ਏਹੁ ਹਮਾਰਾ ਜੀਵਣਾ ਹੈ -77

(ਸਮਾਜ ਵੀਕਲੀ)

 

ਬਿੰਦਰ ਹੋਰੀਂ ਪੰਜ ਭਰਾ ਸਨ। ਉਸ ਦੇ ਦੋ ਵੱਡੇ ਤੇ ਦੋ ਛੋਟੇ ਭਰਾ ਸਨ।ਸਭ ਤੋਂ ਵੱਡਾ ਵਿਆਹਿਆ ਹੋਇਆ ਸੀ,ਉਸ ਤੋਂ ਛੋਟਾ ਛੜਾ ਸੀ।ਇਸ ਤੋਂ ਛੋਟਾ ਟਰੱਕ ਐਕਸੀਡੈਂਟ ਵਿੱਚ ਮਾਰਿਆ ਗਿਆ ਸੀ ਤੇ ਸਭ ਤੋਂ ਛੋਟਾ ਵੀ ਵਿਆਹਿਆ ਹੋਇਆ ਸੀ।ਇਸ ਦਾ ਵਿਆਹ ਵੀ ਨੇੜੇ ਦੇ ਪਿੰਡ ਦੀ ਕੁੜੀ ਨਾਲ ਹੋਇਆ। ਕੁਦਰਤ ਦਾ ਭਾਣਾ ਇਹ ਹੋਇਆ ਕਿ ਦੂਜਿਆਂ ਸਾਰਿਆਂ ਵਿਆਹਿਆਂ ਭਰਾਵਾਂ ਦੇ ਪਰਮਾਤਮਾ ਨੇ ਔਲਾਦ ਦਿੱਤੀ ਸੀ ਪਰ ਇਹਨਾਂ ਦੀ ਰੱਬ ਨੇ ਝੋਲੀ ਸੱਖਣੀ ਰੱਖੀ ਸੀ। ਔਲਾਦ ਪ੍ਰਾਪਤੀ ਲਈ ਪਤਾ ਨਹੀਂ ਕਿੰਨੇ ਕੁ ਡਾਕਟਰਾਂ ਹਕੀਮਾਂ ਕੋਲ਼ ਧੱਕੇ ਖਾਧੇ । ਉਹਨਾਂ ਦੀਆਂ ਦਵਾਈਆਂ ਖਾਂਦੀ ਖਾਂਦੀ ਨੂੰ ਬਿੰਦਰ ਦੀ ਘਰਵਾਲ਼ੀ ਨੂੰ ਗਠੀਆ ਹੋ ਗਿਆ।

ਪਰ ਫਿਰ ਵੀ ਵੱਡੇ ਭਰਾ ਦੇ ਘਰ ਧੀ ਨੇ ਜਨਮ ਲਿਆ ਤਾਂ ਇਹਨਾਂ ਨੇ ਕੁੜੀ ਗੋਦ ਲੈ ਲਈ।ਬੜਾ ਸੋਹਣਾ ਘਰ ਪਰਿਵਾਰ ਬਣ ਗਿਆ ਸੀ ਪਰ ਰੱਬ ਦੀ ਕਰਨੀ ਇਹੋ ਜਿਹੀ ਹੋਈ ਕਿ ਕੁੜੀ ਹਜੇ ਚਾਰ ਪੰਜ ਸਾਲ ਦੀ ਹੀ ਹੋਈ ਸੀ ਕਿ ਬਿੰਦਰ ਦੀ ਘਰਵਾਲ਼ੀ ਰੱਬ ਨੂੰ ਪਿਆਰੀ ਹੋ ਗਈ। ਫੇਰ ਛੋਟੀ ਕੁੜੀ ਨੂੰ ਉਸ ਦੇ ਮਾਪੇ ਹੀ ਲੈ ਗਏ। ਉਂਝ ਪਰਿਵਾਰ ਤਾਂ ਇਕੱਠਾ ਹੀ ਸੀ ਇੱਕੋ ਜਗ੍ਹਾ ਤੇ ਹੀ ਸਾਰੇ ਭਰਾਵਾਂ ਨੇ ਅੱਡ ਅੱਡ ਆਪਣੇ ਆਪਣੇ ਘਰ ਬਣਾਏ ਹੋਏ ਸਨ। ਜ਼ਮੀਨ ਵੀ ਇਕੱਠੀ ਹੀ ਸੀ।ਪਰ ਹੁਣ ਜ਼ਮੀਨ ਦਾ ਬਟਵਾਰਾ ਹੋ ਗਿਆ ਸੀ।ਇਸ ਲਈ ਬਿੰਦਰ ਨੇ ਆਪਣੀ ਜ਼ਮੀਨ ਸ਼ਹਿਰ ਨਾਲ ਲੱਗਦੀ ਹੋਣ ਕਰਕੇ ਮਹਿੰਗੇ ਭਾਅ ਵੇਚ ਕੇ ਕਿਤੇ ਹੋਰ ਜ਼ਿਆਦਾ ਜ਼ਮੀਨ ਲੈ ਲਈ ਸੀ। ਆਪਣੀ ਜ਼ਮੀਨ ਵਿੱਚ ਇੱਕ ਪਲਾਟ ਰੱਖ ਲਿਆ ਸੀ ਜਿੱਥੇ‌ ਉਸ ਨੇ ਕੋਠੀ ਪਾ ਲਈ ਸੀ। ਹੁਣ ਉਸ ਨੇ ਕਿਸੇ ਨਾਲ ਗੱਲਬਾਤ ਕਰਕੇ ਇੱਕ ਵਿਧਵਾ ਗੈਰਜਾਤੀ ਔਰਤ ਨਾਲ਼ ਵਿਆਹ ਕਰਵਾ ਲਿਆ ਸੀ।ਉਹ ਆਪ ਤਾਂ ਬਹੁਤ ਖੁਸ਼ ਰਹਿੰਦੇ ਸਨ ਪਰ ਉਸ ਦੇ ਭਰਾ ਭਰਜਾਈਆਂ ਉਸ ਦੀ ਪਤਨੀ ਨੂੰ ਕਦੇ ਵੀ ਬਰਦਾਸ਼ਤ ਨਾ ਕਰਦੇ।

ਬਿੰਦਰ ਨੇ ਕਿਸੇ ਦੀ ਵੀ ਪ੍ਰਵਾਹ ਕੀਤੇ ਬਿਨਾਂ ਆਪਣਾ ਪਰਿਵਾਰਕ ਜੀਵਨ ਸੋਹਣੇ ਢੰਗ ਨਾਲ ਬਿਤਾਉਣਾ ਸ਼ੁਰੂ ਕੀਤਾ।ਪਰ ਬਿੰਦਰ ਦੀ ਇਸ ਘਰਵਾਲ਼ੀ ਦਾ ਨਸਬੰਦੀ ਅਪਰੇਸ਼ਨ ਕਰਵਾਇਆ ਹੋਣ ਕਰਕੇ ਔਲਾਦ ਨਹੀਂ ਹੋ ਸਕਦੀ ਸੀ।ਜਦ ਉਹਨਾਂ ਦੇ ਸ਼ਰੀਕਾਂ ਨੂੰ ਪਤਾ ਲੱਗਾ ਤਾਂ ਉਹ ਬਹੁਤ ਖੁਸ਼ ਹੋਏ। ਇੱਕ ਦਿਨ ਬਿੰਦਰ ਤੇ ਉਸ ਦੀ ਪਤਨੀ ਕਿਸੇ ਅਨਾਥ ਆਸ਼ਰਮ ਤੋਂ ਇੱਕ ਕੁੜੀ ਗੋਦ ਲੈ ਆਏ ਤੇ ਉਸ ਦੀ ਬਹੁਤ ਖੁਸ਼ੀ ਖੁਸ਼ੀ ਪਾਲਣਾ ਕਰਨ ਲੱਗੇ।ਓਧਰ ਸ਼ਰੀਕਾਂ ਦੇ ਬੋਲ ਕੁਬੋਲਾਂ ਦੀ ਉਹ ਜਮਾਂ ਪ੍ਰਵਾਹ ਨਾ ਕਰਦੇ । ਜਦ ਕੁੜੀ ਪੰਜ ਸਾਲਾਂ ਦੀ ਹੋਈ ਤਾਂ ਇੱਕ ਲੜਕਾ ਵੀ ਗੋਦ ਲੈ ਲਿਆ। ਬਿੰਦਰ ਦਾ ਪਰਿਵਾਰ ਬਹੁਤ ਸੋਹਣਾ ਬਣ ਗਿਆ ਸੀ। ਬਿੰਦਰ ਆਪ ਖੇਤੀ ਕਰਦਾ , ਬਹੁਤ ਵਧੀਆ ਕਮਾਈ ਸੀ।ਘਰ ਸਾਰੇ ਸੰਦ ਆਪਣੇ ਹੀ ਖ਼ਰੀਦੇ ਹੋਏ ਖੜੇ ਸਨ। ਪਤਾ ਹੀ ਨਾ ਲੱਗਿਆ ਕਦ ਕੁੜੀ ਬਾਰ੍ਹਵੀਂ ਵੀ ਕਰ ਗਈ ਸੀ।ਮੁੰਡਾ ਸੱਤਵੀਂ ਵਿੱਚ ਪੜ੍ਹਦਾ ਸੀ ਤੇ ਬਹੁਤ ਹੀ ਆਗਿਆਕਾਰ ਬੱਚਾ ਸੀ। ਜਿਹੜੀਆਂ ਦਰਾਣੀਆਂ ਜਠਾਣੀਆਂ ਉਸ ਦੇ ਜਵਾਕਾਂ ਨੂੰ ਇਹ ਕਹਿ ਕੇ ਠੁਕਰਾਉਂਦੀਆਂ ਸਨ,”ਪਤਾ ਨੀ ਕੀਹਦਾ ਕੀਹਦਾ ਪਾਪ ਆਪਣੇ ਘਰ ਲਿਆਂਦਾ…..ਕੀ ਪਤਾ ,ਕਿਹੋ ਜਿਹੇ ਖੂਨ ਦੀ ਔਲਾਦ ਆ।” ਜਦ ਕਿ ਉਹਨਾਂ ਦੀ ਆਪਣੀ ਔਲਾਦ ਨਲਾਇਕ ਨਿਕਲੀ ਸੀ।

ਬਿੰਦਰ ਨੇ ਕੁੜੀ ਨੂੰ ਬਾਰਵੀਂ ਕਰਾ ਕੇ ਬਾਹਰ ਪੜ੍ਹਨ ਭੇਜ ਦਿੱਤਾ ਸੀ ਤੇ ਮੁੰਡਾ ਵੀ ਦਸ ਜਮਾਤਾਂ ਪਾਸ ਕਰ ਗਿਆ ਸੀ। ਉਸ ਨੇ‌ ਪਿਓ ਨਾਲ ਖੇਤੀਬਾੜੀ ਦਾ ਕੰਮ ਸੰਭਾਲ ਲਿਆ ਸੀ।ਐਨੇ ਖੁਸ਼ ਪਰਿਵਾਰ ਨੂੰ ਦੇਖ਼ ਕੇ ਕੋਈ ਨਹੀਂ ਕਹਿ ਸਕਦਾ ਸੀ ਕਿ ਉਹ ਪਰਿਵਾਰ ਬਿੰਦਰ ਨੇ ਕਿੰਨੀ ਸਮਝਦਾਰੀ ਨਾਲ ਆਪ‌ ਬਣਾਇਆ ਸੀ । ਲੋਕ‌ ਬਿੰਦਰ ਦੇ ਖ਼ੁਸ਼ਹਾਲ ਪਰਿਵਾਰ ਵੱਲ ਦੇਖ ਕੇ ਗੱਲਾਂ ਕਰਦੇ ,” ਬਈ ਦੇਖ ਲਓ! ਜੇ ਕਿਸੇ ਨੇ ਜ਼ਿੰਦਗੀ ਜਿਊਣ ਦਾ ਹੁਨਰ ਸਿੱਖਣਾ ਹੋਵੇ ਤਾਂ ਬਿੰਦਰ ਤੋਂ ਸਿੱਖੇ….. ਨਾਲ਼ੇ ਤਾਂ ਦੋ ਬੱਚਿਆਂ ਨੂੰ ਮਾਂ ਬਾਪ ਦਾ ਪਿਆਰ ਦਿੱਤਾ, ਉਹਨਾਂ ਨੂੰ ਘਰ ਪਰਿਵਾਰ ਦੇ ਵਾਰਸ ਬਣਾਇਆ ਤੇ ਨਾਲ਼ੇ ਆਪਣੀ ਜ਼ਿੰਦਗੀ ਖ਼ੁਸ਼ਹਾਲ ਬਣਾ ਲਈ…. ਨਹੀਂ ਤਾਂ ਹੋਰ ਕੋਈ ਹੁੰਦਾ….. ਨਾਲ਼ੇ ਸ਼ਰੀਕਾਂ ਦੇ ਥੱਲੇ ਲੱਗ ਕੇ ਰਹਿੰਦਾ …….ਤੇ ਦੁਖੀ ਵਾਧੂ ਰਹਿੰਦਾ।”

ਬਿੰਦਰ ਦੇ ਬੱਚੇ ਵਿਆਹੇ ਗਏ ਸਨ।ਉਸ ਦੇ ਘਰ ਪੋਤਿਆਂ ਦੋਹਤਿਆਂ ਦੀਆਂ ਕਿਲਕਾਰੀਆਂ ਗੂੰਜਦੀਆਂ ਲੋਕਾਂ ਲਈ ਪ੍ਰੇਰਨਾ ਸਰੋਤ ਬਣ ਗਈਆਂ ਸਨ। ਉਸ ਤੋਂ ਪ੍ਰੇਰਨਾ ਲੈ ਕੇ ਕਈ ਬੇਔਲਾਦ ਜੋੜਿਆਂ ਨੇ ਆਪਣੇ ਘਰ ਇਸ ਤਰ੍ਹਾਂ ਹੀ ਵਸਾ ਲਏ ਸਨ। ਬਿੰਦਰ ਵਾਂਗ ਜਿੰਦਗੀ ਜਿਊਣ ਦੀ ਜਾਚ ਸਿੱਖਣਾ ਵੀ ਇੱਕ ਕਲਾ ਹੈ।ਹਰ ਮਨੁੱਖ ਨੂੰ ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਖ਼ੁਸ਼ਹਾਲ ਬਤੀਤ ਕਰਨਾ ਹੀ ਅਸਲ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਸਾਹਿਤਕ ਸਭਾਵਾਂ ਦਾ ਕੱਚ ਤੇ ਸੱਚ