ਏਹੁ ਹਮਾਰਾ ਜੀਵਣਾ ਹੈ – 73

(ਸਮਾਜ ਵੀਕਲੀ)

ਰਾਤ ਨੂੰ ਸੌਣ ਸਮੇਂ ਫੋਨ ਤੇ ਮੈਂ ਆਤਮ ਅਤੇ ਪਰਮਾਤਮ ਗਿਆਨ ਦੀਆਂ ਗੱਲਾਂ ਸੁਣਨ ਲੱਗੀ।ਉਸ ਵਿੱਚ ਗੱਲ ਆਤਮਹੱਤਿਆ ਦੀ ਚੱਲ ਪਈ। ਆਤਮਹੱਤਿਆ ਕਰਨ ਵਾਲਿਆਂ ਦੇ ਮਰਨ ਤੋਂ ਬਾਅਦ ਆਤਮਾ ਦੇ ਅਗਾਊਂ ਹਲਾਤਾਂ ਤੋਂ ਬਾਅਦ ਦੀ ਗੱਲ ਸ਼ੁਰੂ ਹੋਈ । ਉਹਨਾਂ ਦੇ ਨਾਲ ਹੀ ਮੈਂ ਵੀ ਆਤਮ ਯਾਤਰਾ ਤੇ ਨਿਕਲ ਪਈ। ਜਾਂਦੇ ਜਾਂਦੇ ਇੱਕ ਹਸਪਤਾਲ ਅੱਗੋਂ ਦੀ ਲੰਘਦੇ ਹੋਏ ਮੈਂ ਇੱਕ ਕੁੜੀ ਦੇਖੀ ਜੋ ਤੜਫ਼ ਤੜਫ਼ ਕੇ ਕਹਿ ਰਹੀ ਸੀ ,” ਮੈਨੂੰ ਬਚਾ ਲਓ….ਸਭ ਅੱਗੇ ਹੱਥ ਜੋੜਦੀ ਆਂ …. ਅੱਗੇ ਤੋਂ ਇਹੋ ਜਿਹੀ ਗਲਤੀ ਨਹੀਂ ਕਰੂੰਗੀ…ਇੱਕ ਵਾਰ ਸਿਰਫ ਇੱਕ ਵਾਰ….!”ਜਦ ਮੈਂ ਰੁਕ ਕੇ ਦੇਖਿਆ ਤਾਂ ਸਮਝ ਪਿਆ ਕਿ ਇਸ ਕੁੜੀ ਨੇ ਆਤਮਹੱਤਿਆ ਕੀਤੀ ਹੈ,ਬੱਸ ਉਸ ਦੀ ਆਤਮਾ ਤੜਪ ਰਹੀ ਹੈ ਕਿਉਂਕਿ ਉਹ ਉਸ ਸਰੀਰ ਨੂੰ ਬਹੁਤ ਪਿਆਰ ਕਰਦੀ ਸੀ ਪਰ ਸਰੀਰ ਨੂੰ ਖਤਮ ਕਰਨ ਵਾਲ਼ਾ ਪਦਾਰਥ ਜੋ ਉਸ ਕੁੜੀ ਨੇ ਨਿਗਲ਼ ਲਿਆ ਸੀ, ਉਹ ਉਸ ਦੇ ਸਰੀਰ ਨੂੰ ਤੇਜ਼ੀ ਨਾਲ ਖਤਮ ਕਰ ਰਿਹਾ ਸੀ। ਦੇਖਦੇ ਹੀ ਦੇਖਦੇ ਉਹ ਸਰੀਰ ਖ਼ਤਮ ਹੋ ਗਿਆ ਤੇ ਆਤਮਾ ਤੜਫ਼ਦੀ ਹੋਈ ਉਸ ਦੇ ਆਸ ਪਾਸ ਚੱਕਰ ਲਗਾ ਰਹੀ ਸੀ।

ਥੋੜ੍ਹਾ ਅੱਗੇ ਨਿਕਲੀ ਤਾਂ ਇੱਕ ਨਹਿਰ ਦਾ ਪਾਣੀ ਠਾਠਾਂ ਮਾਰਦਾ ਤੇਜ਼ੀ ਨਾਲ਼ ਵਗ ਰਿਹਾ ਸੀ, ਉਸ ਵਿੱਚੋਂ ਦੋ ਹੱਥ ਹਿੱਲਦੇ ਦਿਖਾਈ ਦਿੱਤੇ ,ਜਦ ਧਿਆਨ ਨਾਲ ਸੁਣਿਆ ਤਾਂ ਉਹ ਮਨੁੱਖ ਉੱਚੀ ਉੱਚੀ ਰੌਲ਼ਾ ਪਾ ਰਿਹਾ ਸੀ ,” ਕੋਈ ਕੱਢ ਲਓ ਮੈਨੂੰ….ਕੋਈ ਹੈ…… ਇੱਕ ਵਾਰੀ ਮੈਨੂੰ ਬਚਾ ਲਓ……ਹੁਣ ਮੈਂ ਜਿਊਣਾ ਚਾਹੁੰਦਾਂ ਹਾਂ…..ਬਚਾਓ…….ਬਚਾਓ……ਬਚਾਓ….!” ਕਰਦਾ ਪਾਣੀ ਦੇ ਤੇਜ਼ ਵਹਾਅ ਅੰਦਰ ਸਮਾ ਗਿਆ। ਪਤਾ ਲੱਗਿਆ ਕਿ ਉਸ ਬੰਦੇ ਨੇ ਆਪ ਛਾਲ ਮਾਰਕੇ ਖੁਦਕੁਸ਼ੀ ਕੀਤੀ ਹੈ। ਪਰ ਜਿਵੇਂ ਹੀ ਜ਼ਿੰਦਗੀ ਖਤਮ ਹੋਣ ਲੱਗਦੀ ਹੈ ਤਾਂ ਅਹਿਸਾਸ ਹੁੰਦਾ ਹੈ ਕਿ ਇਹ ਕਿੰਨੀ ਅਨਮੋਲ ਹੈ।

ਉਸ ਤੋਂ ਵੀ ਅੱਗੇ ਮੈਂ ਇੱਕ ਅਜਿਹੀ ਦੁਨੀਆਂ ਵਿੱਚ ਪ੍ਰਵੇਸ਼ ਕੀਤਾ ਜਿੱਥੇ ਸਿਰਫ਼ ਆਤਮਾਵਾਂ ਹੀ ਘੁੰਮ ਰਹੀਆਂ ਸਨ ਤੇ ਮੈਂ ਵੀ ਇੱਕ ਆਤਮਾ ਕਿਉਂ ਕਿ ਮੈਂ ਆਤਮਾ ਦਰਸ਼ਨ ਦੇ ਦੌਰੇ ਤੇ ਨਿਕਲੀ ਹੋਈ ਸੀ। ਇੱਕ ਖੂੰਜੇ ਬੈਠੀ ਇੱਕ ਜਵਾਨ ਔਰਤ ਚੀਕਾਂ ਮਾਰ ਰਹੀ ਸੀ,” ਔਹ ਦੇਖੋ , ਮੇਰੇ ਬੱਚੇ ਨੂੰ ਕਿੰਨੀ ਭੁੱਖ ਲੱਗੀ ਹੈ…? ਉਹ ਧਰਤੀ ਤੇ ਭੁੱਖ ਨਾਲ ਵਿਲਕ ਰਿਹਾ ਹੈ ਤੇ ਮੈਂ ਐਥੇ……! ” ਉਹ ਜਾਂਦੀ ਹੈ ਤੇ ਆਪਣੇ ਬੱਚੇ ਨੂੰ ਚੁੱਕ ਕੇ ਚੁੱਪ ਕਰਾਉਣਾ ਚਾਹੁੰਦੀ ਹੈ ਪਰ ਉਹ ਤਾਂ ਹਵਾ ਦੇ ਝੌਂਕੇ ਵਾਂਗੂੰ ਬੱਚੇ ਦੇ ਕੋਲ ਦੀ ਲੰਘ ਤਾਂ ਸਕਦੀ ਹੈ ਪਰ ਨਾ ਉਸ ਨੂੰ ਚੁੱਕ ਸਕਦੀ ਹੈ ਤੇ ਨਾ ਕੁਝ ਖਾਣ ਨੂੰ ਦੇ ਸਕਦੀ ਹੈ….ਨਾ ਉਸ ਦੀਆਂ ਤੜਫ਼ ਭਰੀਆਂ ਚੀਕਾਂ ਸੁਣਾਈ ਦਿੰਦੀਆਂ ਹਨ। ਜਿੰਨਾਂ ਦੀ ਸ਼ਹਿ ਨਾਲ ਉਸ ਨੇ ਆਤਮਹੱਤਿਆ ਕੀਤੀ ਸੀ ਉਹ ਦੂਜੇ ਕਮਰੇ ਵਿੱਚ ਖੁਸ਼ੀ ਨਾਲ ਪਾਰਟੀ ਕਰ ਰਹੇ ਸਨ,ਰੱਜ ਰੱਜ ਕੇ ਖਾ ਰਹੇ ਸਨ ਪਰ ਉਸ ਦੇ ਛੋਟੇ ਮਾਸੂਮ ਦੀਆਂ ਭੁੱਖ ਨਾਲ ਵਿਲਕਦੇ ਦੀਆਂ ਦਰਦ ਭਰੀਆਂ ਚੀਕਾਂ ਉਹਨਾਂ ਦੇ ਨਾਚ ਗਾਣਿਆਂ ਦੀ ਅਵਾਜ਼ ਵਿੱਚ ਦਬ ਗਈਆਂ ਸਨ।

ਮੈਂ ਆਤਮਾ ਥੋੜ੍ਹਾ ਹੋਰ ਅੱਗੇ ਨਿਕਲੀ ਤਾਂ ਦੇਖਿਆ ਕਿ ਇੱਕ ਨੌਜਵਾਨ ਆਪਣੇ ਮਾਪਿਆਂ ਨੂੰ ਧਰਤੀ ਤੇ ਰੋਂਦਾ ਵੇਖ ਕੇ ਉਹਨਾਂ ਨੂੰ ਚੁੱਪ ਕਰਾਉਣ ਦੇ ਯਤਨ ਕਰ ਰਿਹਾ ਸੀ,ਉਹ ਰੋਂਦਾ ਹੋਇਆ ਮਾਂ ਨੂੰ ਗਲਵੱਕੜੀ ਵਿੱਚ ਲੈਣਾ ਚਾਹ ਰਿਹਾ ਸੀ ਪਰ ਕਿੱਥੇ…? ਉਹ ਤਾਂ ਹਵਾ ਦੇ ਬੁੱਲੇ ਵਾਂਗ ਕੋਲ ਦੀ ਖਿਸਕ ਜਾਵੇ ,ਕਦੇ ਉਹ ਬੁੱਢੇ ਬਾਪ ਨੂੰ ਹੌਸਲਾ ਦੇਣਾ ਚਾਹੁੰਦਾ ਸੀ,ਓਹਦੇ ਅੱਥਰੂ ਪੂੰਝਣਾ ਚਾਹੁੰਦਾ ਸੀ ਪਰ ਸਭ‌ ਵਿਅਰਥ ਹੀ। ਮੈਂ ਉਸ ਨੂੰ ਪੁੱਛਿਆ,” ਤੂੰ ਤਾਂ ਮੈਨੂੰ ਆਪਣੇ ਮਾਪਿਆਂ ਦਾ ਬਹੁਤ ਲਾਡਲਾ, ਇਕਲੌਤਾ ਅਤੇ ਆਗਿਆਕਾਰੀ ਪੁੱਤਰ ਜਾਪਦਾ ਹੈਂ ਤੂੰ ਇੱਥੇ ਕਿਵੇਂ…..?”

ਉਹ ਵਿਰਲਾਪ ਕਰਦਾ ਹੋਇਆ ਦੱਸਣ ਲੱਗਿਆ,” ਮੈਂ ਇੱਕ ਬਹੁਤ ਸੋਹਣੀ ਕੁੜੀ ਨੂੰ ਪਿਆਰ ਕਰਦਾ ਸੀ… ਮੈਂ ਉਸ ਨਾਲ਼ ਵਿਆਹ ਕਰਵਾਉਣਾ ਚਾਹੁੰਦਾ ਸੀ,ਪਰ ਇੱਕ ਦਿਨ ਪਤਾ ਲੱਗਿਆ ਕਿ ਉਸ ਦੇ ਮਾਪਿਆਂ ਨੇ ਕਿਸੇ ਹੋਰ ਮੁੰਡੇ ਨਾਲ਼ ਉਸ ਦਾ ਵਿਆਹ ਤਹਿ ਕਰ ਦਿੱਤਾ ਸੀ, ਮੇਰੇ ਤੋਂ ਉਸ ਦਾ ਵਿਛੋੜਾ ਸਹਿ ਨਾ ਹੋਇਆ ਤਾਂ ਮੈਂ ਆਤਮਹੱਤਿਆ ਕਰ ਲਈ……ਪਰ ਓਹ ਦੇਖੋ…..ਉਸ ਕੁੜੀ ਨੇ ਤਾਂ ਮੈਨੂੰ ਕਦੇ ਯਾਦ ਵੀ ਨਹੀ ਕੀਤਾ….. ਦੇਖੋ ਕਿੰਨੀ ਖੁਸ਼ ਹੈ ਉਹ ਆਪਣੇ ਪਤੀ ਨਾਲ਼…..!” ਦੇਖ ਕੇ ਧਾਹਾਂ ਮਾਰ ਕੇ ਰੋਣ ਲੱਗਿਆ ਤੇ ਆਪਣੇ ਬਰਬਾਦ ਹੋਏ ਘਰ, ਮਾਪਿਆਂ ਅਤੇ ਆਪਣੀ ਸੋਹਣੀ ਸੁਨੱਖੀ ਸੂਰਤ ਅਤੇ ਦੇਹ ਬਾਰੇ ਸੋਚ ਸੋਚ ਕੇ ਤੜਫ਼ ਰਿਹਾ ਸੀ ਜੋ ਉਸ ਨੇ ਆਤਮਹੱਤਿਆ ਕਰ ਕੇ ਖਤਮ ਕਰ ਦਿੱਤੀ ਸੀ।

ਇੱਕ ਹੋਰ ਅੱਧਖੜ੍ਹ ਉਮਰ ਦਾ ਵਿਅਕਤੀ ਮੁੜ ਤੋਂ ਆਪਣੇ ਜਿਸਮ ਵਿੱਚ ਜਾਣਾ ਲੋਚਦਾ ਸੀ ਤੇ ਤੜਫ਼ ਤੜਫ਼ ਕੇ ਪੁਕਾਰ ਰਿਹਾ ਸੀ,” ਜਿਹਨਾਂ ਦੀ ਖਾਤਰ ਮੈਂ ਆਪਣੇ ਸੋਹਣੇ ਤੇ ਮਿਹਨਤੀ ਸਰੀਰ ਨੂੰ ਖ਼ਤਮ ਕੀਤਾ ਸੀ….ਉਹ ਅੱਜ ਮੇਰਾ ਨਾਂ ਲੈਣਾ ਵੀ‌ ਪਸੰਦ ਨਹੀਂ ਕਰਦੇ…… ਕਿੰਨੇ ਐਸ਼ੋ ਇਸ਼ਰਤ ਨਾਲ਼ ਜੀਵਨ ਬਤੀਤ ਕਰ ਰਹੇ ਹਨ……ਓਏ ਕੋਈ ਇੱਕ ਵਾਰੀ ਤਾਂ ਮੇਰੀ ਕੁਰਬਾਨੀ ਯਾਦ ਕਰ ਲਵੋ…..!” ਅਸਲ ਵਿੱਚ ਇਸ ਆਦਮੀ ਨੇ ਅਤਿ ਦੀ ਗਰੀਬੀ ਅਤੇ ਸ਼ਰੀਕਾਂ ਨਾਲ ਜਾਇਦਾਦ ਦੇ ਝਗੜੇ ਕਾਰਨ ਆਤਮਹੱਤਿਆ ਕੀਤੀ ਸੀ,ਉਸ ਦੇ ਮਰਨ ਤੋਂ ਬਾਅਦ ਸਾਰੀ ਜਾਇਦਾਦ ਉਸ ਦੀ ਔਲਾਦ ਨੂੰ ਮਿਲ ਗਈ ਸੀ ਤੇ ਉਹ ਆਪਣੀ ਸੁਖਾਲ਼ੀ ਜ਼ਿੰਦਗੀ ਜਿਊਂ ਰਹੇ ਸਨ ਪਰ ਕਿਸੇ ਨੂੰ ਵੀ ਇਸ ਦੀ ਕੁਰਬਾਨੀ ਯਾਦ ਨਹੀਂ ਸੀ।

ਇਸੇ ਤਰ੍ਹਾਂ ਮੈਂ ਅਨੇਕਾਂ ਆਤਮਾਵਾਂ ਨੂੰ ਤੜਫਦਿਆਂ , ਰੋਂਦਿਆਂ ਕੁਰਲਾਉਂਦਿਆਂ, ਚੀਕਾਂ ਮਾਰਦਿਆਂ ਦੇ ਕੋਲੋਂ ਇੱਕ ਬਹੁਤ ਵੱਡੀ ਭੀੜ ਵਿੱਚੋਂ ਗੁਜ਼ਰਦੇ ਹੋਏ ਅਚਾਨਕ ਰੱਬ ਨਾਲ਼ ਟਕਰਾ ਗਈ। ਮੈਂ ਗ਼ਲਤੀ ਮੰਨ ਕੇ ਹੱਥ ਜੋੜ ਕੇ ਰੱਬ ਅੱਗੇ ਅਰਜ਼ੋਈ ਕਰਨ ਲੱਗੀ,” ਮਾਹਰਾਜ! ਇਹ ਸਭ ਤੁਹਾਡੀ ਕਿਹੜੀ ਮਾਇਆ ਹੈ ਤੇ ਕਿਹੜਾ ਅਜ਼ਬ ਖੇਲ੍ਹ ਏ….. ਰੱਬ ਜੀ ਤੁਸੀਂ ਇਹਨਾਂ ਨਾਲ਼ ਚੰਗਾ ਨਹੀਂ ਕਰ ਰਹੇ। ਇਹਨਾਂ ਨੂੰ ਨਵੇਂ ਸਰੀਰ ਕਿਉਂ ਨਹੀਂ ਦੇ ਰਹੇ…? ਕਿੱਦਾਂ ਇਹ ਭੁੱਖੇ ਪਿਆਸੇ ਤੜ੍ਹਫ ਰਹੇ ਨੇ…. ਆਪਣਿਆਂ ਨੂੰ ਦੇਖ ਦੇਖ ਕੇ ਕਦ ਤੱਕ ਤੜਫਣਗੇ….!”
“ਰੱਬ ਜੀ ਕੁਛ ਤਾਂ ਦੱਸੋ….!” ਮੈਂ ਫਿਰ ਤਰਲੇ ਨਾਲ ਪੁੱਛਿਆ।

ਰੱਬ ਜੀ ਆਖਣ ਲੱਗੇ,” ਬੱਚਾ ਇਹਨਾਂ ਨੂੰ ਆਪਣੇ ਆਪਣੇ ਹੱਕ ਦਾ ਪੰਜ ਤੱਤਾਂ ਦਾ ਬਸਤਰ ਮਿਲਿਆ ਹੋਇਆ ਸੀ, ਇਹਨਾਂ ਨੇ ਉਸ ਦੀ ਕਦਰ ਨਹੀਂ ਕੀਤੀ ਤੇ ਉਸ ਸਰੀਰ ਰੂਪੀ ਖੂਬਸੂਰਤ ਪਹਿਰਾਵੇ ਨੂੰ ਆਪਣੇ ਹੱਥੀਂ ਖ਼ਤਮ ਕਰ ਦਿੱਤਾ ਹੈ…ਹੁਣ ਤੁਸੀਂ ਦੱਸੋ…ਕੀ ਤੁਸੀਂ ਆਪਣਾ ਬਸਤਰ ਕਿਸੇ ਹੋਰ ਨੂੰ ਪਹਿਨਣ ਲਈ ਦੇਵੋਗੇ…..?”

ਮੈਂ ਇੱਕ ਦਮ ਘਬਰਾ ਕੇ” ….. ਨਹੀਂ……ਨਹੀਂ …… ਬਿਲਕੁਲ ਨਹੀਂ ” ਕਰਦੀ ਉੱਠੀ ਤੇ ਸਵੇਰ ਦੇ ਚਾਰ ਵਜੇ ਸਨ । ਮੈਨੂੰ ਆਪਣਾ ਸਰੀਰ ਰੂਪੀ ਬਸਤਰ ਬਹੁਤ ਖੂਬਸੂਰਤ ਲੱਗ ਰਿਹਾ ਸੀ । ਹੁਣ ਉਹ ਮੈਨੂੰ ਬੇਸ਼ੁਮਾਰ ਤੇ ਕੀਮਤੀ ਜਾਪ ਰਿਹਾ ਸੀ। ਸਭ ਤੋਂ ਪਹਿਲਾਂ ਆਪਣੇ ਸਰੀਰ ਰੂਪੀ ਬਸਤਰ ਦੀ ਸੰਭਾਲ ਕਰਦੇ ਹੋਏ ਸਾਰੀਆਂ ਮੁਸ਼ਕਲਾਂ ਦਾ ਡਟ ਕੇ ਸਾਹਮਣਾ ਕਰਨਾ ਹੀ ਅਸਲੀ ਹਮਾਰਾ ਜੀਵਣਾ ਹੈ।

(ਮੈਂ ਇਹ ਕਹਾਣੀ 10 ਸਤੰਬਰ ਨੂੰ ਮਨਾਏ ਜਾਂਦੇ “ਵਿਸ਼ਵ ਆਤਮਹੱਤਿਆ ਰੋਕਥਾਮ ਦਿਵਸ” (World Suicide prevention day) ਨੂੰ ਸਮਰਪਿਤ ਕਰਦੀ ਹਾਂ।) 

ਬਰਜਿੰਦਰ ਕੌਰ ਬਿਸਰਾਓ

Previous articleZelensky blames Russian attacks for blackouts in Ukraine
Next articleਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਦਾ ” ਆਸਰਾ ਫਾਊਂਡੇਸ਼ਨ ” ਵੱਲੋਂ ਵਿਸ਼ੇਸ਼ ਸਨਮਾਨ