ਏਹੁ ਹਮਾਰਾ ਜੀਵਣਾ ਹੈ -90

(ਸਮਾਜ ਵੀਕਲੀ)

ਅੱਜ ਦਾ ਮਨੁੱਖ ਆਪਣੇ ਸਰੀਰ ਤੋਂ ਮਸ਼ੀਨ ਵਾਂਗ ਕੰਮ ਲੈ ਰਿਹਾ ਹੈ। ਪਦਾਰਥਵਾਦੀ ਯੁੱਗ ਹੋਣ ਕਰਕੇ ਪਦਾਰਥਾਂ ਦੇ ਪਿੱਛੇ ਦੀ ਦੌੜ ਵਿੱਚ ਮੁਕਾਬਲਾ ਟੱਕਰ ਦਾ ਹੈ। ਸਾਰਿਆਂ ਨੂੰ ਪੈਸੇ ਦੀ ਤਮ੍ਹਾਂ ਘਣੇਰੀ ਹੈ ਜਿਸ ਕਰਕੇ ਮਨੁੱਖ ਦਾ ਦਿਮਾਗ ਵੀ ਪੈਸਾ ਅਤੇ ਪਦਾਰਥਾਂ ਦੀ ਪ੍ਰਾਪਤੀ ਦੀਆਂ ਤਰਕੀਬਾਂ ਘੜਦਾ ਘੜਦਾ ਘੜੀ ਦੀ ਸਕਿੰਟਾਂ ਵਾਲ਼ੀ ਸੂਈ ਵਾਂਗ ਤੇਜ਼ ਤੇਜ਼ ਟਿਕ ਟਿਕ ਕਰਕੇ ਚੱਲੀ ਜਾਂਦਾ ਹੈ। ਉਹ ਇਸ ਦਿਮਾਗ਼ੀ ਸੋਚ ਦੀ ਤੇਜ਼ ਰਫ਼ਤਾਰੀ ਕਾਰਨ ਆਪਣੀ ਸੰਭਾਲ ਕਰਨਾ ਵੀ ਭੁੱਲ ਗਿਆ ਹੈ। ਅਜੋਕਾ ਮਨੁੱਖ ਆਪਣੇ ਸਰੀਰ ਦੀ ,ਖਾਣ ਪੀਣ ਦੀਆਂ ਆਦਤਾਂ, ਆਪਣੇ ਦਿਨ ਦੀ ਸ਼ੁਰੂਆਤ ਤੋਂ ਲੈਕੇ ਸੌਣ ਵੇਲੇ ਤੱਕ ਦੀ ਸਮਾਂ ਸਾਰਣੀ, ਆਪਣੀ ਸਰੀਰਕ ਤੇ ਦਿਮਾਗ਼ੀ ਸਿਹਤ , ਆਪਣਾ ਸਮਾਜਿਕ ਵਰਤਾਰਾ, ਆਪਣੀ ਮਾਨਸਿਕਤਾ ਨੂੰ ਭੁੱਲੀਂ ਬੈਠਾ ਹੈ। ਜਿਸ ਕਰਕੇ ਉਹ ਕਈ ਪੱਖਾਂ ਤੋਂ ਆਪਣੇ ਆਪ ਨੂੰ ਮੁਸ਼ਕਲ ਵਿੱਚ ਪਾ ਲੈਂਦਾ ਹੈ।

ਸਿਆਣੇ ਕਹਿੰਦੇ ਹਨ,’ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ’, ਗੱਲ ਤਾਂ ਠੀਕ ਹੀ ਹੈ।ਉਹੋ ਜਿਹੀਆਂ ਕਮਾਈਆਂ ਕੀਤੀਆਂ ਦਾ ਕੀ ਫ਼ਾਇਦਾ ਜੇ ਮਨੁੱਖ ਆਪਣੇ ਆਪ ਨੂੰ ਛੱਤੀ ਰੋਗ ਹੀ ਸਹੇੜ ਬੈਠੇ। ਹਰ ਵਿਅਕਤੀ ਨੂੰ ਆਪਣੇ ਕਰਮ ਕਾਰਜ ਤੋਂ ਇਲਾਵਾ ਆਪਣੇ ਆਪ ਨੂੰ ਹੋਰ ਗਤੀਵਿਧੀਆਂ ਨਾਲ ਵੀ ਜੋੜਨਾ ਚਾਹੀਦਾ ਹੈ। ਜਿਹੜਾ ਮਨੁੱਖ ਆਪਣੇ ਸਵੇਰ ਤੋਂ ਰਾਤ ਤੱਕ ਦੇ ਸਮੇਂ ਨੂੰ ਵੱਖ ਵੱਖ ਗਤੀਵਿਧੀਆਂ ਵਿੱਚ ਰੁਝਾਈ ਰੱਖੇਗਾ ਉਸ ਦੇ ਮਨ ਅੰਦਰ ਭਟਕਣ ਪੈਦਾ ਨਹੀਂ ਹੁੰਦੀ।ਉਸ ਨੂੰ ਡਿਪਰੈਸ਼ਨ ਵਰਗੀਆਂ ਬੀਮਾਰੀਆ ਛੂਹ ਵੀ ਨਹੀਂ ਸਕਦੀਆਂ।ਉਸ ਦਾ ਮਨ ਹਮੇਸ਼ਾ ਜ਼ਿੰਦਗੀ ਵਿੱਚੋਂ ਕੁਝ ਸਕਾਰਾਤਮਕ ਨਤੀਜੇ ਲੱਭਣ ਦੀ ਕੋਸ਼ਿਸ਼ ਵਿੱਚ ਜੁਟਿਆ ਦਿਸੇਗਾ। ਇਹੋ ਜਿਹੇ ਅਭਿਆਸੀ ਮਨੁੱਖ ਹਮੇਸ਼ਾ ਜਗਿਆਸੂ ਪ੍ਰਵਿਰਤੀ ਦੇ ਹੁੰਦੇ ਹਨ। ਉਹਨਾਂ ਅੰਦਰ ਕੁਝ ਚੰਗਾ ਗ੍ਰਹਿਣ ਕਰਨ ਦੀ ਰੁਚੀ ਹੁੰਦੀ ਹੈ ਜਿਸ ਦੇ ਚੰਗੇ ਨਤੀਜੇ ਨਿਕਲਦੇ ਹਨ। ਇਸ ਤਰ੍ਹਾਂ ਕਰਕੇ ਮਨੁੱਖ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ।

ਸਵੇਰੇ ਜਲਦੀ ਉੱਠ ਕੇ ਮਨ ਨੂੰ ਕੁਦਰਤ ਅਤੇ ਪਰਮਾਤਮਾ ਨਾਲ ਜੋੜਨ ਵਾਲਾ ਵਿਅਕਤੀ ਮਾਨਸਿਕ ਤੌਰ ਤੇ ਸੰਤੁਸ਼ਟ ਅਤੇ ਤੰਦਰੁਸਤ ਰਹਿੰਦਾ ਹੈ ਜਦ ਕਿ ਇਸ ਤੋਂ ਉਲਟ ਜਿਹੜਾ ਵਿਅਕਤੀ ਸਵੇਰ ਨੂੰ ਹਫ਼ੜਾ ਦਫੜੀ ਵਿੱਚ ਉੱਠ ਕੇ ਕੰਮਕਾਜ ਨੂੰ ਨਿਕਲ਼ਦਾ ਹੈ, ਉਸ ਵਿਅਕਤੀ ਦਾ ਮਨ ਸਾਰਾ ਦਿਨ ਅਸ਼ਾਂਤ, ਖਿਝਿਆ ਹੋਇਆ ਹੀ ਰਹੇਗਾ। ਇਹ ਮਨੁੱਖ ਦੀ ਨਿੱਜਤਾ ਜਾਂ ਸਵੈ ਸੰਭਾਲ ਦਾ ਪਹਿਲਾ ਕਦਮ ਹੁੰਦਾ ਹੈ ਜੋ ਉਸ ਨੂੰ ਸਰਬਪੱਖੀ ਸ਼ਖ਼ਸੀਅਤ ਬਣਾਉਣ ਵਿੱਚ ਮਦਦ ਕਰਦਾ ਹੈ। ਮਾਨਸਿਕ ਸਿਹਤ ਦਾ ਪ੍ਰਭਾਵ ਸਿੱਧੇ ਜਾਂ ਅਸਿੱਧੇ ਤੌਰ ਤੇ ਮਨੁੱਖ ਦੇ ਸਰੀਰ ਤੇ ਪੈਂਦਾ ਹੈ।ਜਿਸ ਵਿਅਕਤੀ ਦਾ ਮਨ ਖ਼ੁਸ਼ ਹੋਵੇਗਾ ਉਸ ਦਾ ਚਿਹਰਾ ਖਿੜਿਆ ਰਹਿੰਦਾ ਹੈ,ਉਹ ਹਰ ਕਿਸੇ ਨਾਲ ਹੱਸ ਕੇ ਗੱਲ ਕਰਦਾ ਹੈ ਤਾਂ ਇੱਕ ਚੰਗਾ ਸਮਾਜਿਕ ਪ੍ਰਾਣੀ ਹੋਣ ਦੀ ਉਦਾਹਰਣ ਵੀ ਪੇਸ਼ ਕਰਦਾ ਹੈ। ਇੱਕ ਚੰਗਾ ਸਮਾਜਿਕ ਪ੍ਰਾਣੀ ਸਭ ਵੱਲੋਂ ਸਤਿਕਾਰਿਆ ਜਾਂਦਾ ਹੈ ਜੋ ਉਸ ਦਾ ਸਵੈਮਾਣ ਵੀ ਵਧਾਉਂਦਾ ਹੈ।

ਹਰ ਵਿਅਕਤੀ ਨੂੰ ਆਪਣੇ ਖਾਣ ਪੀਣ ਦੀਆਂ ਆਦਤਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਜੇ ਮਨੁੱਖ ਖਾਣਾ ਹੀ ਸਮਾਂ ਕੱਢ ਕੇ ਢੰਗ ਨਾਲ ਨਹੀਂ ਖਾਂਦਾ ਤਾਂ ਉਸ ਕਮਾਈ ਕਰਨ ਦਾ ਕੀ ਫਾਇਦਾ? ਹਰ ਵਿਅਕਤੀ ਦੀ ਸਿਹਤ ਉੱਪਰ ਉਸ ਦੇ ਖਾਣ ਪੀਣ ਦੀਆਂ ਆਦਤਾਂ ਦਾ ਬਹੁਤ ਅਸਰ ਪੈਂਦਾ ਹੈ। ਅੱਜ ਕੱਲ੍ਹ ਬਹੁਤੇ ਲੋਕ ਕੰਮਾਂ ਕਾਰਾਂ ਦੇ ਰੁਝੇਵਿਆਂ ਕਾਰਨ ਜਾਂ ਤਾਂ ਖਾਣਾ ਸਮੇਂ ਸਿਰ ਨਹੀਂ ਖਾਂਦੇ ਜਾਂ ਫਿਰ ਖਾਣਾ ਬਣਾਉਣ ਜਾਂ ਖਾਣ ਦਾ ਸਮਾਂ ਨਾ ਮਿਲਣ ਤੇ ਬਜ਼ਾਰੀ ਖਾਣੇ ਖਾ ਖਾ ਕੇ ਆਪਣੀ ਸਿਹਤ ਨੂੰ ਹੌਲ਼ੀ ਹੌਲ਼ੀ ਹਾਨੀ ਪਹੁੰਚਾਉਣ ਦੀ ਕਸਰ ਨਹੀਂ ਛੱਡਦੇ। ਘਰ ਦਾ ਬਣਿਆ ਖਾਣਾ ਸਮੇਂ ਸਿਰ ਖਾਣ ਨਾਲ ਮਨੁੱਖ ਦੀ ਸਿਹਤ ਠੀਕ ਰਹਿੰਦੀ ਹੈ। ਸਮੇਂ ਸਮੇਂ ਤੇ ਆਪਣੀ ਡਾਕਟਰੀ ਸਰੀਰਕ ਜਾਂਚ ਵੀ ਜ਼ਰੂਰ ਕਰਵਾਉਂਦੇ ਰਹਿਣਾ ਚਾਹੀਦਾ ਹੈ।

ਆਪਣੀ ਭੱਜ ਦੌੜ ਦੀ ਜ਼ਿੰਦਗੀ ਵਿੱਚੋਂ ਕੁਝ ਪਲ ਵਿਹਲ ਦੇ ਜ਼ਰੂਰ ਕੱਢਣੇ ਚਾਹੀਦੇ ਹਨ। ਆਪਣੇ ਪਰਿਵਾਰ ਜਾਂ ਦੋਸਤਾਂ ਨਾਲ ਮਿਲ ਕੇ ਕਿਤੇ ਘੁੰਮਣ ਜਾਣਾ ਜਾਂ ਕੋਈ ਛੋਟੀ ਮੋਟੀ ਪਾਰਟੀ ਕਰਕੇ ਮਨ ਨੂੰ ਪਰਚਾਉਣਾ ਵੀ ਮਨੁੱਖ ਦੀ ਸਵੈ ਸੰਭਾਲ ਦਾ ਹੀ ਇੱਕ ਹਿੱਸਾ ਹੈ।ਇਹੋ ਜਿਹੀਆਂ ਛੋਟੀਆਂ ਛੋਟੀਆਂ ਗਤੀਵਿਧੀਆਂ ਮਨੁੱਖ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ ਜੋ ਸਮੇਂ ਸਮੇਂ ਤੇ ਉਸ ਦੀ ਨਿੱਜੀ ਸੋਚ ਵਿੱਚ ਇੱਕ ਖੁਸ਼ਨੁਮਾ ਸੰਸਾਰ ਸਿਰਜਦੀਆਂ ਹਨ। ਅੰਦਰੋਂ ਖੁਸ਼ ਵਿਅਕਤੀ ਕਦੇ ਸਰੀਰਕ ਅਤੇ ਮਾਨਸਿਕ ਤੌਰ ਤੇ ਬਿਮਾਰ ਨਹੀਂ ਹੋ ਸਕਦਾ। ਆਪਣੇ ਕੰਮ ਤੋਂ ਇਲਾਵਾ ਮਾਪਿਆਂ ਨੂੰ,ਜੀਵਨ ਸਾਥੀ ਨੂੰ ਅਤੇ ਬੱਚਿਆਂ ਨੂੰ ਥੋੜ੍ਹਾ ਥੋੜ੍ਹਾ ਸਮਾਂ ਵੱਖਰੇ ਤੌਰ ਤੇ ਦਿੰਦੇ ਰਹਿਣ ਨਾਲ ਪਰਿਵਾਰ ਵਿੱਚ ਹਰ ਵਿਅਕਤੀ ਦੇ ਦਿਲ ਵਿੱਚ ਉਸ ਪ੍ਰਤੀ ਇੱਕ ਅਹਿਮ ਰੁਤਬਾ ਬਣਿਆ ਰਹਿੰਦਾ ਹੈ।

ਇਸ ਤਰ੍ਹਾਂ ਇਹ ਸਾਰੀਆਂ ਗੱਲਾਂ ਦਾ ਮਨੁੱਖ ਦੇ ਮਨ,ਸਰੀਰ ਅਤੇ ਦਿਮਾਗ ਉੱਪਰ ਗਹਿਰਾ ਪ੍ਰਭਾਵ ਪੈਂਦਾ ਹੈ। ਇਹਨਾਂ ਛੋਟੀਆਂ ਛੋਟੀਆਂ ਗੱਲਾਂ ਪ੍ਰਤੀ ਮਨੁੱਖ ਸੁਚੇਤ ਹੋ ਕੇ ਸਵੈ ਸੰਭਾਲ ਬਹੁਤ ਜ਼ਰੂਰੀ ਹੈ। ” ਸਾਰੀਆਂ ਗੱਲਾਂ ਬਾਦ ਚ ਪਹਿਲਾਂ ਸਿਹਤ ਜ਼ਰੂਰੀ ਹੈ” ਦੇ ਸਿਧਾਂਤ ਨਾਲ ਆਪਣੇ ਆਪ ਦਾ ਧਿਆਨ ਰੱਖਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਇਓ
9988901324

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਵਿੰਦਰ ਸਿੰਘ ਸੋਢੀ ਦਾ ਕਾਵਿ ਸੰਗ੍ਰਹਿ ‘ਅੱਧਾ ਅੰਬਰ ਅੱਧੀ ਧਰਤੀ’ ਸਾਹਿਤਕ ਵਿਅੰਗ
Next articleਸਮੇਂ ਦੀ ਕਦਰ