(ਸਮਾਜ ਵੀਕਲੀ)
ਪ੍ਰੀਤ ਇੱਕ ਪ੍ਰਾਈਵੇਟ ਸਕੂਲ ਵਿੱਚ ਪੰਜਾਬੀ ਦੀ ਅਧਿਆਪਕਾ ਸੀ। ਉਹ ਪੜਾਉਣ ਦੇ ਤਰੀਕੇ ਅਤੇ ਆਪਣੇ ਵਿਸ਼ੇ ਵਿੱਚ ਮੁਹਾਰਤ ਹੋਣ ਕਰਕੇ ਸਕੂਲ ਵਿੱਚ ਬਹੁਤ ਯੋਗ ਅਧਿਆਪਕਾ ਮੰਨੀ ਜਾਂਦੀ ਸੀ। ਉਹ ਪੈਂਤੀ ਕੁ ਵਰ੍ਹਿਆਂ ਦੀ ਸਰੀਰਕ ਅਤੇ ਮਾਨਸਿਕ ਤੌਰ ਤੇ ਤੇਜ਼ ਤਰਾਰ ਸੁਨੱਖੀ ਮੁਟਿਆਰ ਸੀ। ਉਸ ਨੂੰ ਤਨਖਾਹ ਨਾ ਬਹੁਤੀ ਘੱਟ ਮਿਲਦੀ ਸੀ ਤੇ ਨਾ ਹੀ ਜ਼ਿਆਦਾ। ਸਕੂਲ ਉਸ ਦੇ ਘਰ ਦੇ ਨੇੜੇ ਹੋਣ ਕਰਕੇ ਉਸ ਨੂੰ ਜਾਣ ਆਉਣ ਦੀ ਸੁੱਖ ਸੁਵਿਧਾ ਸੀ ਜਿਸ ਕਰਕੇ ਉਹ ਕਿਧਰੇ ਹੋਰ ਇਸ ਤੋਂ ਵਧੀਆ ਤੇ ਵੱਧ ਤਨਖਾਹ ਦੇਣ ਵਾਲੇ ਸਕੂਲਾਂ ਵਿੱਚ ਨੌਕਰੀ ਲੈਣ ਲਈ ਬਹੁਤੀ ਇਛੁੱਕ ਨਹੀਂ ਸੀ। ਇੱਕ ਦਿਨ ਉਸ ਦੇ ਨਾਲ ਦੀ ਹਿਸਾਬ ਦੀ ਅਧਿਆਪਕਾ ਨੇ ਉਸ ਨੂੰ ਸ਼ਹਿਰ ਦੇ ਸਭ ਤੋਂ ਵੱਡੇ ਸਕੂਲ ਦਾ ਇਸ਼ਤਿਹਾਰ ਦਿਖਾਇਆ ਤੇ ਆਖਿਆ ,” ਮੈਂ ਵੀ ਅਪਲਾਈ ਕਰਨ ਲੱਗੀ ਹਾਂ , ਤੂੰ ਵੀ ਅਪਲਾਈ ਕਰ ਦੇ , ਇੱਥੇ ਨਾਲੋਂ ਤਨਖਾਹ ਵੀ ਤਾਂ ਤਿੱਗਣੀ ਹੈ।” ਪਹਿਲਾਂ ਤਾਂ ਪ੍ਰੀਤ ਨੇ ਮਨ੍ਹਾ ਕਰ ਦਿੱਤਾ ਪਰ ਜਦ ਉਹ ਉਸ ਦੇ ਖਹਿੜੇ ਈ ਪੈ ਗਈ ਤਾਂ ਉਸ ਨੇ ਵੀ ਪੰਜਾਬੀ ਦੀ ਅਧਿਆਪਕਾ ਲਈ ਅਪਲਾਈ ਕਰ ਦਿੱਤਾ।
ਪ੍ਰੀਤ ਇੰਟਰਵਿਊ ਦੀ ਤਿਆਰੀ ਵਿੱਚ ਲੱਗ ਗਈ। ਸਵੇਰੇ ਉਸ ਦੀ ਇੰਟਰਵਿਊ ਸੀ। ਹੁਣ ਉਹ ਵੀ ਤਿੰਨ ਗੁਣਾ ਤਨਖਾਹ ਵਾਲ਼ੀ ਗੱਲ ਸੋਚ ਕੇ ਖ਼ੁਸ਼ ਹੋ ਰਹੀ ਸੀ।ਮਨ ਹੀ ਮਨ ਵਿੱਚ ਐਨੀ ਤਨਖਾਹ ਨਾਲ ਭਵਿੱਖ ਦੀਆਂ ਕਈ ਯੋਜਨਾਵਾਂ ਬਣਾਉਂਦੀ।ਉਹ ਐਤਵਾਰ ਨੂੰ ਸਵੇਰੇ ਅੱਠ ਵਜੇ ਸਹੀ ਸਮੇਂ ਤੇ ਇੰਟਰਵਿਊ ਦੇਣ ਲਈ ਪਹੁੰਚ ਗਈ।ਪ੍ਰੀਤ ਐਨੇ ਵੱਡੇ ਸਕੂਲ ਨੂੰ ਦੇਖ ਕੇ ਖੁਸ਼ ਹੋ ਰਹੀ ਸੀ ਕਿਉਂਕਿ ਉੱਥੇ ਅਧਿਆਪਕ ਦੇ ਇੱਕ ਬੱਚੇ ਨੂੰ ਮੁਫ਼ਤ ਵਿੱਦਿਆ ਦੀ ਸਹੂਲਤ ਵੀ ਦਿੱਤੀ ਜਾਂਦੀ ਸੀ ,ਇਸ ਲਈ ਉਹ ਸੋਚਦੀ ਸੀ ਕਿ ਇੱਥੇ ਨੌਕਰੀ ਮਿਲ ਗਈ ਤਾਂ ਆਪਣੀ ਧੀ ਨੂੰ ਵੀ ਇਸੇ ਵਿੱਚ ਦਾਖਲ ਕਰਵਾ ਦੇਵੇਗੀ ਜੋ ਉਸੇ ਦੇ ਸਕੂਲ ਵਿੱਚ ਦੂਜੀ ਜਮਾਤ ਵਿੱਚ ਪੜ੍ਹਦੀ ਸੀ।
ਉਸ ਨੇ ਦੇਖਿਆ ਤਕਰੀਬਨ ਪੰਤਾਲੀ ਕੁ ਮੁੰਡੇ ਕੁੜੀਆਂ ਇੰਟਰਵਿਊ ਦੇਣ ਪਹੁੰਚੇ ਸਨ। ਉੱਥੇ ਪਹੁੰਚ ਕੇ ਪਤਾ ਲੱਗਿਆ ਕਿ ਇੰਟਰਵਿਊ ਤੋਂ ਪਹਿਲਾਂ ਇੱਕ ਲਿਖਤੀ ਪੇਪਰ ਵੀ ਹੋਣਾ ਸੀ। ਪ੍ਰੀਤ ਨੂੰ ਕੋਈ ਘਬਰਾਹਟ ਨਹੀਂ ਸੀ ਕਿਉਂਕਿ ਉਹ ਪੂਰੀ ਤਿਆਰੀ ਕਰ ਕੇ ਗਈ ਸੀ। ਸਕੂਲ ਵੱਲੋਂ ਇਮਤਿਹਾਨ ਅਤੇ ਇੰਟਰਵਿਊ ਲੈਣ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸ ਵਿੱਚ ਇੱਕ ਪੁਰਸ਼ ਅਤੇ ਚਾਰ ਮਹਿਲਾਵਾਂ ਮੁਲਾਜ਼ਮ ਸਨ। ਪੁਰਸ਼ ਦੇ ਕੋਟ- ਪੈਂਟ ਅਤੇ ਮਹਿਲਾ ਕਰਮਚਾਰੀਆਂ ਦੇ ਸਾੜੀਆਂ ਬੰਨੀਆਂ ਹੋਈਆਂ ਸਨ। ਉਹ ਬਹੁਤ ਵਿਦਵਾਨ ਕਿਸਮ ਦੇ ਉੱਚ ਦਰਜੇ ਦੇ ਲੋਕ ਲੱਗ ਰਹੇ ਸਨ।
ਚਾਹੇ ਉਹ ਪੰਜਾਬੀ ਵਿਸ਼ੇ ਦੀ ਇੰਟਰਵਿਊ ਲੈਣ ਲਈ ਆਏ ਸਨ ਪਰ ਆਪਸ ਵਿੱਚ ਸਾਰੇ ਜਣੇ ,ਗੱਲ ਬਾਤ ਅੰਗਰੇਜ਼ੀ ਵਿੱਚ ਹੀ ਕਰਦੇ ਸਨ। ਪੇਪਰ ਸ਼ੁਰੂ ਹੋ ਗਿਆ।ਪ੍ਰੀਤ ਅਨੁਸਾਰ ਪੇਪਰ ਬਹੁਤ ਸੌਖਾ ਸੀ।ਉਹ ਬਹੁਤ ਉਤਸ਼ਾਹ ਨਾਲ ਵਧੀਆ ਤੋਂ ਵਧੀਆ ਸ਼ਬਦਾਂ ਵਿੱਚ ਉੱਤਰ ਲਿਖ ਰਹੀ ਸੀ। ਪੇਪਰ ਚੱਲਦੇ ਚੱਲਦੇ ਜੋ ਪਹਿਲਾਂ ਪੇਪਰ ਦੇ ਰਹੇ ਸਨ ,ਉਹ ਉਹਨਾਂ ਦਾ ਨਾਲ ਨਾਲ ਇੰਟਰਵਿਊ ਲੈ ਰਹੇ ਸਨ।ਉਹ ਬਹੁਤ ਸੋਹਣੇ ਤਰੀਕੇ ਨਾਲ ਪੂਰੇ ਨਿਰੀਖਣ ਬੁੱਧੀ ਦਾ ਇਸਤਮਾਲ ਕਰਦੇ ਹੋਏ ਇੰਟਰਵਿਊ ਲੈ ਰਹੇ ਸਨ ਚਾਹੇ ਉਹ ਕੋਲ ਪਈ ਪ੍ਰਸ਼ਨ-ਉੱਤਰ ਪੱਤਿ੍ਕਾ ਵਿੱਚੋਂ ਹੀ ਸਵਾਲ ਪੁੱਛ ਰਹੇ ਸਨ ਅਤੇ ਉੱਤਰ ਦੇਖ ਰਹੇ ਸਨ।
ਨੌਂ ਕੁ ਵਜੇ ਇੰਟਰਵਿਊ ਲੈਣ ਵਾਲੇ ਪੁਰਸ਼ ਕਰਮਚਾਰੀ ਦੇ ਫੋਨ ਦੀ ਘੰਟੀ ਵੱਜੀ । ਉਸ ਨੂੰ ਸ਼ਹਿਰ ਵਿੱਚ ਹੀ ਰਹਿਣ ਵਾਲੇ ਇੱਕ ਉੱਘੇ ਕਵੀ ਦਾ ਫੋਨ ਆਇਆ ਸੀ ।ਪ੍ਰੀਤ ਨੂੰ ਪੇਪਰ ਕਰਦੀ ਕਰਦੀ ਦੇ ਕੰਨੀਂ ਅਵਾਜ਼ ਪਈ,”ਕੋਈ ਨਾ….ਕੋਈ ਨਾ ਤੁਸੀਂ ਭੇਜ ਦਿਓ ਜੀ….(ਕੁਝ ਲਿਖਦਾ ਹੋਇਆ) ਹਾਂ ਜੀ… ਹਾਂ ਜੀ…. ਮੈਂ ਕਰ ਲਿਆ ਨੋਟ…. ਤੁਸੀਂ ਭੇਜ ਦਿਓ ਜੀ ਹੁਣੇ। ਤੁਸੀਂ ਕੋਈ ਚਿੰਤਾ ਈ ਨਾ ਕਰੋ ਜੀ….. (ਹੱਸਦੇ ਹੋਏ) ਬੱਸ ਹੋ ਗਿਆ ਤੁਹਾਡਾ ਕੰਮ।” ਪ੍ਰੀਤ ਦਾ ਉਸੇ ਸਮੇਂ ਮੱਥਾ ਠਣਕ ਗਿਆ, ਕਿਉਂ ਕਿ ਉਸ ਨੇ ਪੁਰਸ਼ ਕਰਮਚਾਰੀ ਦੇ ਮੂੰਹੋਂ ਉਸ ਸਰਕਾਰੀ-ਦਰਬਾਰੀ ਪਹੁੰਚ ਵਾਲੇ ਕਵੀ ਦਾ ਨਾਂ ਸੁਣ ਲਿਆ ਸੀ । ਉਹੀ ਗੱਲ ਹੋਈ ਸਾਢੇ ਕੁ ਨੌਂ ਵਜੇ ਇੱਕ ਸਾੜੀ ਵਾਲ਼ੀ ਮਹਿਲਾ ਆਈ ਉਸ ਨੇ ਆਪਣੀ ਪਹਿਚਾਣ ਦਿੰਦੇ ਕੁਝ ਹੌਲ਼ੀ ਦੇਣੇ ਕਿਹਾ ਤਾਂ ਸਾਰੇ ਇੰਟਰਵਿਊ ਲੈਣ ਵਾਲੇ ਉਸ ਨਾਲ ਬਹੁਤ ਅਦਬ ਨਾਲ ਪੇਸ਼ ਆਏ।ਉਸ ਨੇ ਆਪਣੀ ਫਾਈਲ ਕੱਢ ਕੇ ਉਹਨਾਂ ਨੂੰ ਦਿੱਤੀ । ਉਹਨਾਂ ਨੇ ਬੜੇ ਸਤਿਕਾਰ ਸਹਿਤ ਉਸ ਨੂੰ ਬੈਠਣ ਲਈ ਕਿਹਾ ਅਤੇ ਉਸ ਦੀ ਫਾਈਲ ਨੂੰ ਬਾਕੀ ਸਾਰਿਆਂ ਦੀਆਂ ਫਾਈਲਾਂ ਤੋਂ ਅਲੱਗ ਰੱਖ ਲਿਆ।
ਹੁਣ ਇੰਟਰਵਿਊ ਲੈਣ ਵਾਲ਼ਿਆਂ ਦਾ ਇੰਟਰਵਿਊ ਦੇਣ ਵਾਲ਼ਿਆਂ ਪ੍ਰਤੀ ਆਚਾਰ-ਵਿਹਾਰ ਅਤੇ ਇੰਟਰਵਿਊ ਲੈਣ ਦਾ ਤਰੀਕਾ ਹੀ ਬਦਲ ਗਿਆ ਸੀ।ਉਹ ਮਜ਼ਬੂਰੀ ਵੱਸ ਬਾਕੀ ਸਾਰਿਆਂ ਤੋਂ ਦੋ ਦੋ ਪ੍ਰਸ਼ਨ ਪੁੱਛ ਕੇ ,” ਤੁਹਾਨੂੰ ਫੋਨ ਕਰਕੇ ਸੂਚਿਤ ਕੀਤਾ ਜਾਵੇਗਾ।” ਕਹਿਕੇ,ਫਾਹਾ ਵੱਢ ਕੇ ਤੋਰੀ ਜਾ ਰਹੇ ਸਨ। ਪ੍ਰੀਤ ਇਹ ਸਭ ਕੁਝ ਪੇਪਰ ਕਰਦੀ ਕਰਦੀ ਦੇਖ ਰਹੀ ਸੀ।ਉਸ ਨੇ ਬਹੁਤ ਵਧੀਆ ਪੇਪਰ ਕੀਤਾ ਸੀ। ਉਸ ਨੇ ਜੋ ਦੋ ਘੰਟੇ ਲਗਾ ਕੇ ਹਰ ਪ੍ਰਸ਼ਨ ਦਾ ਉੱਤਰ ਮੋਤੀਆਂ ਵਰਗੀ ਸੁੰਦਰ ਲਿਖਾਈ ਵਿੱਚ ਕੀਤਾ ਸੀ,ਜਿਵੇਂ ਹੀ ਉਹ ਆਪਣੀ ਉੱਤਰ-ਪੱਤਰੀ ਲੈ ਕੇ ਇੰਟਰਵਿਊ ਲੈਣ ਵਾਲ਼ੀ ਕਮੇਟੀ ਕੋਲ ਗਈ ਤੇ ਉਸ ਨੇ ਬੜੇ ਆਦਰ ਸਹਿਤ ਉਹਨਾਂ ਨੂੰ ਦਿੱਤਾ। ਉਸ ਨੂੰ ਬਿਨਾਂ ਦੇਖਿਆਂ ਹੀ ਇੱਕ ਮਹਿਲਾ ਕਰਮਚਾਰੀ ਨੇ ਇੱਕ ਪਾਸੇ ਪਈ ਫਾਈਲਾਂ ਦੀ ਟੋਕਰੀ ਵਿੱਚ ਇੰਝ ਸੁੱਟਿਆ ਜਿਵੇਂ ਕੋਈ ਰੱਦੀ ਕਾਗਜ਼ ਨੂੰ ਅਣਗੌਲਿਆਂ ਕਰਕੇ ਸੁੱਟ ਦਿੱਤਾ ਜਾਂਦਾ ਹੈ।
ਪ੍ਰੀਤ ਇਹ ਸਭ ਦੇਖ ਕੇ ਬਹੁਤ ਨਿਰਾਸ਼ ਹੋਈ ਤੇ ਉਹਨਾਂ ਦੇ ਚਿਹਰਿਆਂ ਵੱਲ ਇਸ ਤਰ੍ਹਾਂ ਦੇਖ ਰਹੀ ਸੀ ਜਿਵੇਂ ਉਸ ਦੀ ਪੜ੍ਹਾਈ ਅਤੇ ਯੋਗਤਾ ਦਾ ਮਜ਼ਾਕ ਉਡਾਇਆ ਗਿਆ ਹੋਵੇ, ਉਸ ਦੀ ਕਾਬਲੀਅਤ ਦਾ ਗਲ਼ਾ ਘੁੱਟ ਦਿੱਤਾ ਗਿਆ ਹੋਵੇ।ਉਸ ਨੂੰ ਉਹ ਸਰਕਾਰੀ ਦਰਬਾਰੀ ਪਹੁੰਚ ਵਾਲਾ ਮਾਂ ਬੋਲੀ ਦਾ ਕਵੀ ,ਮਾਂ ਬੋਲੀ ਦਾ ਸੇਵਕ ਨਹੀਂ ਸਗੋਂ ਠੱਗ ਜਾਪ ਰਿਹਾ ਸੀ।ਉਹ ਉਹਨਾਂ ਦੇ ਕਿਸੇ ਵੀ ਪ੍ਰਸ਼ਨ ਦਾ ਉੱਤਰ ਦਿੱਤੇ ਬਿਨਾਂ ਉੱਠ ਕੇ ਤੁਰ ਪਈ, ਉਹ ਆਪਣੀ ਉੱਤਰ ਪੱਤਰੀ ਨੂੰ ਰੱਦੀ ਦੀ ਟੋਕਰੀ ਵਿੱਚ ਪਏ ਉਦਾਸ ਅੱਖਾਂ ਨਾਲ ਤੱਕਦੀ ਹੋਈ ਇੰਝ ਮਹਿਸੂਸ ਕਰ ਰਹੀ ਸੀ ਜਿਵੇਂ ਕਿਸੇ ਹੀਰੇ ਨੂੰ ਕਬਾੜ ਵਿੱਚ ਸੁੱਟ ਕੇ ਉਸ ਦੀ ਥਾਂ ਕੱਚ ਦੇ ਟੁਕੜੇ ਨੂੰ ਸਜਾ ਦਿੱਤਾ ਹੋਵੇ।ਉਹ ਸੋਚਦੀ ਹੋਈ ਅਨੇਕਾਂ ਬੇਰੁਜ਼ਗਾਰ ਨੌਜਵਾਨਾਂ ਦੇ ਇਹੋ ਜਿਹੇ ਸਿਫਾਰਸ਼ੀ ਸੇਵਕਾਂ ਕਾਰਨ ਟੁੱਟੇ ਸੁਪਨਿਆਂ ਬਾਰੇ ਸੋਚਦੀ ਸੀ ਕਿ ਉਪਰ ਤੱਕ ਪਹੁੰਚ ਨਾ ਰੱਖਣ ਵਾਲੇ ਸਾਰੇ ਲੋਕਾਂ ਦਾ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324