(ਸਮਾਜ ਵੀਕਲੀ)
ਅੱਜ ਚਾਹੇ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ ।ਸਾਰੀ ਦੁਨੀਆ ਵਿੱਚ ਐਸ਼ੋ ਇਸ਼ਰਤ ਦੇ ਸਾਧਨ ਮੁਹੱਈਆ ਕਰਵਾ ਕੇ ਵਿਗਿਆਨ ਨੇ ਮਨੁੱਖ ਦੇ ਜੀਵਨ ਨੂੰ ਐਨਾ ਆਰਾਮਪ੍ਰਸਤ ਬਣਾ ਦਿੱਤਾ ਹੈ ਕਿ ਉਹ ਮੁੜ੍ਹਕਾ ਲੈਣਾ ਭੁੱਲ ਗਿਆ ਹੈ, ਉਸ ਨੂੰ ਪੈਦਲ ਸਫ਼ਰ ਕਰਨਾ ਔਖਾ ਲੱਗਦਾ ਹੈ। ਮਤਲਬ ਇਹ ਕਿ ਉਸ ਨੂੰ ਜ਼ਿੰਦਗੀ ਦੇ ਹਰ ਪੱਖੋਂ ਜਿਊਣ ਦੇ ਤੌਰ ਤਰੀਕਿਆਂ ਨੂੰ ਬਦਲ ਕੇ ਰੱਖ ਦਿੱਤਾ ਹੈ। ਐਨੀ ਤਰੱਕੀ ਕਰਨ ਦੇ ਬਾਵਜੂਦ ਅੱਜ ਦੇ ਮਨੁੱਖ ਕੋਲ ਖਾਣਾ ਖਾਣ ਦਾ ਸਮਾਂ ਨਹੀਂ ਹੈ, ਉਹ ਆਪਣਿਆਂ ਕੋਲ਼ ਦੋ ਘੜੀ ਬੈਠ ਕੇ ਦੁੱਖ ਸੁੱਖ ਦੀ ਸਾਂਝ ਵੰਡਾਉਣਾ ਭੁੱਲ ਗਿਆ ਹੈ,ਉਸ ਦਾ ਮਨ ਅਸ਼ਾਂਤ ਹੈ,ਉਹ ਖਿਝਿਆ ਖਿਝਿਆ ਹੈ, ਉਹ ਬੁਝਿਆ ਬੁਝਿਆ ਰਹਿਣ ਲੱਗ ਪਿਆ ਹੈ,ਉਸ ਅੰਦਰੋਂ ਸਹਿਣਸ਼ੀਲਤਾ ਖ਼ਤਮ ਹੋ ਗਈ ਹੈ, ਕਿਤੇ ਉਹ ਉਹ ਕਾਤਲ ਬਣ ਰਿਹਾ ਤੇ ਕਿਤੇ ਆਤਮਘਾਤੀ ਬਣ ਰਿਹਾ ਹੈ।
ਐਨੀਆਂ ਸੁੱਖ ਸਹੂਲਤਾਂ ਦੇ ਬਾਵਜੂਦ ਐਨੀ ਅਸਮੰਜਸਤਾ ਕਿਉਂ?ਵਿਗਿਆਨ ਚਾਹੇ ਜਿੰਨੀ ਮਰਜ਼ੀ ਤਰੱਕੀ ਕਰ ਲਵੇ, ਮਨੁੱਖ ਨੂੰ ਜਿੰਨੀਆਂ ਮਰਜ਼ੀ ਸੁੱਖ ਸਹੂਲਤਾਂ ਪ੍ਰਦਾਨ ਕਰ ਦੇਵੇ ਪਰ ਜੋ ਮਨੁੱਖ ਦੀਆਂ ਮਨੋਬਿਰਤੀਆਂ ਹਨ ਉਹਨਾਂ ਨੂੰ ਮਨੁੱਖ ਆਪ ਹੀ ਠੀਕ ਕਰ ਸਕਦਾ ਹੈ। ਜਿਵੇਂ ਕਿ ਪਦਾਰਥਵਾਦੀ ਯੁੱਗ ਹੋਣ ਕਰਕੇ ਅੱਜ ਦੇ ਮਨੁੱਖ ਦੇ ਮਨ ਵਿੱਚ ਸਵਾਰਥੀ ਸੋਚ ਭਾਰੂ ਹੈ।ਉਹ ਆਪਣੇ ਆਪ ਤੋਂ ਉੱਪਰ ਉੱਠਣਾ ਹੀ ਨਹੀਂ ਚਾਹੁੰਦਾ,ਉਸ ਦੀਆਂ ਸੋਚਾਂ ਉੱਪਰ ਉਸ ਦੀ ਨਿੱਜਤਾ ਭਾਰੂ ਹੋ ਰਹੀ ਹੈ,ਸਿਰਫ਼ ਆਪਣੇ ਨਿੱਜੀ ਹਿੱਤਾਂ ਲਈ ਉਹ ਕਿਹੜੇ ਕਿਹੜੇ ਪਾਸੇ ਹੱਥ ਪੱਲੇ ਨਹੀਂ ਮਾਰਦਾ? ਜਦ ਨਿੱਜੀ ਸਵਾਰਥਾਂ ਲਈ ਥੋੜ੍ਹੀ ਜਿਹੀ ਵੀ ਅਸਫ਼ਲਤਾ ਹੁੰਦੀ ਹੈ ਤਾਂ ਉਹ ਆਪੇ ਤੋਂ ਬਾਹਰ ਹੋ ਉੱਠਦਾ ਹੈ, ਜਿਸ ਕਰਕੇ ਭਿਆਨਕ ਨਤੀਜੇ ਸਾਹਮਣੇ ਆਉਂਦੇ ਹਨ। ਮਨੁੱਖ ਨੇ ਆਪਣੇ ਅੰਦਰ ਨੂੰ ਭਾਵ ਮਾਨਸਿਕ ਸ਼ਕਤੀਆਂ ਨੂੰ ਵਿਸਾਰ ਕੇ ਓਪਰੇਪਣ ਭਾਵ ਬਾਹਰੀ ਸ਼ਕਤੀਆਂ ਜਿਵੇਂ ਕਿ ਵਸਤਾਂ, ਅਹੁਦੇ, ਭੱਜ ਦੌੜ,ਸੁੱਖ ਸਹੂਲਤਾਂ ਲਈ ਹੱਥਕੰਡੇ ਅਪਣਾਉਣਾ ਆਦਿਕ ਨੂੰ ਆਪਣੇ ਉੱਪਰ ਹਾਵੀ ਕਰ ਦਿੱਤਾ ਹੈ।
ਜਿਸ ਕਰਕੇ ਅੱਜ ਦੇ ਮਨੁੱਖ ਦੀ ਇਹ ਹਾਲਤ ਹੋ ਗਈ ਹੈ।ਉਸ ਦੇ ਨਿਰਮਲ ਮਨ ਉੱਪਰ ਜ਼ਹਿਰੀ ਪਰਤ ਚੜ੍ਹ ਰਹੀ ਹੈ। ਇਸ ਜਹਿਰੀ ਪਰਤ ਨੂੰ ਉਧੇੜਨ ਲਈ ਮੈਡੀਟੇਸ਼ਨ ਦਾ ਸਹਾਰਾ ਲੈਣਾ ਬਹੁਤ ਜ਼ਰੂਰੀ ਹੈ। ਮੈਡੀਟੇਸ਼ਨ ਦਾ ਅਰਥ ਧਿਆਨ ਲਗਾਉਣਾ ਹੁੰਦਾ ਹੈ।ਜੇ ਮਨੁੱਖ ਸਵੇਰੇ ਸਵੇਰੇ ਆਪਣੇ ਸ਼ਾਂਤ ਮਨ ਨੂੰ ਇਕਾਂਤ ਵਿੱਚ ਜਾ ਕੇ ਇਕਾਗਰ ਕਰਕੇ ਚੜ੍ਹਨ ਵਾਲੇ ਨਵੇਂ ਦਿਨ ਲਈ ਆਪਣੇ ਆਪ ਨੂੰ ਤਿਆਰ ਕਰ ਲਵੇ ਤਾਂ ਸਾਰਾ ਦਿਨ ਬਹੁਤ ਉਜਵਲ ਲੱਗੇਗਾ । ਵਿਅਰਥ ਦੀਆਂ ਸੋਚਾਂ ਨੂੰ ਕਿਸੇ ਹੱਦ ਤੱਕ ਕਾਬੂ ਪਾਉਣ ਵਿੱਚ ਸਹਾਇਕ ਸਿੱਧ ਹੋਵੇਗਾ ਇਸੇ ਤਰ੍ਹਾਂ ਰਾਤ ਨੂੰ ਸੌਣ ਤੋਂ ਦਸ ਪੰਦਰਾਂ ਮਿੰਟ ਪਹਿਲਾਂ ਆਪਣੇ ਦਿਨ ਭਰ ਦੀਆਂ ਉਸਾਰੂ ਅਤੇ ਢਾਹੂ ਕਿਰਤਾਂ ਅਤੇ ਬਿਰਤੀਆਂ ਨੂੰ ਜਾਂਚ ਕੇ ਉਹਨਾਂ ਵਿੱਚ ਸੁਧਾਰ ਲਿਆਉਣ ਲਈ ਕੋਸ਼ਿਸ਼ਾਂ ਅਰੰਭੇ ਤਾਂ ਉਹ ਆਪਣੀ ਮਾਨਸਿਕਤਾ ਨੂੰ ਹਾਲਾਤਾਂ ਅਨੁਸਾਰ ਸੁਧਾਰਨ ਦੇ ਯੋਗ ਹੋ ਜਾਵੇਗਾ।
ਆਪਣੀ ਮਨ ਦੀ ਸਥਿਤੀ ਨੂੰ ਸੁਧਾਰਨ ਲਈ ,ਧਿਆਨ ਲਗਾਉਣਾ, ਵਿਕਾਰਾਂ ਤੋਂ ਮੁਕਤੀ ਪਾਉਣ ਦਾ ਸਭ ਤੋਂ ਸਫਲ ਸਾਧਨ ਹੈ।ਇਸ ਨਾਲ ਮਨੁੱਖ ਅੰਦਰ ਆਪਣੇ ਆਪ ਨੂੰ ਘੋਖਣ ਦੀ ਆਦਤ ਪੈਦਾ ਹੋਣ ਨਾਲ਼ ਸੁਧਾਰਵਾਦੀ ਸੋਚ ਉਤਪੰਨ ਹੁੰਦੀ ਹੈ ਅਤੇ ਵਿਅਰਥ ਸੋਚਾਂ ਦੇ ਤੂਫ਼ਾਨ ਤੋਂ ਛੁਟਕਾਰਾ ਪੈਂਦਾ ਹੈ।ਇਸ ਲਈ ਆਪਣੇ ਵਿਅਕਤੀਤੱਵ ਵਿੱਚ ਸੁਧਾਰ ਲਿਆਉਣ ਲਈ ਮਨ ਦੀ ਸਥਿਤੀ ਨੂੰ ਸੁਧਾਰਨ ਦੇ ਯੋਗ ਹੋਣਾ ਅਤੇ ਫਿਰ ਆਪੇ ਨੂੰ ਖੋਜ ਅਤੇ ਪਰਖ ਕੇ ਇੱਕ ਚੰਗਾ ਇਨਸਾਨ ਬਣਕੇ ਦੂਜਿਆਂ ਸਾਹਮਣੇ ਪੇਸ਼ ਕਰਨਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324