ਏਸ਼ਿਆਈ ਖੇਡਾਂ: ਪਹਿਲੀ ਸਿੱਖ ਲੜਕੀ ਮਲੇਸ਼ੀਆ ਵੱਲੋਂ ਖੇਡੇਗੀ ਹਾਕੀ

ਮਲੇਸ਼ੀਆ ਦੀ 15 ਸਾਲਾ ਕਿਰਨਦੀਪ ਕੌਰ ਅਗਲੇ ਹਫ਼ਤੇ ਇੰਡੋਨੇਸ਼ੀਆ ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਵਿੱਚ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕਰਨ ਵਾਲੀ ਸਭ ਤੋਂ ਛੋਟੀ ਉਮਰ ਦੀ ਖਿਡਾਰੀ ਬਣ ਗਈ ਹੈ। ਪਿਤਾ ਗੁਰਦੀਪ ਸਿੰਘ ਨੇ ਪੰਜ ਸਾਲ ਦੀ ਉਮਰ ਵਿੱਚ ਹੀ ਕਿਰਨਦੀਪ ਨੂੰ ਖੇਡਾਂ ਵਿੱਚ ਪਾ ਦਿੱਤਾ ਸੀ, ਉਦੋਂ ਤੋਂ ਹੀ ਉਹ ਹਾਕੀ ਖੇਡ ਰਹੀ ਹੈ। ਇਸ ਦੇ ਨਾਲ ਹੀ ਉਹ ਮਲੇਸ਼ੀਆ ਦੀ ਨੁਮਾਇੰਦਗੀ ਕਰਨ ਵਾਲੀ ਪਹਿਲੀ ਸਿੱਖ ਕੁੜੀ ਵੀ ਬਣ ਜਾਵੇਗੀ। ਮਹਿਜ਼ 14 ਸਾਲ ਦੀ ਉਮਰ ਵਿੱਚ ਉਸ ਨੇ ਜੂਨ ਮਹੀਨੇ ਸਿੰਗਾਪੁਰ ਵਿੱਚ ਛੇ ਦੇਸ਼ਾਂ ਦੇ ਟੂਰਨਾਮੈਂਟ ਵਿੱਚ ਆਪਣੇ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕੀਤੀ। ਇਹ ਟੂਰਨਾਮੈਂਟ ਮਲੇਸ਼ੀਆ ਨੇ ਜਿੱਤਿਆ, ਜਿਸ ਵਿੱਚ ਕਿਰਨੀਦਪ ਨੇ ਫਾਈਨਲ ਵਿੱਚ ਆਪਣਾ ਪਹਿਲਾ ਕੌਮਾਂਤਰੀ ਗੋਲ ਦਾਗ਼ਿਆ।
ਸੀਨੀਅਰ ਕੌਮੀ ਟੀਮ ਲਈ ਪਹਿਲੀ ਵਾਰ ਚੁਣੇ ਜਾਣ ਮਗਰੋਂ ਕਿਰਨਦੀਪ ਕੌਰ ਨੇ ਦਿ ਸਟਾਰ ਆਨਲਾਈਨ ਨੂੰ ਕਿਹਾ ਕਿ ਉਸ ਦਾ ਆਪਣੇ ਦੇਸ਼ ਲਈ ਖੇਡਣ ਦਾ ਸੁਪਨਾ ਸੱਚ ਹੋਇਆ ਹੈ। ਹਾਲਾਂਕਿ ਮਲੇਸ਼ੀਅਨ ਹਾਕੀ ਕਨਫੈਡਰੇਸ਼ਨ ਵੱਲੋਂ ਏਸ਼ੀਆ ਦੀ ਓਲੰਪਿਕ ਕੌਂਸਲ ਨੂੰ ਭੇਜੀ ਅਸਲ ਸੂਚੀ ਵਿੱਚ ਉਸ ਦਾ ਨਾਮ ਨਹੀਂ ਸੀ, ਜਿਸ ਮਗਰੋਂ ਐਸੋਸੀਏਸ਼ਨ ਨੇ ਓਲੰਪਿਕ ਸੰਸਥਾ ਨੂੰ ਉਸ ਦਾ ਨਾਮ ਸੂਚੀ ਵਿੱਚ ਸ਼ਾਮਲ ਕਰਨ ਦੀ ਅਪੀਲ ਕੀਤੀ।

Previous articleਏਸ਼ਿਆਈ ਖੇਡਾਂ: ਨੀਰਜ ਹੋਵੇਗਾ ਭਾਰਤੀ ਖੇਡ ਦਲ ਦਾ ਝੰਡਾਬਰਦਾਰ
Next articleਐਂਡਰਸਨ ਨੇ ਝਟਕਾਏ ਭਾਰਤ ਦੇ ਸਲਾਮੀ ਬੱਲੇਬਾਜ਼