(ਸਮਾਜ ਵੀਕਲੀ)
ਮਨੁੱਖੀ ਕਿਰਦਾਰ ਦੀ ਉਸਾਰੀ ਵਿੱਚ ਸੱਚ ਦਾ ਕਿੰਨਾ ਕੁ ਮਹੱਤਵ ਹੈ,ਆਓ ਅੱਜ ਆਪਾਂ ਇਸ ਬਾਰੇ ਪੜਚੋਲ ਕਰੀਏ। ਸੱਚ ਇੱਕ ਅਜਿਹਾ ਗੁਣ ਹੈ ਜੋ ਕਿਸੇ ਵੀ ਮਨੁੱਖੀ ਸ਼ਖ਼ਸੀਅਤ ਨੂੰ ਪ੍ਰਗਟਾਉਣ ਦਾ ਇੱਕ ਵਧੀਆ ਜ਼ਰੀਆ ਹੈ। ਉਦਾਹਰਣ ਦੇ ਤੌਰ ਤੇ ਜੇ ਕਿਸੇ ਵਿਅਕਤੀ ਬਾਰੇ ਉਸ ਦੇ ਬਿਲਕੁਲ ਸੱਚਾ-ਸੁੱਚਾ ਹੋਣ ਦੀ ਧਾਰਨਾ ਬਣ ਜਾਵੇ ਤਾਂ ਹਰ ਕੋਈ ਉਸ ਨੂੰ ਇੱਜ਼ਤ ਦੀ ਨਿਗਾਹ ਨਾਲ ਦੇਖਦਾ ਹੈ। ਕਿਸੇ ਵਿਅਕਤੀ ਦੇ ਸੱਚ ਵਰਗੇ ਗੁਣ ਦਾ ਧਾਰਨੀ ਹੋਣਾ ਉਸ ਦੀ ਸ਼ਖ਼ਸੀਅਤ ਨੂੰ ਹੀ ਬਦਲ ਕੇ ਰੱਖ ਦਿੰਦਾ ਹੈ। ਉਸ ਦੀ ਸ਼ਖ਼ਸੀਅਤ ਵਿੱਚ ਇਸ ਇੱਕ ਗੁਣ ਨੂੰ ਅਪਣਾਉਣ ਕਰਕੇ ਹੋਰ ਕਈ ਗੁਣ ਆਪਣੇ ਆਪ ਜਨਮ ਲੈ ਲੈਂਦੇ ਹਾਂ। ਜਿਹੜੇ ਵਿਅਕਤੀ ਅੰਦਰ ਸੱਚ ਦਾ ਵਾਸ ਹੋਵੇ ਉਸ ਅੰਦਰ ਕਿਸੇ ਗੱਲ ਦਾ ਭੈਅ ਨਹੀਂ ਰਹਿੰਦਾ।ਉਸ ਅੰਦਰ ਨਿਡਰਤਾ ਵਰਗਾ ਗੁਣ ਉਪਜਦਾ ਹੈ।
ਉਸ ਦੇ ਅੰਦਰ ਕਿੰਤੂ ਪ੍ਰੰਤੂ ਵਾਲ਼ੀ ਧਾਰਨਾ ਵੀ ਖ਼ਤਮ ਹੋ ਜਾਂਦੀ ਹੈ। ਉਹ ਹਰ ਤਰ੍ਹਾਂ ਦੇ ਵਿਅਕਤੀ ਅਤੇ ਹਾਲਾਤਾਂ ਅੱਗੇ ਬਹੁਤ ਨਿਡਰਤਾ ਨਾਲ ਖੜ ਸਕਦਾ ਹੈ।ਉਸ ਦੀ ਸ਼ਖ਼ਸੀਅਤ ਦਲੇਰ ਬਣਦੀ ਹੈ ਕਿਉਂਕਿ ਇਸ ਤੋਂ ਉਲਟ ਝੂਠ ਦੀਆਂ ਅੱਖਾਂ ਅੱਗੇ ਹਰ ਵੇਲੇ ਫੜੇ ਜਾਣ ਦਾ ਭੈਅ ਉਪਜਦਾ ਹੈ, ਭੈਅ ਤੋਂ ਸਹਿਮ ਪੈਦਾ ਹੁੰਦਾ ਹੈ। ਸਹਿਮਿਆ ਅਤੇ ਡਰਿਆ ਹੋਇਆ ਵਿਅਕਤੀ ਕਦੇ ਵੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਦਾ ਮਾਲਕ ਨਹੀਂ ਹੋ ਸਕਦਾ। ਗੱਲ ਇੱਥੇ ਹੀ ਨਹੀਂ ਮੁੱਕਦੀ, ਸੱਚੇ ਵਿਅਕਤੀ ਅੰਦਰੋਂ ਜਿੱਥੇ ਭੈਅ ਮੁਕਤ ਹੋ ਕੇ ਦਲੇਰੀ ਵਰਗੇ ਗੁਣ ਉਪਜਦੇ ਹਨ ਉੱਥੇ ਹੀ ਨਿਰਪੱਖਤਾ ਵਰਗਾ ਗੁਣ ਜਨਮ ਲੈਂਦਾ ਹੈ ਕਿਉਂਕਿ ਸੱਚਾ ਵਿਅਕਤੀ ਪੱਖਪਾਤੀ ਵਿਚਾਰਧਾਰਾ ਤੋਂ ਉੱਪਰ ਉੱਠ ਕੇ ਸਿਰਫ਼ ਸੱਚ ਦਾ ਸਾਥ ਦਿੰਦਾ ਹੈ। ਜਿਸ ਨਾਲ ਅੱਗੋਂ ਉਸ ਉੱਤੇ ਨਿੱਜਤਾ ਭਾਰੂ ਨਹੀਂ ਹੋ ਸਕਦੀ।
ਨਿੱਜਤਾ ਤੋਂ ਉੱਪਰ ਉੱਠਿਆ ਵਿਅਕਤੀ ਚੰਗੇ ਮਾੜੇ ਦੀ ਪਰਖ਼ ਸਹਿਜੇ ਹੀ ਕਰ ਸਕਦਾ ਹੈ। ਉਹ ਇੱਕ ਚੰਗਾ ਪਾਰਖੂ ਬਣ ਜਾਂਦਾ ਹੈ। ਜਿਸ ਨਾਲ ਉਹ ਬੁਰੇ ਲੋਕਾਂ ਤੋਂ ਸਹਿਜੇ ਹੀ ਆਪਣੀ ਦੂਰੀ ਬਣਾਉਣ ਦੇ ਯੋਗ ਬਣ ਜਾਂਦਾ ਹੈ। ਇਹੋ ਜਿਹਾ ਵਿਅਕਤੀ ਸਮਾਜ ਵਿੱਚ ਇੱਕ ਪ੍ਰਭਾਵਸ਼ਾਲੀ ਸ਼ਖ਼ਸੀਅਤ ਦਾ ਦਰਜਾ ਹਾਸਲ ਕਰਦਾ ਹੈ। ਜ਼ਿੰਦਗੀ ਵਿੱਚ ਸਚਾਈ ਵਰਗਾ ਇੱਕ ਗੁਣ ਅਪਣਾਉਣ ਨਾਲ ਮਨੁੱਖ ਜਿੱਥੇ ਇੱਕ ਪ੍ਰਭਾਵਸ਼ਾਲੀ ਸ਼ਖ਼ਸੀਅਤ ਦਾ ਮਾਲਕ ਬਣਦਾ ਹੈ ਉੱਥੇ ਸੱਚ ਦਾ ਸਾਥ ਦੇਣ ਵਾਲੇ ਵਿਅਕਤੀ ਦਾ ਮਨ ਵੀ ਪ੍ਰਸੰਨ ਰਹਿੰਦਾ ਹੈ।ਮਨ ਪ੍ਰਸੰਨ ਰਹਿਣ ਨਾਲ ਇਹੋ ਜਿਹਾ ਵਿਅਕਤੀ ਆਪਣੇ ਆਲ਼ੇ ਦੁਆਲ਼ੇ ਇੱਕ ਖੁਸ਼ਗਵਾਰ ਮਾਹੌਲ ਸਿਰਜਦਾ ਹੈ ।
ਇਸ ਤਰ੍ਹਾਂ ਖੁਸ਼ੀ ਭਰਿਆ ਵਾਤਾਵਰਨ ਸਿਰਜਣ ਨਾਲ਼ ਉਹ ਮਾਨਸਿਕ ਤੌਰ ਤੇ ਤੰਦਰੁਸਤ ਅਤੇ ਖੁਸ਼ਹਾਲ ਜੀਵਨ ਬਤੀਤ ਕਰਨ ਦੇ ਸਮਰੱਥ ਹੁੰਦਾ ਹੈ। ਇਸ ਤਰ੍ਹਾਂ ਸੱਚ ਇੱਕ ਇਹੋ ਜਿਹਾ ਗੁਣ ਹੈ ਜੋ ਕਿਸੇ ਵੀ ਵਿਅਕਤੀ ਦੀ ਸ਼ਖ਼ਸੀਅਤ ਨੂੰ ਪ੍ਰਭਾਵਸ਼ਾਲੀ ਅਤੇ ਉਸ ਦੇ ਜੀਵਨ ਨੂੰ ਖੁਸ਼ਗਵਾਰ ਬਣਾਉਂਦਾ ਹੈ। ਇਸ ਇੱਕ ਗੁਣ ਨੂੰ ਧਾਰਨ ਕਰ ਕੇ ਬਾਕੀ ਗੁਣ ਮਨੁੱਖ ਅੰਦਰ ਆਪਣੇ ਆਪ ਉਪਜਦੇ ਹਨ।ਇਸ ਲਈ ਸੱਚ ਦਾ ਪੱਲਾ ਫੜਿਆਂ ਹਰ ਵਿਅਕਤੀ ਇੱਕ ਪ੍ਰਭਾਵਸ਼ਾਲੀ ਸ਼ਖ਼ਸੀਅਤ ਦਾ ਮਾਲਕ ਬਣ ਸਕਦਾ ਹੈ। ਇਸ ਲਈ ਹਰ ਵਿਅਕਤੀ ਜੇ ਇਸ ਗੁਣ ਦਾ ਧਾਰਨੀ ਬਣ ਕੇ ਜ਼ਿੰਦਗੀ ਬਤੀਤ ਕਰੇ ਤਾਂ ਉਸ ਦਾ ਦੁਨੀਆਂ ਤੇ ਆਉਣਾ ਸਫਲ ਹੈ ਕਿਉਂਕਿ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly