ਏਹੁ ਹਮਾਰਾ ਜੀਵਣਾ ਹੈ -82

(ਸਮਾਜ ਵੀਕਲੀ)

ਤਿੰਨ ਧੀਆਂ ਤੇ ਇੱਕ ਪੁੱਤ ਦੀ ਮਾਂ ਸੀ ਨਸੀਬ ਕੌਰ। ਪਰ ਨਾਂ ਵਾਂਗ ਸ਼ਾਇਦ ਉਸ ਦੇ ਨਸੀਬ ਬਹੁਤੇ ਚੰਗੇ ਨਹੀਂ ਸਨ। ਭਰ ਜਵਾਨੀ ਵਿੱਚ ਨਿੱਕੇ ਨਿੱਕੇ ਜਵਾਕਾਂ ਨੂੰ ਛੱਡ ਕੇ ਨਸ਼ੇੜੀ ਪਤੀ ਦੀ ਮੌਤ ਹੋ ਗਈ ਸੀ। ਉਹ ਵੀ ਜਿੰਨਾਂ ਕ ਕਮਾਉਂਦਾ ਸੀ ਓਨਾ ਕੁ ਨਸ਼ਿਆਂ ਤੇ ਉਡਾ ਦਿੰਦਾ ਸੀ । ਜਦੋਂ ਦਾ ਵਿਆਹ ਹੋਇਆ ਸੀ ਇੱਕ ਦਿਨ ਵੀ ਉਸ ਨੇ ਸੌਖਾ ਨਹੀਂ ਕੱਟਿਆ ਸੀ। ਪਰਮਾਤਮਾ ਦਾ ਐਨਾ ਸ਼ੁਕਰ ਸੀ ਕਿ ਭਲੇ ਵੇਲਿਆਂ ਵਿੱਚ ਇੱਕ ਵੱਡਾ ਸਾਰਾ ਪਲਾਂਟ ਲੈ ਕੇ ਵਿੱਚ ਦੋ ਕਮਰੇ ਛੱਤ ਲਏ ਸਨ । ਨਹੀਂ ਤਾਂ ਐਡੀ ਕਬੀਲਦਾਰੀ ਕਰਾਇਆਂ ਦੇ ਕਮਰਿਆਂ ਵਿੱਚ ਰਹਿ ਕੇ ਸੰਭਾਲਣੀ ਕਿੰਨੀ ਔਖੀ ਹੋਣੀ ਸੀ। ਦਿਹਾੜੀ ਤੱਪਾ ਕਰਕੇ ਗੁਜ਼ਾਰਾ ਕਰਦੀ ਸੀ।

ਕੁੜੀਆਂ ਨੂੰ ਦਸ ਦਸ ਪੜ੍ਹਾ ਕੇ ਜਿੱਥੇ ਕਿਸੇ ਨੇ ਰਿਸ਼ਤੇ ਦੀ ਦੱਸ ਪਾਈ ਓਥੇ ਈ ਫਟਾਫਟ ਵਿਆਹ ਕਰ ਦਿੱਤੇ। ਬਹੁਤਾ ਦਾਜ ਦੇਣ ਦੀ ਗੁੰਜਾਇਸ਼ ਨਾ ਹੋਣ ਕਰਕੇ ਬਸ ਗੁਰਦੁਆਰੇ ਆਨੰਦ ਕਾਰਜ ਕਰਕੇ ਕੁੜੀਆਂ ਨੂੰ ਆਪਣੇ ਘਰੀਂ ਤੋਰ ਕੇ ,ਚਾਹੇ ਉਹਨਾਂ ਵੱਲੋਂ ਸੁਰਖ਼ਰੂ ਹੋ ਚੁੱਕੀ ਸੀ ਪਰ ਮੁੰਡੇ ਦੀ ਚਿੰਤਾ ਉਸ ਨੂੰ ਵੱਢ ਵੱਢ ਖਾਂਦੀ ਸੀ।ਮੁੰਡਾ ਵੀ ਮੁੱਛ ਫੁੱਟਦੇ ਹੀ ਪਿਓ ਵਾਂਗ ਨਸ਼ਿਆਂ ਵਿੱਚ ਪੈ ਗਿਆ ਸੀ। ਰਿਸ਼ਤੇਦਾਰੀ ਵਿੱਚੋਂ ਕਿਸੇ ਨੇ ਮੁੰਡੇ ਨੂੰ ਲੋੜਕੂ ਘਰ ਦੀ ਕੁੜੀ ਦਾ ਰਿਸ਼ਤਾ ਕਰਵਾ ਦਿੱਤਾ। ਮੁੰਡੇ ਦਾ ਵਿਆਹ ਵੀ ਉਸ ਨੇ ਸਾਦਾ ਹੀ ਕੀਤਾ। ਬੱਸ ਵਹੁਟੀ ਨੂੰ ਚੁੰਨੀ ਚੜ੍ਹਾ ਕੇ ਹੀ ਮੁੰਡਾ ਵਿਆਹ ਲਿਆਂਦਾ।

ਉਂਝ ਕਬੀਲਦਾਰੀ ਪੱਖੋਂ ਤਾਂ ਚਾਹੇ ਨਸੀਬ ਕੌਰ ਸੁਰਖੁਰੂ ਹੋ ਗਈ ਸੀ ਪਰ ਮੁੰਡੇ ਦੀ ਨਸ਼ੇ ਦੀ ਆਦਤ ਨੇ‌ ਤਾਂ ਘਰ ਹੀ ਖਰਾਬ ਕਰ ਦਿੱਤਾ ਸੀ। ਪਰ ਵਹੁਟੀ ਸਿਆਣੀ ਸੀ ।ਉਹ ਦਸ ਜਮਾਤਾਂ ਪਾਸ ਸੀ।ਸਿਲਾਈ ਵੀ ਕਰ ਲੈਂਦੀ ਸੀ। ਉਸ ਨੇ ਆਪਣੇ ਵੱਲੋਂ ਤਾਂ ਘਰ ਵਸਾਉਣ ਦੀ ਪੂਰੀ ਵਾਹ ਲਾਈ ਪਰ ਕਿੰਨਾਂ ਚਿਰ ਨਸ਼ੇੜੀ ਦੀ ਮਾਰ ਸਹਿੰਦੀ।ਇੱਕ ਦਿਨ ਪੇਕੇ‌ ਗਈ ਪਰ ਮੁੜ ਕੇ ਨਾ ਆਈ ।ਸਾਰੇ ਟੱਬਰ ਨੇ ਵਾਰੋ ਵਾਰੀ ਜਾ ਕੇ ਮਿੰਨਤਾਂ ਤਰਲੇ ਵੀ ਕੀਤੇ ਪਰ ਹੁਣ ਉਹ ਇਸ ਦੇ ਮੁੰਡੇ ਦੇ ਅਤਿਆਚਾਰਾਂ ਤੋਂ ਸਦਾ ਲਈ ਮੁਕਤੀ ਪਾਉਣੀ ਚਾਹੁੰਦੀ ਸੀ ਇਸ ਲਈ ਦੋਹਾਂ ਧਿਰਾਂ ਨੇ ਆਪਸੀ ਸਮਝੌਤੇ ਨਾਲ ਫੈਸਲਾ ਕਰ ਲਿਆ।ਦੋ ਸਾਲਾਂ ਬਾਅਦ ਨਸੀਬ ਕੌਰ ਨੂੰ ਪਤਾ ਲੱਗਿਆ ਕਿ ਉਸ ਦੀ ਨੂੰਹ ਨੇ ਕਿਤੇ ਹੋਰ ਵਿਆਹ ਕਰਵਾ ਲਿਆ ਸੀ ਤੇ ਸਾਲ ਦੇ ਅੰਦਰ ਮੁੰਡਾ ਹੋ ਗਿਆ ਸੀ। ਨਸੀਬ ਕੌਰ ਨੂੰ ਆਪਣੀ ਨੂੰਹ ਦੇ ਹੌਲ ਤਾਂ ਪੈਂਦੇ ਪਰ ਉਸ ਦੇ ਵਸ ਵਿੱਚ ਵੀ ਕੁਝ ਨਹੀਂ ਸੀ।ਉਹ ਹੁਣ ਬੁਢਾਪੇ ਅਤੇ ਘਰ ਦੇ ਹਾਲਾਤਾਂ ਕਾਰਨ ਬੀਮਾਰ ਰਹਿਣ ਲੱਗ ਪਈ ਸੀ। ਹੁਣ ਤਾਂ ਉਸ ਨੇ ਮੰਜਾ ਈ ਫੜ ਲਿਆ ਸੀ।ਮੁੰਡਾ ਮਾੜਾ ਮੋਟਾ ਨਸ਼ੇ ਜੋਗਾ ਜਾਂ ਘਰ ਦੀ ਰੋਟੀ ਪਾਣੀ ਚੱਲਣ ਜੋਗਾ ਹੀ ਕਮਾਉਂਦਾ ਸੀ ਇਸ ਲਈ ਨਸੀਬ ਕੌਰ ਨੂੰ ਦਵਾਈ ਕੀਹਨੇ ਲੈ ਕੇ ਦੇਣੀ ਸੀ।

ਨਸੀਬ ਕੌਰ ਦੀ ਹਾਲਤ ਵਿਗੜਦੀ ਦੇਖ ਕੇ ਆਂਢ ਗੁਆਂਢ ਨੇ ਮੁੰਡੇ ਨੂੰ ਬਥੇਰਾ ਸਮਝਾਇਆ ਕਿ ਐਨੇ ਵੱਡੇ ਪਲਾਟ ਵਿੱਚੋਂ ਚਾਹੇ ਅੱਧਾ ਪਲਾਟ ਵੇਚ ਕੇ ਮਾਂ ਦਾ ਇਲਾਜ ਕਰਵਾ ਦੇਵੇ ਪਰ ਮੁੰਡਾ ਕਹਿੰਦਾ,” ਮੈਂ ਆਪਣੀ ਜਾਇਦਾਦ ਕਿਉਂ ਬਰਬਾਦ ਕਰਾਂ? …..ਮੇਰਾ ਪਿਓ ਮੇਰੇ ਲਈ ਛੱਡ ਕੇ ਗਿਆ ਹੈ…. ਮੈਂ ਵਾਰਿਸ ਹਾਂ….. ਮੈਂ ਆਪਣੇ ਹੱਥ ਨਹੀਂ ਵੱਢਣੇ….. ਨਾਲ਼ੇ ਬੁੜੀ ਦਾ ਕੀ ਭਰੋਸਾ ਠੀਕ ਹੁੰਦੀ ਹੈ ਕਿ ਨਹੀਂ?” ਇਸ ਤੋਂ ਅੱਗੇ ਤਾਂ ਕਿਸੇ ਦੀ ਵੀ ਉਸ ਨੂੰ ਕੁਝ ਕਹਿਣ ਦੀ ਹਿੰਮਤ ਨਾ ਪਈ। ਪਰ ਧੀਆਂ ਦਾ ਤਾਂ ਮਾਂ ਲਈ ਮਨ ਤੜਫ਼ਦਾ ਸੀ। ਨਸੀਬ ਕੌਰ ਦੀ ਵੱਡੀ ਧੀ ਨੇੜੇ ਵਿਆਹੀ ਹੋਣ ਕਰਕੇ ਮਾਂ ਨੂੰ ਇਲਾਜ ਲਈ ਆਪਣੇ ਕੋਲ ਲੈ ਗਈ। ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ, ਹਸਪਤਾਲ ਵਿੱਚ ਇਲਾਜ ਦੌਰਾਨ ਦੋ ਦਿਨਾਂ ਬਾਅਦ ਹੀ ਨਸੀਬ ਕੌਰ ਦੁਨੀਆ ਤੋਂ ਰੁਖਸਤ ਹੋ ਗਈ।ਪਰ ਤਿੰਨੇ ਧੀਆਂ ਨੇ ਉਸ ਦਾ ਸਸਕਾਰ ਆਪ ਹੀ ਕਰਕੇ ਆਪ ਹੀ ਭੋਗ ਪਾਇਆ। ਉਹਨਾਂ ਨੇ ਮੁੰਡੇ ਨੂੰ ਨਾ ਮਾਂ ਦੇ ਮਰੀ ਦਾ ਤੇ ਨਾ ਭੋਗ ਦਾ ਸੁਨੇਹਾ ਦਿੱਤਾ। ਕੋਈ ਰਿਸ਼ਤੇਦਾਰ ਕੁੜੀਆਂ ਨੂੰ ਆਖਣ ਲੱਗਿਆ,” ਨੀ ਕੁੜੀਓ! ਸ਼ਾਬਾਸ਼ ਆ ਤੁਹਾਡੇ , ਤੁਸੀਂ ਆਪਣੀ ਮਾਂ ਦਾ ਮਰਨਾ ਆਪਣੇ ਹੱਥੀਂ ਕੀਤਾ…ਪਰ ਲੱਖ ਕੁੜੀਆਂ ਹੋਣ …. ਮੁੰਡੇ ਨੂੰ ਜ਼ਰੂਰ ਬੁਲਾਉਣਾ ਸੀ … ਆਖ਼ਰ ਨੂੰ ਅਸਲੀ ਵਾਰਿਸ ਤਾਂ ਓਹੀ ਆ….।”

ਇਹ ਸੁਣ ਕੇ ਕੁੜੀਆਂ ਸਮਾਜ ਦੀ ਉਸ ਸੋਚ ਤੋਂ ਹੈਰਾਨ ਸਨ ਕਿ ਜਿਹੜਾ ਪੁੱਤ ਆਪਣੇ ਆਪ ਨੂੰ ਸਿਰਫ਼ ਜਾਇਦਾਦ ਦਾ ਅਸਲੀ ਵਾਰਿਸ ਹੀ ਸਮਝਦਾ ਹੈ ਪਰ ਜ਼ਿੰਮੇਵਾਰੀਆਂ ਨਿਭਾਉਣ ਲਈ ਨਹੀਂ ,ਅੱਜ ਉਹਨਾਂ ਨੂੰ ਲੱਗ ਰਿਹਾ ਸੀ ਕਿ ਮੁੰਡਿਆਂ ਦੇ ਜ਼ਮੀਨੀ ਹੱਕ ਦੇ ਅਸਲੀ ਵਾਰਿਸ ਹੋਣ ਤੇ ਸਾਡੇ ਸਮਾਜ ਨੇ ਪੱਕੀ ਮੋਹਰ ਲਾਈ ਹੋਈ ਹੈ ਜੋ ਸ਼ਾਇਦ ਹੀ ਕਦੇ ਮਿਟ ਸਕੇ… ਕੀ ਏਹੁ ਹਮਾਰਾ ਜੀਵਣਾ ਹੈ?

ਬਰਜਿੰਦਰ ਕੌਰ ਬਿਸਰਾਓ
9988901324

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਝੋਨੇ ਦੇ ਨਾੜ ਦਾ ਪ੍ਰਬੰਧਨ ਕਰਨ ਨਾਲ ਕਿਸਾਨਾਂ ਨੂੰ ਹੋਵੇਗਾ ਲਾਭ: ਸਨਦੀਪ ਸਿੰਘ ਏ ਡੀ ਓ
Next articleਕਵਿਤਾ