ ਉੱਤੇ ਨਿਰਭਰ ਕਰਦਾ ਹੈ। ਕਈ ਲੋਕ ਜ਼ਿੰਦਗੀ ਵਿੱਚ ਸਿਰਫ਼ ਦਿਨ ਕਟੀ ਕਰ ਰਹੇ ਹੁੰਦੇ ਹਨ। ਕੋਈ ਕੋਈ ਦੁਨੀਆ ਦਾ ਹਰ ਰੰਗ ਖੁੱਲ੍ਹ ਕੇ ਮਾਨਣਾ ਚਾਹੁੰਦੇ ਹਨ। ਦਿਨ ਕਟੀ ਵੀ ਜੇ ਖੁਸ਼ੀ ਖੁਸ਼ੀ ਕੀਤੀ ਜਾਵੇ ਤਾਂ ਉਸ ਵਰਗਾ ਅਨੰਦ ਵੀ ਕਿਧਰੇ ਹੋਰ ਜਾ ਕੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਜੇ ਦੂਜੇ ਪਾਸੇ ਗੱਲ ਕਰੀਏ ਦੁਨੀਆਂ ਦੇ ਰੰਗ ਮਾਨਣ ਦੀ ਤਾਂ ਕਈ ਲੋਕ ਰੰਗ ਮਾਣਦੇ ਮਾਣਦੇ ਜ਼ਿੰਦਗੀ ਤੋਂ ਵੀ ਹੱਥ ਧੋ ਬੈਠਦੇ ਹਨ।
ਪੰਜਾਬ ਦੀਆਂ ਚੌੜੀਆਂ ਅਤੇ ਪੱਧਰੀਆਂ ਸੜਕਾਂ ਤੇ ਤੇਜ਼ ਰਫ਼ਤਾਰ ਕਾਰਾਂ ਅਤੇ ਮੋਟਰਸਾਈਕਲਾਂ ਨੂੰ ਚਲਾਉਣ ਵਾਲੇ ਨੌਜਵਾਨ ਪਹਾੜਾਂ ਵਿੱਚ ਘੁੰਮਣ ਗਏ ਉੱਥੋਂ ਦੀਆਂ ਸੜਕਾਂ ਉੱਤੇ ਉਸੇ ਤਰ੍ਹਾਂ ਵਾਹਨ ਚਲਾਉਂਦੇ ਹਨ। ਉੱਥੇ ਇੱਕ ਪਾਸੇ ਪਹਾੜ ਤੇ ਦੂਜੇ ਪਾਸੇ ਡੂੰਘੀਆਂ ਖਾਈਆਂ ਹੁੰਦੀਆਂ ਹਨ। ਛੋਟੀ ਜਿਹੀ ਲਾਪਰਵਾਹੀ ਕਾਰਨ ਉਹ ਆਪ ਤਾਂ ਹਾਦਸਿਆਂ ਦਾ ਸ਼ਿਕਾਰ ਹੁੰਦੇ ਹੀ ਹਨ ਪਰ ਕਈ ਧਿਆਨ ਨਾਲ ਆ ਰਹੇ ਲੋਕ ਵੀ ਉਹਨਾਂ ਲੋਕਾਂ ਦੀ ਲਾਪਰਵਾਹੀ ਦੀ ਚਪੇਟ ਵਿੱਚ ਆ ਕੇ ਆਪਣੇ ਟੱਬਰਾਂ ਦੇ ਟੱਬਰ ਗਵਾ ਬੈਠਦੇ ਹਨ। ਪਹਾੜੀ ਇਲਾਕਿਆਂ ਦੇ ਮੌਸਮਾਂ ਤੋਂ ਬੇਖ਼ਬਰ , ਉੱਥੋਂ ਦੇ ਨਦੀਆਂ ਨਾਲਿਆਂ ਤੋਂ ਬੇਖ਼ਬਰ ਇੱਕਦਮ ਆਏ ਪਾਣੀ ਦੇ ਤੇਜ਼ ਸੁਨਾਮੀ ਵਰਗੇ ਬਹਾਅ ਵੱਡੇ ਵੱਡੇ ਵਾਹਨ ਅਤੇ ਕਿੰਨੀਆਂ ਕੀਮਤੀ ਜ਼ਿੰਦਗੀਆਂ ਨੂੰ ਰੁੜ੍ਹਾ ਕੇ ਲੈ ਜਾਂਦੇ ਹਨ।
ਕਈ ਵਾਰ ਭੂ-ਖਿਸਕਣ ਦੀਆਂ ਦਰਦਨਾਕ ਘਟਨਾਵਾਂ ਵਾਪਰਦੀਆਂ ਹਨ। ਵੱਡੇ ਵੱਡੇ ਰਾਕਸ਼ਸਾਂ ਵਰਗੇ ਪਹਾੜਾਂ ਦੇ ਪਹਾੜ ਜਦ ਡਿੱਗਦੇ ਹਨ ਤਾਂ ਸੜਕਾਂ ਦੇ ਨਾਲ ਨਾਲ ਉਹਨਾਂ ਉੱਪਰ ਖੜ੍ਹੇ ਵਾਹਨ ਵੀ ਉਹਨਾਂ ਹੇਠ ਦਫ਼ਨ ਹੋ ਜਾਂਦੇ ਹਨ। ਕਈ ਨੌਜਵਾਨ ਨਦੀਆਂ ਨਾਲਿਆਂ ਦੇ ਪਾਣੀਆਂ ਦੀ ਗਤੀ ਤੋਂ ਅਣਜਾਣ, ਪੰਜਾਬ ਦੀਆਂ ਨਹਿਰਾਂ ਵਿੱਚ ਛਾਲਾਂ ਮਾਰ ਕੇ ਅਸਾਨੀ ਨਾਲ ਤੈਰਨ ਵਾਲੇ ਮੁੰਡੇ ਅਕਸਰ ਉਹਨਾਂ ਦੀ ਤੇਜ਼ ਰਫ਼ਤਾਰੀ ਦੀ ਤਾਬ ਨਾ ਝੱਲਦੇ ਹੋਏ ਦੇਖਦੇ ਹੀ ਦੇਖਦੇ ਰੁੜ੍ਹ ਜਾਂਦੇ ਹਨ। ਮਾਪਿਆਂ ਦੀਆਂ ਲਾਡਲੀਆਂ ਔਲਾਦਾਂ ਦਾ ਇਸ ਤਰ੍ਹਾਂ ਭੰਗ ਦੇ ਭਾੜੇ ਚਲੇ ਜਾਣਾ ਵਾਕਿਆ ਹੀ ਬਹੁਤ ਦੁਖਦਾਈ ਅਤੇ ਅਸਹਿ ਹੁੰਦਾ ਹੈ। ਨਿੱਤ ਪੰਜਾਬ ਵੱਲੋਂ ਘੁੰਮਣ ਗਏ ਨੌਜਵਾਨਾਂ ਦੀਆਂ ਜਦ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਹਨ ਤਾਂ ਹਿਰਦੇ ਵਲੂੰਧਰੇ ਜਾਂਦੇ ਹਨ।
ਸਾਰੇ ਸੈਲਾਨੀਆਂ ਨੂੰ ਇਹ ਜ਼ਰੂਰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਜਿੱਥੇ ਉਹ ਘੁੰਮਣ ਜਾ ਰਹੇ ਹਨ ਕੀ ਉਹਨਾਂ ਥਾਵਾਂ ਤੋਂ ਜਾਣੂ ਹਨ? ਨਹੀਂ ਤਾਂ ਹਰ ਓਪਰੀ ਜਗ੍ਹਾ ਤੇ ਜਾ ਕੇ ਦਾਇਰੇ ਵਿੱਚ ਰਹਿ ਕੇ ਹੀ ਮਨੋਰੰਜਨ ਕਰਨਾ ਚਾਹੀਦਾ ਹੈ। ਲੋਕ ਵਿਖਾਵੇ ਦੀ ਰੁਚੀ ਨੂੰ ਆਪਣੇ ਉੱਪਰ ਭਾਰੂ ਨਹੀਂ ਹੋਣ ਦੇਣਾ ਚਾਹੀਦਾ। ਸੈਲਫੀਆਂ ਲੈਂਦੇ ਡੂੰਘੀਆਂ ਖਾਈਆਂ ਵਿੱਚ ਗਿਰ ਜਾਣ ਵਰਗੀਆਂ ਘਟਨਾਵਾਂ ਤੋਂ ਬਚਣਾ ਚਾਹੀਦਾ ਹੈ। ਸੜਕਾਂ ਉੱਤੇ ਸਿਰਫ਼ ਓਧਰਲੇ ਲੋਕਾਂ ਜਾਂ ਮੌਸਮ ਮਾਹਿਰਾਂ ਦੀਆਂ ਹਿਦਾਇਤਾਂ ਅਨੁਸਾਰ ਹੀ ਨਿਕਲਣਾ ਚਾਹੀਦਾ ਹੈ। ਇਹ ਜ਼ਿੰਦਗੀ ਬਹੁਤ ਅਨਮੋਲ ਹੈ ਇਸਨੂੰ ਅਜਾਈਂ ਨਹੀਂ ਗਵਾਉਣਾ ਚਾਹੀਦਾ।
ਇਹ ਤਾਂ ਹੀ ਸੰਭਵ ਹੈ ਜੇਕਰ ਨਿੱਤ ਪ੍ਰਤੀ ਦਿਨ ਵਾਪਰ ਰਹੇ ਹਾਦਸਿਆਂ ਤੋਂ ਕੋਈ ਸਬਕ ਸਿੱਖ ਕੇ ਇਹੋ ਜਿਹੀਆਂ ਵਧ ਰਹੀਆਂ ਦੁਰਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਥੋੜ੍ਹੇ ਸੁਚੇਤ ਅਤੇ ਚੁਕੰਨੇ ਹੋ ਕੇ ਯਾਤਰਾਵਾਂ ਕੀਤੀਆਂ ਜਾਣ। ਅਸਲੀ ਸਮਝਦਾਰ ਮਨੁੱਖ ਉਹੀ ਹੁੰਦੇ ਹਨ ਜੋ ਆਪਣੀ ਸੁਰੱਖਿਆ ਦੇ ਨਾਲ਼ ਦੂਜਿਆਂ ਦੀ ਜ਼ਿੰਦਗੀ ਵੱਲ ਵੀ ਧਿਆਨ ਦੇਣ ਕਿਉਂਕਿ ਸਮਝਦਾਰੀ ਵਰਤਕੇ ਜ਼ਿੰਦਗੀ ਦੇ ਪੈਂਡਿਆਂ ਤੇ ਹੱਸਦੇ ਹੱਸਦੇ ਅੱਗੇ ਵਧਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly