ਏਕਮ

ਰਜਿੰਦਰ ਸਿੰਘ ਰਾਜਨ

(ਸਮਾਜ ਵੀਕਲੀ)

“ਸਰ ਮੇਰਾ ਕੀ ਬਣਿਆ?” ਮੈਨੂੰ ਕਿਸੇ ਨੇ ਸਵਾਲ ਕੀਤਾ। ਮੈਂ ਪਿੱਛੇ ਮੁੜ ਕੇ ਦੇਖਿਆ ਇਹ ਤਾਂ ਏਕਮ ਸੀ। ਅੱਜ ਜ਼ਿਲ੍ਹਾ ਪੱਧਰ ਦੀਆਂ ਖੇਡਾਂ ਹੋਈਆਂ ਸਨ। ਉਹਨਾਂ ਬੱਚਿਆਂ ਦੀ ਲਿਸਟ ਮੇਰੇ ਕੋਲ ਸੀ। ਜਿਹੜੇ ਸਟੇਟ ਦੀ ਕਬੱਡੀ ਦੀ ਟੀਮ ਲਈ ਚੁਣੇ ਗਏ ਸਨ। ਏਕਮ ਵੀ ਆਪਣੀ ਚੋਣ ਬਾਰੇ ਪੁੱਛ ਰਿਹਾ ਸੀ। ਉਸਦਾ ਪ੍ਰਭਾਵਸ਼ਾਲੀ ਚਿਹਰਾ ਫਿਕਰਮੰਦ ਨਜ਼ਰ ਆ ਰਿਹਾ ਸੀ।

ਉਸ ਨੂੰ ਜਵਾਬ ਦਿੱਤੇ ਬਿਨਾਂ ਮੇਰਾ ਧਿਆਨ ਉਸਦੀ ਪ੍ਰਤਿਭਾ ਵੱਲ ਚਲਾ ਗਿਆ। ਉਸ ਦਾ ਅਸਲੀ ਨਾਮ ਏਕਮ ਸੀ ਪਰ ਸਾਰੇ ਬੱਚੇ ਉਸ ਨੂੰ 5911ਕਹਿ ਕਿ ਬੁਲਾਉਂਦੇ ਸੀ। ਇਹ ਨਾਮ ਵੀ ਉਸ ਨੂੰ ਮੈਂ ਹੀ ਦਿੱਤਾ ਸੀ। ਉਹ ਬਹੁਤ ਵਧੀਆ ਰੇਡਰ ਸੀ। ਜਾਫੀ ਨੂੰ ਸੈਂਟਰ ਲਾਈਨ ਤੱਕ ਖਿੱਚ ਲਿਆਉਂਦਾ। ਉਹ ਫੁਰਤੀਲਾ ਅਤੇ ਜ਼ੋਰਾਵਰ ਸੀ। ਜਾਫੀਆਂ ਨੇ ਸਾਰੇ ਤਰੀਕੇ ਅਜਮਾ ਕੇ ਵੇਖ ਲਏ ਉਹ ਕਿਸੇ ਤੋਂ ਰੋਕਿਆ ਨਹੀਂ ਸੀ ਜਾਂਦਾ। ਮੈਂ ਬੱਚਿਆਂ ਦੇ ਸਾਹਮਣੇ ਹੀ ਉਸ ਨੂੰ ਕਹਿ ਦਿੱਤਾ, “ਤੂੰ ਤਾਂ ਸਾਡਾ 5911 ਟਰੈਕਟਰ ਏਂ। ਜਾਫੀ ਚਾਹੇ ਕੈਂਚੀ ਲਾਵੇ, ਚਾਹੇ ਤੇਰਾ ਗੁੱਟ ਫੜੇ, ਤੂੰ ਤਾਂ ਬਸ ਉਨਾਂ ਨੂੰ ਆਪਣੇ ਨਾਲ ਹੀ ਖਿੱਚ ਲਿਆਉੰਨਾ ਸਭ ਨੂੰ।” ਸਾਰੇ ਬੱਚੇ ਉਸ ਦਾ ਨਵਾਂ ਨਾਮ ਸੁਣਦਿਆਂ ਹੱਸਣ ਲੱਗੇ। ਅੱਗੇ ਤੋਂ ਸਾਰੇ ਹੀ ਉਸਨੂੰ 5911 ਕਹਿਣ ਲੱਗ ਪਏ।

ਜੋਨ ਪੱਧਰ ਅਤੇ ਤਹਿਸੀਲ ਪੱਧਰ ਦੀਆਂ ਖੇਡਾਂ ਵਿੱਚ ਚਾਰ – ਚਾਰ ਮੈਚ ਹੋਏ। ਸਾਡੀ ਟੀਮ ਬਹੁਤ ਵਧੀਆ ਖੇਡੀ ਅਤੇ ਜਿੱਤਾਂ ਪ੍ਰਾਪਤ ਕੀਤੀਆਂ। ਪਰ ਜ਼ਿਲੇ ਦੀ ਟੀਮ ਵਿੱਚ ਬਾਕੀ ਤਹਿਸੀਲਾਂ ਦੇ ਬੱਚਿਆਂ ਨੂੰ ਵੀ ਸ਼ਾਮਲ ਕਰਨਾ ਜਰੂਰੀ ਸੀ। ਖੇਡ ਸਿਲੈਕਸ਼ਨ ਕਮੇਟੀ ਨੇ ਏਕਮ ਨੂੰ ਟੀਮ ਦੇ ਕਪਤਾਨ ਦੇ ਤੌਰ ਤੇ ਚੁਣ ਲਿਆ ਸੀ। ਜਿਹਨਾਂ ਨੇ ਮੈਚਾਂ ਵਿੱਚ ਏਕਮ ਦੀ ਕਮਾਲ ਦੀ ਖੇਡ ਵੇਖੀ ਸੀ। ਇਹ ਉਹਨਾਂ ਦੀ ਚੋਣ ਹੀ ਸੀ। ਪਰ ਮੇਰੇ ਇਕ ਸਾਥੀ ਅਧਿਆਪਕ ਨੂੰ ਇਹ ਚੋਣ ਰੜਕੀ ਸੀ। ਉਸਦਾ ਇੱਕ ਰੇਡਰ ਤੇ ਇਕ ਜਾਫੀ ਟੀਮ ਵਿੱਚ ਸ਼ਾਮਲ ਸਨ। ਉਸ ਨੂੰ ਪਤਾ ਸੀ ਕਿ ਜ਼ਿਲੇ ਦੀ ਟੀਮ ਵਿੱਚੋਂ ਅੱਗੇ ਸਟੇਟ ਲਈ ਇੱਕ ਦੋ ਖਿਡਾਰੀ ਹੀ ਤਹਿਸੀਲ ਵਿੱਚੋਂ ਚੁਣੇ ਜਾਣਗੇ।

ਸਕੂਲ ਵਿੱਚ ਜ਼ਿਲੇ ਲਈ ਤਿਆਰੀ ਕਰਵਾਉਂਦੇ ਹੋਏ ਮੇਰਾ ਸਾਥੀ ਏਕਮ ਦੀਆਂ ਸਭ ਹਰਕਤਾਂ ਵਾਚਦਾ ਰਹਿੰਦਾ। ਨਿੱਕੀ – ਨਿੱਕੀ ਗੱਲ ਤੇ ਟੋਕਾ ਟਾਕੀ ਵੀ ਕਰਦਾ ਰਹਿੰਦਾ। ਇੱਕ ਵਾਰ ਮੇਰੇ ਕੋਲੋਂ ਏਕਮ ਦੀ ਜਨਮ ਮਿਤੀ ਵੀ ਪੁੱਛੀ ਸੀ। ਮੈਨੂੰ ਅਣਭੋਲ ਬੱਚੇ ਦੱਸ ਦਿੰਦੇ ਕਿ ਅੱਜ ਉਹ ਸਰ ਨੇ ਏਕਮ ਦੇ ਦੰਦ ਵੀ ਗਿਣੇ ਸਨ। ਕੋਈ ਘਾਟ ਨਜ਼ਰ ਨਾ ਆਉਂਦਿਆਂ ਵੀ ਉਹ ਕੋਈ ਨਾ ਕੋਈ ਮੌਕਾ ਲੱਭਦਾ ਰਹਿੰਦਾ। ਇੱਕ ਦਿਨ ਤਾਂ ਉਸ ਦੇ ਜਾਫੀ ਨੇ ਏਕਮ ਦੇ ਬੜੀ ਜਬਰਦਸਤ ਕੈਂਚੀ ਵੀ ਮਾਰੀ ਸੀ। ਪਰ ਸਾਡਾ ਏਕਮ ਕਾਹਨੂੰ ਕੁੱਝ ਗੌਲ਼ਦਾ ਸੀ।ਉਸ ਨੇ ਥੋੜ੍ਹੀ ਜਿਹੀ ਤਕਲੀਫ ਮੰਨੀ ਦੁਬਾਰਾ ਫਿਰ ਰੇਡਾਂ ਪਾਉਣ ਲੱਗਿਆ। ਇਸ ਹਾਦਸੇ ਪਿੱਛੇ ਵੀ ਉਸ ਸਾਥੀ ਦੀ ਸਾਜਿਸ਼ ਹੀ ਸੀ।

ਅੱਜ ਜ਼ਿਲ੍ਹਾ ਪੱਧਰ ਦੇ ਮੁਕਾਬਲੇ ਸਨ। ਸਾਰੀਆਂ ਤਹਿਸੀਲਾਂ ਚੋਂ ਟੀਮਾਂ ਆਈਆਂ ਹੋਈਆਂ ਸਨ। ਅਸੀਂ ਦੋ ਮੁਕਾਬਲਿਆਂ ਵਿੱਚ ਬੜੀ ਸ਼ਾਨਦਾਰ ਜਿੱਤ ਦਰਜ ਕੀਤੀ। ਏਕਮ ਨੇ ਦੋਵੇਂ ਮੈਚਾਂ ਵਿਚ ਕੋਈ ਵੀ ਅੰਕ ਵਿਰੋਧੀ ਟੀਮ ਨੂੰ ਨਹੀਂ ਦਿੱਤਾ। ਇਸ ਤੋਂ ਬਾਅਦ ਸੈਮੀਫਾਈਨਲ ਮੈਚ ਵਿਚ ਵੀ ਸਿਰਫ ਇਕ ਪੁਆਇੰਟ ਰੈਫਰੀ ਦੀ ਗਲਤੀ ਨਾਲ ਏਕਮ ਨੇ ਗੁਆਇਆ ਸੀ। ਬਾਕੀ ਸਭ ਰੇਡਾਂ ਕੱਢਦਾ ਰਿਹਾ। ਇੱਕ ਦੋ ਵਾਰ ਸਟੇਜ ਸਕੱਤਰ ਨੇ ਵੀ 5911, 5911 ਕਹਿ ਸਪੀਕਰ ਰਾਹੀਂ ਉਸਦਾ ਮਨੋਬਲ ਵਧਾਇਆ। ਕੁੱਝ ਸਟੇਜ ਤੇ ਬੈਠੇ ਪਤਵੰਤਿਆਂ ਅਤੇ ਦਰਸ਼ਕਾਂ ਨੇ ਰੇਡ ਉੱਤੇ ਪੈਸੇ ਵੀ ਲਗਾਏ ਸਨ।

ਹੁਣ ਸਾਡਾ ਫਾਈਨਲ ਮੈਚ ਸੀ। ਇੱਥੇ ਆ ਕੇ ਕੁੰਡੀਆਂ ਦੇ ਸਿੰਗ ਫਸ ਜਾਂਦੇ ਹਨ। ਮੇਰੇ ਸਾਥੀ ਨੇ ਜਾਣਦੇ ਹੋਏ ਵੀ ਕਿ ਟੀਮ ਦਾ ਮਨੋਬਲ ਵਧਾਉਣ ਦੀ ਲੋੜ ਹੈ ਫਿਰ ਵੀ ਏਕਮ ਨੂੰ ਪਿਛਲੇ ਮੈਚ ਦੇ ਅੰਕ ਗੁਆਉਣ ਕਰਕੇ ਡਾਂਟਿਆ ਸੀ। ਮੈਂ ਉਸਦੀ ਰੰਜਿਸ਼ ਜਾਣਦਾ ਸਾਂ। ਉਸਦਾ ਰਵੱਈਆ ਏਕਮ ਪ੍ਰਤੀ ਪੱਖਪਾਤੀ ਚਲਿਆ ਆ ਰਿਹਾ ਸੀ। ਸਟੇਜ ਸਕੱਤਰ ਮੇਰੇ ਸ਼ਾਗਿਰਦ ਦਾ ਨਾਮ ਵਾਰ ਵਾਰ ਲੈ ਰਿਹਾ ਸੀ। ਏਕਮ ਨੇ ਮੈਚਾਂ ਵਿੱਚ ਦਰਸ਼ਕਾਂ ਦੇ ਦਿਲਾਂ ਤੇ ਜਿੱਤ ਪ੍ਰਾਪਤ ਕਰ ਲਈ ਸੀ। ਸਾਡੀ ਟੀਮ ਦੀ ਵਧੀਆ ਕਾਰਗੁਜ਼ਾਰੀ ਹੋਣ ਕਾਰਨ ਅਸੀਂ ਜ਼ਿਲੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰ ਲਿਆ ਸੀ।

ਸਾਨੂੰ ਜਿੱਤ ਦੀਆਂ ਮੁਬਾਰਕਾਂ ਮਿਲ ਰਹੀਆਂ ਸਨ। ਬਾਕੀ ਸਾਰੇ ਸਾਥੀ ਮੇਰੇ ਵਿਦਿਆਰਥੀ ਏਕਮ ਦੀਆਂ ਤਾਰੀਫਾਂ ਦੇ ਪੁਲ਼ ਬੰਨ੍ਹ ਰਹੇ ਸਨ। ਉਸਦੀ ਸਟੇਟ ਮੁਕਾਬਲੇ ਲਈ ਚੋਣ ਹੋਣਾ ਯਕੀਨੀ ਸੀ। ਜਦੋਂ ਅਸੀਂ ਜ਼ਿਲੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਦੀ ਟਰਾਫੀ ਅਤੇ ਮੈਡਲ ਪ੍ਰਾਪਤ ਕੀਤੇ ਤਾਂ ਮੇਰਾ ਸਾਥੀ ਫੋਟੋ ਖਿਚਵਾਉਣ ਸਮੇਂ ਗਾਇਬ ਹੋ ਗਿਆ। ਮੈਨੂੰ ਪਤਾ ਲੱਗਿਆ ਕਿ ਚੋਣ ਕਮੇਟੀ ਸਟੇਟ ਲਈ ਚੁਣੇ ਜਾਣ ਵਾਲੇ ਖਿਡਾਰੀਆਂ ਦੀ ਸੂਚੀ ਤਿਆਰ ਕਰ ਰਹੀ ਹੈ।

ਇਹ ਉਹੀ ਸੂਚੀ ਸੀ ਜਿਸ ਵਿੱਚੋਂ ਮੈਂ ਆਪਣੇ ਏਕਮ ਦਾ ਨਾਮ ਲੱਭ ਰਿਹਾ ਸੀ। ਪਰ ਮੇਰੇ ਸਾਥੀ ਦਾ ਰੇਡਰ ਜਰੂਰ ਚੁਣਿਆ ਗਿਆ ਸੀ। ਮੈਨੂੰ ਮੇਰੇ ਸਾਥੀ ਦੇ ਅਕਸ ਵਿੱਚੋਂ ਦੂਜਾ ਦਰੌਣ ਹੂ – ਬ – ਹੂ ਨਜ਼ਰ ਆ ਰਿਹਾ ਸੀ। ਮੈਂ ਭਰੇ ਮਨ ਨਾਲ ਏਕਮ ਨੂੰ ਸੀਨੇ ਲਾ ਲਿਆ ਸੀ। ਮੈਂ ਉਸ ਨੂੰ ਹੌਸਲਾ ਦਿੰਦੇ ਕਿਹਾ, “ਪੁੱਤਰਾ ਕੁੱਝ ਨਹੀਂ ਬਣਿਆ।” ਆਪਾਂ ਹੋਰ ਮਿਹਨਤ ਕਰਾਂਗੇ।

ਰਜਿੰਦਰ ਸਿੰਘ ਰਾਜਨ
ਸਰਕਾਰੀ ਪ੍ਰਾਇਮਰੀ ਸਕੂਲ
ਬਾਜ਼ੀਗਰ ਬਸਤੀ ਬਡਬਰ। ਜ਼ਿਲ੍ਹਾ ਬਰਨਾਲਾ
9653885032

Previous articleਲੇਖਕ ਬੁੱਧ ਸਿੰਘ ਨੀਲੋਂ ਨੇ ਕਿਤਾਬਾਂ ਭੇਟ ਕਰ ਕੇ ਮਨਾਈ ਵਿਆਹ ਦੀ ਵਰ੍ਹੇਗੰਢ- ਰਮੇਸ਼ਵਰ ਸਿੰਘ
Next articleਵਿਸਾਖੀ ਦਾ ਦਿਹਾੜਾ ਸਾਡੇ ਲਈ ਬੇਹੱਦ ਖਾਸ !