(ਸਮਾਜ ਵੀਕਲੀ)
ਅਕਸਰ ਆਪਾਂ ਦੇਖਦੇ ਹਾਂ ਕਿ ਕਿਸੇ ਦੀ ਅੱਲੜ੍ਹ ਉਮਰ ਦੀ ਔਲਾਦ ਜਿਵੇਂ ਜਿਵੇਂ ਆਪਣੇ ਖੰਭ ਖਿਲਾਰਨਾ ਸ਼ੁਰੂ ਕਰਦੀ ਹੈ, ਉਹ ਘਰ ਤੋਂ ਬਾਹਰ ਨਵੇਂ ਨਵੇਂ ਦੋਸਤ ਮਿੱਤਰ ਬਣਾ ਕੇ ਨਵੀਂ ਦੁਨੀਆਂ ਸਿਰਜ ਰਹੀ ਹੁੰਦੀ ਹੈ ਤੇ ਮਾਪੇ ਇਸ ਅਚਨਚੇਤ ਆਉਣ ਵਾਲ਼ੀ ਤਬਦੀਲੀ ਤੋਂ ਅਣਜਾਣ ਹੁੰਦੇ ਹਨ। ਪਰ ਲੋਕਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਹੁੰਦੀ ਹੈ ਕਿ ਕਿਸ ਦੀ ਔਲਾਦ ਕਿਸ ਰਸਤੇ ਤੇ ਤੁਰ ਪਈ ਹੈ।ਪਰ ਜੇ ਕੋਈ ਭੁੱਲ ਭੁਲੇਖੇ ਦੱਸ ਵੀ ਦੇਵੇ ਕਿ ਤੁਹਾਡੇ ਬੱਚੇ ਦੀ ਕੰਪਨੀ ਵਿਗੜ ਰਹੀ ਹੈ ਤਾਂ ਬਹੁਤੇ ਮਾਪੇ ਤਾਂ ਉਹਨਾਂ ਦੇ ਗਲ਼ ਹੀ ਪੈ ਜਾਂਦੇ ਹਨ ਤੇ ਕਹਿੰਦੇ ਹਨ,” ਤੁਹਾਡੀ ਸਾਡੇ ਬੱਚਿਆਂ ਬਾਰੇ ਇਹ ਗੱਲ ਕਰਨ ਦੀ ਹਿੰਮਤ ਕਿਵੇਂ ਪਈ?
ਸਾਡੇ ਬੱਚੇ ਬਾਰੇ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਸਾਡੇ ਹੱਥਾਂ ਵਿੱਚ ਹੀ ਪਲ਼ੇ ਹਨ।” ਦੱਸੋ ਫਿਰ ਕੋਈ ਕੀ ਆਖੇ? ਜਿਹੜੇ ਸਮਝਦਾਰ ਮਾਪੇ ਹੋਣ ਉਹ ਦੱਸਣ ਵਾਲੇ ਦੀ ਗੱਲ ਧਿਆਨ ਨਾਲ ਸੁਣ ਕੇ ਉਸ ਉੱਪਰ ਗ਼ੌਰ ਫਰਮਾਉਂਦੇ ਹਨ ਤੇ ਬੱਚਿਆਂ ਦੀ ਸੰਗਤ ਉੱਪਰ ਨਜ਼ਰ ਰੱਖਦੇ ਹਨ।ਕਈ ਵਾਰ ਇਹ ਰਵੱਈਆ ਮਾਪਿਆਂ ਅਤੇ ਬੱਚਿਆਂ ਲਈ ਵਰਦਾਨ ਸਾਬਤ ਹੁੰਦਾ ਹੈ। ਇਸੇ ਤਰ੍ਹਾਂ ਸਾਡੇ ਵੱਡਿਆਂ ਦੇ ਸਮਾਜ ਵਿੱਚ ਵੀ ਸਭ ਦੀ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੇ ਲੋਕ ਆਉਂਦੇ ਹਨ। ਪਹਿਲਾਂ ਤਾਂ ਕਿਤੇ ਰਾਹ ਖੇੜੇ ਵਿੱਚ ਹੀ ਕਿਸੇ ਨਾਲ ਕੋਈ ਗੱਲਬਾਤ ਜਾਂ ਮੇਲ ਮਿਲਾਪ ਹੁੰਦਾ ਸੀ ਤਾਂ ਨਵੇਂ ਦੋਸਤ ਮਿੱਤਰ ਬਣਦੇ ਸਨ।ਉਹ ਵੀ ਹਰ ਕੋਈ ਦੇਖ ਕੇ ਅਤੇ ਸੋਚ ਸਮਝ ਕੇ ਹੀ ਬਣਾਉਂਦਾ ਸੀ ਪਰ ਅੱਜ ਕੱਲ੍ਹ ਸੋਸ਼ਲ ਨੈੱਟਵਰਕਿੰਗ ਤੇ ਤਾਂ ਦੋਸਤਾਂ ਦਾ ਹੜ੍ਹ ਹੀ ਆਇਆ ਪਿਆ ਹੈ। ਕਈ ਵਾਰ ਕਈ ਲੋਕ ਆਪਣੇ ਬਾਰੇ ਝੂਠ ਤੁਫ਼ਾਨ ਬੋਲ ਕੇ ਆਪਣੇ ਆਪ ਨੂੰ ਬਹੁਤ ਖੱਬੀ ਖਾਨਾਂ ਦੇ ਸਰਦਾਰ ਕਹਾਉਂਦੇ ਹਨ।
ਆਪਣੇ ਆਪ ਨੂੰ ਉੱਚ ਦਰਜੇ ਦਾ ਵਿਦਵਾਨ ਸਾਬਤ ਕਰਨ ਤੇ ਜ਼ੋਰ ਲਗਾ ਦਿੰਦੇ ਹਨ ਭਾਵੇਂ ਪੜ੍ਹੇ ਮਸਾਂ ਦਸ ਹੋਣ। ਇਹੋ ਜਿਹੇ ਲੋਕ ਚੰਗੇ ਭਲੇ ਵਿਦਵਾਨਾਂ ਦਾ ਭੰਡੀ ਪ੍ਰਚਾਰ ਕਰਦੇ ਮਿਲਣਗੇ।ਇਹੋ ਜਿਹੇ ਲੋਕਾਂ ਦੀਆਂ ਕਰਤੂਤਾਂ ਬਾਰੇ ਪਹਿਲਾਂ ਤੋਂ ਹੀ ਉਹਨਾਂ ਨਾਲ਼ ਵਰਤ ਚੁੱਕੇ ਲੋਕ ਨਵਿਆਂ ਨੂੰ ਸਮਝਾਉਣ ਦਾ ਮੌਕਾ ਲੱਭਦੇ ਹਨ ਪਰ ਉਹ ਆਪਣੀ ਓਪਰੀ ਪਰਤ ਵਿੱਚੋਂ ਲੋਕਾਂ ਦੀ ਅਵਾਜ਼ ਨੂੰ ਨਵਿਆਂ ਤੱਕ ਉਦੋਂ ਤੱਕ ਨਹੀਂ ਪਹੁੰਚਣ ਦਿੰਦੇ ਜਦੋਂ ਤੱਕ ਅੱਠ ਦਸ ਹਜ਼ਾਰ ਨੂੰ ਥੁੱਕ ਨਾ ਲਾ ਦੇਣ। ਆਪਣੀਆਂ ਬੁਰਿਆਈਆਂ ਲੁਕੋਣ ਲਈ ਉਹ ਅਣਜਾਣ ਲੋਕਾਂ ਨੂੰ ਆਪਣੀ ਦੁਨੀਆਂ ਦੀ ਚਾਰਦੀਵਾਰੀ ਤੋਂ ਬਾਹਰ ਝਾਕਣ ਨਹੀਂ ਦਿੰਦੇ।ਜੇ ਇਹੋ ਜਿਹੇ ਠੱਗਾਂ ਦੇ ਝਾਂਸੇ ਵਿੱਚ ਚੜ੍ਹੇ ਹੋਏ ਲੋਕ ਦੁਨੀਆ ਦੀ ਉਸ ਵਿਅਕਤੀ ਬਾਰੇ ਰਾਇ ਪਹਿਲਾਂ ਹੀ ਜਾਣ ਕੇ ਪਿੱਛੇ ਹਟ ਜਾਣ ਤਾਂ ਉਹ ਵੀ ਠੱਗੀ ਦਾ ਸ਼ਿਕਾਰ ਹੋਣੋਂ ਬਚ ਸਕਦੇ ਹਨ।ਸਰਕਾਰਾਂ ਦੇ ਬਣਦੇ ਵਿਗੜਦੇ ਚਿਹਰਿਆਂ ਦੀਆਂ ਕਿਆਸਅਰਾਈਆਂ ਆਮ ਲੋਕ ਪਹਿਲਾਂ ਹੀ ਲਗਾ ਲੈਂਦੇ ਹਨ।
ਲੋਕਾਂ ਦੀਆਂ ਲਗਾਈਆਂ ਕਿਆਸਅਰਾਈਆਂ ਅਕਸਰ ਸੱਚ ਹੀ ਸਾਬਤ ਹੁੰਦੀਆਂ ਹਨ। ਸ਼ਾਇਦ ਐਗਜਿਟ ਪੋਲ ਵੀ ਇਸੇ ਸਿਧਾਂਤ ਦੀ ਉਪਜ ਦਾ ਹਿੱਸਾ ਹੋਵੇ। ਅਸਲ ਵਿੱਚ ਦੁਨੀਆਂ ਦੀ ਅਵਾਜ਼ ਐਨੀ ਤਾਕਤਵਰ ਹੋਣ ਦਾ ਕਾਰਨ ਇਹ ਹੁੰਦਾ ਹੈ ਕਿ ਪਿੰਡਾਂ ਵਿੱਚ ਖੁੰਢ ਚਰਚਾ, ਸ਼ਹਿਰਾਂ ਵਿੱਚ ਗਲ਼ੀ ਨੁੱਕੜ ਦੀ ਚਰਚਾ, ਦਫ਼ਤਰੀ ਬਾਬੂਆਂ ਦੀ ਚਾਹ ਚਰਚਾ ਵਿੱਚ ਲੋਕ ਖੁੱਲ੍ਹੇ ਦਿਲ ਨਾਲ ਅਤੇ ਸੱਚੇ ਸੁੱਚੇ ਭਾਵ ਨਾਲ ਹਿੱਸਾ ਲੈਂਦੇ ਹਨ ,ਉਸ ਵਿੱਚ ਕੋਈ ਵਿਚਾਰ ਵੀ ਬਣਾਵਟੀ ਢੰਗ ਨਾਲ ਨਹੀਂ ਪੇਸ਼ ਕੀਤਾ ਜਾਂਦਾ ਤਾਂ ਹੀ ਤਾਂ ਕਹਿੰਦੇ ਹਨ ਕਿ ਦੁਨੀਆਂ ਦੀ ਅਵਾਜ਼ ਵਿੱਚ ਰੱਬ ਵਸਦਾ ਹੈ। ਜਿੱਥੇ ਕਈ ਮੌਕੇ ਜ਼ਿੰਦਗੀ ਵਿੱਚ ਦਿਲ ਦੀ ਅਵਾਜ਼ ਸੁਣਨ ਦੇ ਹੁੰਦੇ ਹਨ , ਉੱਥੇ ਹੀ ਨਾਲ਼ ਦੀ ਨਾਲ਼ ਸਾਨੂੰ ਦੁਨੀਆ ਦੀ ਅਵਾਜ਼ ਵਿੱਚ ਛੁਪੇ ਹੋਏ ਰਾਜ਼ ਜਾਂ ਸੱਚ ਲੱਭਣ ਦਾ ਚੱਜ ਵੀ ਹੋਣਾ ਚਾਹੀਦਾ ਹੈ ਕਿਉਂਕਿ ਕਿ ਖੁੱਲੀਆਂ ਅੱਖਾਂ ਅਤੇ ਖੁੱਲ੍ਹੇ ਕੰਨਾਂ ਨਾਲ਼ ਦੁਨੀਆਂ ਵਿੱਚ ਵਿਚਰਦੇ ਹੋਏ ਅੱਗੇ ਵਧਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly