(ਸਮਾਜ ਵੀਕਲੀ)
ਤਾਈ ਰਾਮ ਕੌਰ ਦੀ ਉਮਰ ਚਾਹੇ ਅੱਸੀ-ਪਚਾਸੀ ਸਾਲਾਂ ਦੀ ਹੋ ਗਈ ਸੀ ਪਰ ਉਸ ਦਾ ਸਰੀਰ ਇਕਹਿਰਾ ਤੇ ਤੰਦਰੁਸਤ ਪਿਆ ਸੀ। ਉਸ ਦਾ ਰੰਗ ਗੋਰਾ ਤੇ ਚਿਹਰੇ ਤੇ ਪੂਰੀ ਰੌਣਕ ਸੀ। ਚਿੱਟੇ ਦੁੱਧ ਧੋਤੇ ਕੱਪੜੇ ਉਸ ਦੇ ਬੁਢਾਪੇ ਦਾ ਸ਼ਿੰਗਾਰ ਸਨ ਜੋ ਉਸ ਦੀ ਸ਼ਖ਼ਸੀਅਤ ਨੂੰ ਹੋਰ ਨਿਖ਼ਾਰ ਦਿੰਦੇ।ਉਸ ਦੀ ਅੱਖਾਂ ਦੀ ਨਿਗਾਹ ਚਾਹੇ ਘਟ ਗਈ ਸੀ ਪਰ ਪਛਾਣ ਸਭ ਨੂੰ ਲੈਂਦੀ ਸੀ। ਉਸ ਕੋਲ ਰੁਕ ਕੇ ਕਿਸੇ ਨੇ ਤਾਈ ਦਾ ਹਾਲ ਚਾਲ ਪੁੱਛਣਾ ਤਾਂ ਉਸ ਨੇ ਕਹਿਣਾ,” ਬਹੁਤ ਵਧੀਆ… ਬਹੁਤ ਵਧੀਆ…. ਰੱਬ ਨੇ ਰੰਗ ਭਾਗ ਲਾਏ ਪਏ ਨੇ….. ਓਹਦਾ ਦਿੱਤਾ ਸਭ ਕੁਝ ਆ…..!” ਕਹਿਕੇ ਦੋਵੇਂ ਹੱਥ ਜੋੜ ਕੇ ਉੱਪਰ ਨੂੰ ਦੇਖਦੀ ਹੋਈ ਰੱਬ ਦੇ ਸੌ ਸੌ ਸ਼ੁਕਰਾਨੇ ਕਰਦੀ।
ਦਰ ਅਸਲ ਹੁਣ ਤਾਂ ਤਾਈ ਨੂੰ ਰੱਬ ਦਾ ਦਿੱਤਾ ਹੋਇਆ ਸਭ ਕੁਝ ਸੀ।ਸੱਚ ਮੁੱਚ ਹੀ ਉਸ ਨੂੰ ਹੁਣ ਕਿਸੇ ਚੀਜ਼ ਦੀ ਕਮੀ ਨਹੀਂ ਸੀ। ਉਸ ਦਾ ਇੱਕੋ ਪੁੱਤਰ ਸੀ ਜੋ ਇੱਕ ਸਰਕਾਰੀ ਅਫ਼ਸਰ ਲੱਗਿਆ ਹੋਇਆ ਸੀ । ਉਸ ਦੀ ਪਤਨੀ ਅਤੇ ਬੱਚੇ ਉਸ ਨਾਲ਼ ਹੀ ਰਹਿੰਦੇ ਸਨ। ਜਦੋਂ ਉਹਨਾਂ ਨੂੰ ਸਮਾਂ ਲੱਗਦਾ,ਉਹ ਤਾਈ ਕੋਲ਼ ਦੋ ਚਾਰ ਦਿਨ ਲਾ ਜਾਂਦੇ ਸਨ। ਪੜ੍ਹੇ ਲਿਖੇ ਪਰਿਵਾਰ ਨੂੰ ਦੇਖ ਕੇ ਅਤੇ ਉਨ੍ਹਾਂ ਦਾ ਆਪਸ ਵਿੱਚ ਪਿਆਰ ਦੇਖ ਕੇ ਤਾਂ ਸੱਚ ਮੁੱਚ ਹੀ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਦਿਖਾਈ ਨਹੀਂ ਦਿੰਦੀ ਸੀ।
ਸੁਰਿੰਦਰ ਤੇ ਉਸ ਦੀ ਸੱਸ ਜੋ ਤਾਈ ਰਾਮ ਕੌਰ ਦੇ ਗੁਆਂਢ ਵਿੱਚ ਹੀ ਰਹਿੰਦੀਆਂ ਸਨ ਤੇ ਸਕਿਆਂ ਵਿੱਚੋਂ ਹੀ ਸਨ, ਤਾਈ ਦੇ ਇਕੱਲੇ ਰਹਿੰਦੇ ਹੋਣ ਕਰਕੇ ਉਹ ਵੇਲ਼ੇ ਕੁਵੇਲੇ ਉਸ ਦਾ ਧਿਆਨ ਰੱਖਦੀਆਂ ਸਨ।ਕਦੇ ਕਦੇ ਸੁਰਿੰਦਰ ਦੇ ਬੱਚੇ ਵੀ ਤਾਈ ਕੋਲ਼ ਜਾ ਕੇ ਸੌਂ ਜਾਂਦੇ ਸਨ। ਇੱਕ ਦਿਨ ਸੁਰਿੰਦਰ ਨੇ ਆਪਣੀ ਸੱਸ ਨੂੰ ਪੁੱਛਿਆ,” ਬੀਜੀ…. ਮੈਨੂੰ ਕਿੰਨਾ ਚਿਰ ਹੋ ਗਿਆ ਵਿਆਹੀ ਆਈ ਨੂੰ…. ਇਹ ਆਪਣੇ ਤਾਈ ਜੀ ਨੂੰ ਮੈਂ ਹਮੇਸ਼ਾ ਇਸ ਤਰ੍ਹਾਂ ਹੀ ਖੁਸ਼ਹਾਲ ਦੇਖਦੀ ਆਂ…… ਕਦੇ ਉਦਾਸ ਜਾਂ ਨਿਰਾਸ਼ ਜਾਂ ਮਰੂੰ ਮਰੂੰ ਕਰਦੇ ਨਹੀਂ ਦੇਖਿਆ……ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਈ ਰਹਿੰਦੇ ਨੇ……!”
ਸੁਰਿੰਦਰ ਦੇ ਬੀਜੀ ਉਸ ਦੀ ਗੱਲ ਸੁਣ ਕੇ ਮੁਸਕਰਾ ਪਏ ਤੇ ਆਖਣ ਲੱਗੇ,” ਤੂੰ ਤਾਂ ਹਜੇ ਕੱਲ੍ਹ ਦੀ ਜਵਾਕੜੀ ਐਂ ਸਾਡੇ ਲਈ…… ਜਦੋਂ ਮੈਂ ਵਿਆਹੀ ਆਈ ਸੀ ਤਾਂ ਰਾਮ ਕੌਰ ਦੇ ਵਿਆਹ ਨੂੰ ਮਸਾਂ ਦੋ ਕੁ ਵਰ੍ਹੇ ਹੋਏ ਸਨ….. ਮੈਂ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਇਹਨੂੰ ਕਦੇ ਉਦਾਸ ਜਾਂ ਮਰੂੰ ਮਰੂੰ ਕਰਦੇ ਨੀ ਦੇਖਿਆ….. ਇਹਨੇ ਬਥੇਰੇ ਔਖੇ ਵੇਲੇ ਦੇਖੇ ਨੇ….. ਪਰ ਜੀਹਨੂੰ ਮਿਲਣਾ….. ਏਦਾਂ ਈ ਹੱਸ ਕੇ ਮਿਲ਼ਦੀ ਤੇ ਆਪਣੇ ਆਪ ਨੂੰ ਬਹੁਤ ਖੁਸ਼ਹਾਲ ਤੇ ਭਾਗਾਂ ਵਾਲ਼ੀ ਦੱਸਦੀ…… ਦੇਖਣ ਵਾਲ਼ੇ ਨੂੰ ਲੱਗਦਾ ਕਿ ਇਹਦੇ ਜਿੰਨਾਂ ਕੋਈ ਸੌਖਾ ਇਨਸਾਨ ਹੋ ਈ ਨੀ ਸਕਦਾ।”
“ਅੱਛਾ ਬੀਜੀ…! …. ਤਾਈ ਨੇ ਕੀ ਔਖੇ ਵੇਲੇ ਦੇਖੇ ਸੀ?” ਸੁਰਿੰਦਰ ਨੇ ਹੈਰਾਨ ਹੋ ਕੇ ਪੁੱਛਿਆ।
“ਰਾਮ ਕੌਰ…. ਸਾਡੇ ਚਾਚੇ ਹੋਰਾਂ ਦੀ ਕੱਲੀ ਕੱਲੀ ਨੂੰਹ ਸੀ…. ਚਾਚਾ ਤਾਂ ਹੈ ਨੀ ਸੀ , ਚਾਚੀ ਨੇ ਇਹਦੇ ਜਵਾਕ ਨਾ ਹੋਣ ਕਰਕੇ ਇਹਨੂੰ ਬਹੁਤ ਤੰਗ ਕੀਤਾ…… ਇਹਦੇ ਜਦ ਪੰਜ ਸਾਲ ਜਵਾਕ ਨਾ ਹੋਇਆ ਤਾਂ……. ਸਾਡੀ ਚਾਚੀ ਨੇ ਇਹਦੀ ਸੌਂਕਣ ਲਿਆ ਕੇ ਇਹਦੀ ਹਿੱਕ ਤੇ ਬਿਠਾਤੀ …… ਪਰ ਇਹ ਪਤਾ ਨੀ ਕਿਹੜੀ ਮਿੱਟੀ ਦੀ ਬਣੀ ਹੋਈ ਸੀ….. ਇਹ ਭੋਰਾ ਨਾ ਡੋਲੀ….. ਬਥੇਰਾ ਇਹਦੇ ਭਰਾਵਾਂ ਨੇ ਜ਼ੋਰ ਲਾਇਆ…… ਕਿ ਇਹਨਾਂ ਨੂੰ ਛੱਡ ਕੇ ਉਹਨਾਂ ਕੋਲ ਚਲੀ ਜਾਵੇ ਪਰ ਨਾ…… ਇਹ ਨਾ ਮੰਨੀ…… ਨਾ ਇਹਨੇ ਘਰ ਚ ਕਲੇਸ਼ ਕੀਤਾ….. ਘਰ ਦੀ ਕੁੜੀ ਵਾਂਗ ਈ ਘਰ ਚ ਰਹਿੰਦੀ ਰਹੀ….. ਫੇਰ ਦੂਜੀ ਨੂੰ ਆਈ ਨੂੰ ਵੀ ਪੰਜ ਛੇ ਸਾਲ ਹੋਗੇ….. ਓਹਦੇ ਵੀ ਨਾ ਕੋਈ ਜਵਾਕ ਹੋਇਆ…… ਚਾਚੀ ਨੇ ਓਹਨੂੰ ਵੀ ਤੰਗ ਕਰਨਾ ਸ਼ੁਰੂ ਕਰਤਾ…….।” ਸੁਰਿੰਦਰ ਦੀ ਸੱਸ ਰਾਮ ਕੌਰ ਦੀ ਜਵਾਨੀ ਵੇਲੇ ਦੀ ਗੱਲ ਸੁਣਾਉਂਦੇ ਹੋਏ ਉਸ ਨੂੰ ਦੱਸਦੀ ਹੈ।
“ਪਰ….. ਬੀਜੀ….. ਇਹਨਾਂ ਦਾ ਆਹ ਕਿੰਨਾ ਸੋਹਣਾ ਪਰਿਵਾਰ ਤਾਂ ਹੈ ….. ਨਾਲ਼ੇ ਦੂਜੀ ਤਾਈ ਕਿੱਥੇ ਆ….?” ਸੁਰਿੰਦਰ ਵਿੱਚੋਂ ਟੋਕ ਕੇ ਬੋਲੀ।
“ਇਹ ਵੀ ਦੱਸਦੀ ਆਂ…… ਜਦ ਚਾਚੀ ਨੇ ਓਹਨੂੰ ਕੁੱਤੇ ਲਾਉਣੇ ਸ਼ੁਰੂ ਕੀਤੇ ਤਾਂ ਉਹ ਤਲਾਕ ਦੇ ਕੇ ਆਪਣੇ ਹਿੱਸੇ ਦੀ ਜ਼ਮੀਨ ਲੈ ਕੇ ਇਹਨਾਂ ਨੂੰ ਛੱਡ ਕੇ ਭੱਜ ਗਈ….। ਜ਼ਮੀਨ ਤਾਂ ਇਹਨਾਂ ਕੋਲ ਪਹਿਲਾਂ ਈ ਢਾਈ ਕੁ ਕੀਲੇ ਸੀ….. ਅੱਧੀ ਓਹਨੂੰ ਦੇ ਕੇ….. ਪਿੱਛੇ ਰਹਿ ਗਿਆ ਸਵਾ ਕੀਲਾ…… ਸਵਾ ਕੀਲੇ ਦੀ ਖੇਤੀ ਚੋਂ ਕੀ ਕਮਾਈ ਹੋਣੀ ਆ….. ਕਈ ਵਾਰ ਮੈਂ ਇਹਨਾਂ ਨੂੰ ਰੋਟੀ ਲੂਣ ਨਾਲ਼ ਖਾਂਦਿਆਂ ਆਪ ਅੱਖੀਂ ਦੇਖਿਆ…… ਪਰ ਕਦੇ ਹਾਲ ਪੁੱਛਣਾ ਤਾਂ ਰਾਮ ਕੌਰ ਨੇ ਕਹਿਣਾ,’ਓਹਦਾ ਦਿੱਤਾ ਸਭ ਕੁਛ ਆ…… ਭੜੋਲੇ ਭਰੇ ਪਏ ਆ…..।’ ਸੁਥਰੀ ਐਨੀ ਕਿ ਮਜ਼ਾਲ ਐ ਕਿ ਕਦੇ ਅਸੀਂ ਇਹਦੇ ਘਰ ਚ ਗੰਦ ਪਿਆ ਦੇਖਿਆ ਹੋਏ…… ਜਾਂ ਇਹਦੇ ਮੈਲਾ ਕੱਪੜਾ ਪਾਇਆ ਦੇਖਿਆ ਹੋਵੇ……।”
“ਤਾਈ ਜੀ ਦੇ ਤਾਂ ਹੁਣ ਵੀ ਕਦੇ ਮੈਲਾ ਕੱਪੜਾ ਨੀ ਪਾਇਆ ਦੇਖਿਆ….. ਤਾਂ ਹੀ ਤਾਂ ਐਨੇ ਪ੍ਰਭਾਵਸ਼ਾਲੀ ਲੱਗਦੇ ਨੇ….!” ਸੁਰਿੰਦਰ ਬੋਲੀ।
“……. ਓਧਰ ਸਾਡੀ ਚਾਚੀ ,ਦੂਜੀ ਨੂੰਹ ਦੇ ਜ਼ਮੀਨ ਲਿਜਾਣ ਦੇ ਵਿਜੋਗ ਵਿੱਚ ਚੜ੍ਹਾਈ ਕਰ ਗਈ। ਉਸ ਤੋਂ ਕੁਝ ਸਮਾਂ ਬਾਅਦ ਰਾਮ ਕੌਰ ਦਾ ਆਦਮੀ ਵੀ ਬੀਮਾਰ ਰਹਿਣ ਲੱਗਿਆ….. ਤੇ ਉਹ ਵੀ ਚੜ੍ਹਾਈ ਕਰ ਗਿਆ…… ਰਾਮ ਕੌਰ ਦੇ ਪੇਕਿਆਂ ਨੇ ਜ਼ੋਰ ਲਾਇਆ ਕਿ ਇੱਥੋਂ ਜ਼ਮੀਨ ਵੇਚ ਕੇ ਉਹਨਾਂ ਕੋਲ ਰਹਿਣ ਲੱਗ ਪਏ ,ਹੁਣ ਐਥੇ ਰਹਿਣ ਨੂੰ ਪਿੱਛੇ ਕੀ ਬਚਿਆ….. ਪਰ ਇਹ ਨਾ ਮੰਨੀ….. ਇਹਨੇ ਆਪਣੀ ਛੋਟੀ ਭਰਜਾਈ ਦਾ ਮੁੰਡਾ ਗੋਦ ਲੈ ਕੇ ਇੱਥੇ ਈ ਆਪਣੀ ਜ਼ਿੰਦਗੀ ਕੱਟੀ….. ਮੁੰਡੇ ਨੂੰ ਪਾਲਿਆ,ਪੜ੍ਹਾਇਆ…… ਮੁੰਡਾ ਨੌਕਰੀ ਤੇ ਲੱਗ ਗਿਆ….. ਉਹਦੇ ਨਾਲ਼ ਦੇ ਅਫਸਰ ਨੇ ਈ ਆਪਣੀ ਕੁੜੀ ਦਾ ਰਿਸ਼ਤਾ ਕਰ ਦਿੱਤਾ……. ਉਸ ਦਾ ਵਿਆਹ ਹੋ ਗਿਆ……. ।”
ਸੁਰਿੰਦਰ ਨੇ ਸੱਸ ਦੀ ਗੱਲ ਵਿੱਚੋਂ ਈ ਕੱਟ ਕੇ ਆਖਿਆ ,”ਵੇਖ ਲਓ ਬੀਜੀ……. ਇਹਨਾਂ ਨੂੰ ਦੇਖ਼ ਕੇ ਜਮ੍ਹਾਂ ਨੀ ਲੱਗਦਾ ਕਿ ਇਹਨਾਂ ਨੇ ਵੀ ਕਦੇ ਕੋਈ ਔਖਾ ਸਮਾਂ ਵੇਖਿਆ ਹੋਊ…..!”
” ਹੋਰ ਕੀ….. ਨਾ ਮੈਂ ਇਹਦੇ ਮੂੰਹੋਂ ਕਦੇ ਵੀ ਕਿਸੇ ਦੀ ਚੁਗਲੀ ਸੁਣੀ ਆ…. ਨਾ ਕਿਸੇ ਦੀ ਨਿੰਦਿਆ…… ਨਾ ਕਿਸੇ ਨੂੰ ਦੇਖ਼ ਦੇਖ਼ ਕੇ ਝੂਰਦੇ ਸੀ ਤੇ ਨਾ ਹੀ ਮਰੂੰ ਮਰੂੰ ਕਰਦੇ ਸੀ….. ਹਰ ਵੇਲੇ ਇੱਕੋ ਗੱਲ ” ਓਹਦਾ ਦਿੱਤਾ ਸਭ ਕੁਝ ਹੈ” ਆਖ ਕੇ ਦੋਵੇਂ ਹੱਥ ਜੋੜ ਕੇ ਉਸ ਦਾ ਸ਼ੁਕਰਾਨਾ ਕਰਦੇ ਈ ਸੁਣਿਆ….. ਤਾਂ ਹੀ ਤਾਂ ਤਾਈ ਕੋਲ ਕੁਝ ਨਾ ਹੁੰਦੇ ਹੋਏ ਵੀ “ਸਭ ਕੁਝ” ਦੇ ਕੇ ਰੱਬ ਨੇ ਝੋਲੀਆਂ ਭਰ ਦਿੱਤੀਆਂ…..ਤੇ ਹੁਣ ਪਿੰਡ ਵਿੱਚ ਲੋਕ ਆਪਣੀਆਂ ਨੂੰਹਾਂ ਧੀਆਂ ਨੂੰ ਤਾਈ ਦੇ ਸਬਰ ਸਿਦਕ ਦੀਆਂ ਉਦਾਹਰਨਾਂ ਦੇ ਕੇ ਸਮਝਾਉਂਦੇ ਨੇ….. !”
ਸੁਰਿੰਦਰ ਪਹਿਲਾਂ ਤਾਂ ਬਜ਼ੁਰਗ ਹੋਣ ਦੇ ਨਾਤੇ ਹੀ ਤਾਈ ਦੀ ਬਹੁਤ ਇੱਜ਼ਤ ਕਰਦੀ ਸੀ ਪਰ ਹੁਣ ਉਸ ਦੀ ਜ਼ਿੰਦਗੀ ਦੀ ਕਹਾਣੀ ਸੁਣ ਕੇ ਹੋਰ ਕਈ ਗੁਣਾਂ ਵੱਧ ਸਤਿਕਾਰ ਦੇਣ ਲੱਗੀ ਤੇ ਤਾਈ ਦੀਆਂ ਕਈ ਗੱਲਾਂ ਆਪਣੇ ਲੜ ਨਾਲ ਵੀ ਬੰਨ੍ਹ ਲਈਆਂ ਤੇ ਸੋਚਦੀ ਹੈ ਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly