ਉੱਪ ਮੁੱਖਮੰਤਰੀ ਦੀ ਅਸਾਮੀ ਲਈ ਇਸ਼ਤਿਹਾਰ

ਡਾ. ਸਵਾਮੀ ਸਰਬਜੀਤ

(ਸਮਾਜ ਵੀਕਲੀ)

ਮੁਨਿਆਦੀ ਕਰਨ ਵਾਲ਼ੇ ਨੇ ਨਗਾੜਾ ਵਜਾਇਆ ਤੇ ਸਰਕਾਰੀ ਐਲਾਨ ਸੁਣਾਉਣਾ ਸ਼ੁਰੂ ਕਰ ਦਿੱਤਾ। ਮੁਨਿਆਦੀ ਵਾਲ਼ਾ : ਸੁਣੋ, ਸੁਣੋ, ਸੁਣੋ, ਹਰ ਆਮ ਤੇ ਖ਼ਾਸ ਨੂੰ, ਦੂਰ ਤੇ ਪਾਸ ਨੂੰ, ਹਰ ਮਾਲਕ ਤੇ ਦਾਸ ਨੂੰ; ਇਹ ਸੂਚਿਤ ਕੀਤਾ ਜਾਂਦਾ ਹੈ ਕਿ ਭਾਰਤੀ ਜਨਤਾ ਦੇ ਖੁੱਲ੍ਹ ਗਏ ਭਾਗ, ਜਾਗ ਗਈ ਕਿਸਮਤ, ਲੱਗ ਗਈ ਲਾਟਰੀ। ਜੀ ਜਨਾਬ ਮੈਂ ਗੱਲ ਕਰ ਰਿਹਾਂ ਕਿ ਹੁਣ ਹਰੇਕ ਸਟੇਟ ਗੌਰਮਿੰਟ ਵੱਲੋਂ ਉੱਪ ਮੁੱਖਮੰਤਰੀ ਦੀ ਸੀਟ ਵੋਟਾਂ ਰਾਹੀਂ ਨਹੀਂ ਬਲਕਿ ਇਸ਼ਤਿਹਾਰ ਰਾਹੀਂ ਅਰਜ਼ੀਆਂ ਮੰਗ ਕੇ, ਅਸਾਮੀ ਭਰਨ ਦਾ ਐਲਾਨ ਕੀਤਾ ਜਾ ਰਿਹਾ ਹੈ।

ਨੌਜਵਾਨਾਂ ਨੂੰ ਮਿਲਿਆ ਬੇਰੁਜ਼ਗਾਰੀ ਦੂਰ ਕਰਨ ਦਾ ਸੁਨਹਿਰੀ ਮੌਕਾ। ਲਓ ਜੀ, ਇਸ ਅਨੁਸਾਰ ਭਾਰਤ ਦਾ ਕੋਈ ਵੀ ਨਾਗਰਿਕ ਉੱਪ ਮੁੱਖਮੰਤਰੀ ਦੀ ਸੀਟ ਲਈ ਫਾਰਮ ਭਰ ਸਕਦਾ ਹੈ ਬਸ਼ਰਤੇ ਉਹ ਅਨੁਸੂਚਿਤ ਜਾਤੀ ਜਾਂ ਜਨਜਾਤੀ ਨਾਲ਼ ਸਬੰਧਤ ਹੋਵੇ ਭਾਵ ਕਿ ਉਹ ‘ਦਲਿਤ’ ਹੋਵੇ। ਭਾਈ ਸਾਹਬ ਸ਼ੋਰ ਨਾ ਮਚਾਓ, ਜਰਨਲ ਕੈਟਾਗਿਰੀ ਵਾਲ਼ਿਆਂ ਲਈ ਤਾਂ ਸਰਕਾਰਾਂ ਨੇ ਪਹਿਲਾਂ ਹੀ ਖ਼ਜ਼ਾਨੇ ਦੇ ਮੂੰਹ ਖੋਲ੍ਹੇ ਪਏ ਨੇ ਉਹ ਗੱਲ ਵੱਖਰੀ ਹੈ ਕਿ ਖੁੱਲ੍ਹੇ ਮੂੰਹਾਂ ਵਾਲ਼ੇ ਖ਼ਜ਼ਾਨੇ ਅੰਦਰੋਂ ਸਰਕਾਰ ਦੇ ਦਿਮਾਗ਼ਾਂ ਵਾਂਗ ਖ਼ਾਲੀ ਹੋਏ ਪਏ ਨੇ।

ਤਾਂ ਜਨਾਬ, ਹੁਣ ਰਾਜਨੀਤੀ ਪੁਰਾਣੇ ਰਾਜਿਆਂ–ਮਹਾਰਾਜਿਆਂ, ਜਗੀਰਦਾਰਾਂ, ਅਮੀਰ, ਪੂੰਜੀਪਤੀਆਂ ਦੀਆਂ ਦੀ ਬਾਂਦੀ ਨਹੀਂ ਰਹੀ, ਹੁਣ ਹਰੇਕ ਆਮ ਤੇ ਸਧਾਰਨ ‘ਦਲਿਤ’ ਵੀ ਰਾਜਨੀਤੀ ਵਿੱਚ ਪ੍ਰਵੇਸ਼ ਕਰ ਸਕਦਾ ਹੈ, ਆਪਣੇ ਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰ ਸਕਦਾ ਹੈ। ਪਹਿਲਾਂ ਰਾਜਨੀਤੀ ਦੀ ਵਗਦੀ ਗੰਗਾ ਵਿੱਚ ਡੁਬਕੀ ਲਾਉਣ ਲਈ ਵੱਡਾ ਘਰਾਣਾ ਚਾਹੀਦਾ ਹੁੰਦਾ ਸੀ ਜਾਂ ਫੇਰ ਤੁਸੀਂ ਪਹਿਲਾਂ ਗੁੰਡੇ, ਡਾਕੂ, ਬਦਮਾਸ਼ ਰਹੇ ਹੋਵੋਂ ਜਾਂ ਤੁਹਾਡੇ ਪੁਰਖਿਆ ਨੇ ਮੌਕੇ ਦੀਆਂ ਸਰਕਾਰਾਂ (ਮੁਗਲਾਂ, ਅੰਗਰੇਜਾਂ) ਦੇ ਤਲਵੇ ਚੱਟੇ ਹੋਣ ਜਾਂ ਫੇਰ ਭਾਈ–ਭਤੀਜਾਵਾਦ ਦਾ ਚੱਕਰ ਤੁਹਾਡੇ ਮੱਥੇ ‘ਤੇ ਚਮਕਦਾ ਹੋਵੇ।

ਪਰ ਹੁਣ ਆ ਗਈ ਐ ਖ਼ੁਸ਼ੀਆਂ ਦੀ ਬਹਾਰ ਹੈ, ਕੋਈ ਵੀ ਰਾਜਨੀਤੀ ਦੀ ਵਗਦੀ ਗੰਗਾ ਵਿੱਚ ਭਾਵੇਂ ਹੱਥ ਧੋਵੇ ਤੇ ਭਾਵੇਂ ਕੱਪੜੇ, ਸਰਕਾਰ ਨੂੰ ਨਹੀਂ ਕੋਈ ਇਤਰਾਜ। ਬੱਸ ਇੱਕੋ ਇੱਕ ਸ਼ਰਤ, ਬੰਦਾ ਹੋਣਾ ਚਾਹੀਦੈ ‘ਦਲਿਤ’। ਉੱਪਮੁੱਖਮੰਤਰੀ ਦੀ ਅਸਾਮੀ ਲਈ ਨਿਮਨਲਿਖਤ ਸ਼ਰਤਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ :

1. ਬੇਨਤੀਕਰਤਾ ਉਮੀਦਵਾਰ ਭਾਰਤ ਦਾ ਨਾਗਰਿਕ ਹੋਵੇ। ਆਰਥਿਕ ਤੇ ਦਿਮਾਗ਼ ਪੱਖੋਂ ਭਾਵੇ ਦੀਵਾਲੀਆ ਹੋਵੇ ਭਾਵੇਂ ਹੋਵੇ ਮਨੋਰੋਗੀ ਕੋਈ ਹਰਜ ਨਹੀਂ (ਬਲਕਿ ਵਧੀਆ ਹੈ, ਇਹੋ ਜੇ ਉੱਪ ਮੁੱਖਮੰਤਰੀ ਨੂੰ ਸਰਕਾਰਾਂ ਆਪਣੇ ਬੁਲਾਰੇ ਵਜੋਂ ਚੈਨਲਾਂ ‘ਤੇ ਵੀ ਭੇਜ ਸਕਦੀਆਂ ਹਨ ਅਤੇ ਇਹੋ ਜਿਹਾ ਦਿਮਾਗ਼ੀ ਦੀਵਾਲੀਆ ਉੱਪ ਮੁੱਖਮੰਤਰੀ ਚੈਨਲਾਂ ਉੱਤੇ ਬਹਿਸਾਂ ਦੌਰਾਨ ਵਧੀਆ ਖੱਦੂ ਖਾੜਾ ਪਾ ਕੇ ਨਾਲ਼ੇ ਤਾਂ ਵਿਰੋਧੀ ਧਿਰਾਂ ਦੇ ਤੰਬੂ ਪੱਟੂ, ਨਾਲ਼ੇ ਲੋਕਾਂ ਦਾ ਭਰਪੂਰ ਮਨੋਰੰਜਨ ਵੀ ਕਰੂ।)

2. ਉਮਰ ਦੀ ਕੋਈ ਹੱਦ ਨਹੀਂ। ਬੱਸ ਬੰਦਾ ਆਪਣੇ ਕਮੀਜ ਦੇ ਬਟਨ ਆਪ ਲਾ ਸਕਦੇ ਹੋਵੇ ਤੇ ਆਪਣੇ ਬੂਟਾਂ ਦੇ ਫੀਤੇ ਆਪ ਬੰਨ੍ਹ ਸਕਦਾ ਹੋਵੇ। (ਜ਼ਰੂਰੀ ਸ਼ਰਤ : ਬੱਸ ਬੰਦੇ ਦੇ ਸਾਹ ਚਲਦੇ ਹੋਣ ਤੇ ਕੈਂਚੀ ਆਂਗੂੰ ਜ਼ੁਬਾਨ ਚਲਦੀ ਹੋਵੇ।)

3. ਲੋਕਲ ਪੱਧਰ ਉੱਤੇ ਗੁੰਡਾਗਰਦੀ ਕਰਨ ਵਾਲ਼ੇ ਨੂੰ, ਜ਼ਮੀਨਾਂ ‘ਤੇ ਨਜਾਇਜ਼ ਕਬਜੇ ਕਰਨ ਵਾਲ਼ੇ ਨੂੰ, ਰੇਤ ਮਾਫੀਆ, ਕੇਬਲ ਮਾਫੀਆ, ਲੋਕਾਂ ਦੇ ਰੁਜ਼ਗਾਰ ਦੱਬਣ ਵਾਲ਼ੇ ਨੂੰ, ਪੈਰ ਪੈਰ ‘ਤੇ ਝੂਠ ਬੋਲਣ ਵਾਲ਼ੇ ਨੂੰ, ਲਾਰੇ ਲਾਉਣ ਵਾਲ਼ੇ ਨੂੰ, ਕੀਤੇ ਵਾਅਦੇ ਮੁਕਰਨ ਵਾਲ਼ੇ ਨੂੰ, ਜਾਤ–ਧਰਮ ਦੇ ਆਧਾਰ ‘ਤੇ ਦੰਗਾ ਕਰਵਾਉਣ ਵਾਲ਼ੇ ਉਮੀਦਵਾਰ ਨੂੰ ਪਹਿਲ ਦੇ ਆਧਾਰ ‘ਤੇ ਵਿਚਾਰਿਆ ਜਾਵੇਗਾ।

4. ਜਿਹੜੇ ਦਲਿਤ ਹੁਣ ਤੱਕ ਮਰੇ ਡੰਗਰ ਢੋਂਹਦੇ ਰਹੇ ਹਨ, ਗਟਰਾਂ ਦੀ ਸਫਾਈ ਕਰਦੇ ਰਹੇ ਹਨ ਪਰ ਜਿਨ੍ਹਾਂ ਤੱਕ ਸਰਕਾਰੀ ਸਹੂਲਤਾਂ ਪਹੁੰਚ ਕੇ ਵੀ ਅਜੇ ਤੱਕ ਨਹੀਂ ਪਹੁੰਚੀਆਂ, ਉਹ ਇਸ ਅਸਾਮੀ ਲਈ ਆਵੇਦਨ ਨਾ ਭੇਜਣ। ਕੇਵਲ ਉਹੀ ਦਲਿਤ ਇਸ ਲਈ ਆਦੇਵਨ ਦੇਣ ਜਿਨ੍ਹਾਂ ਦੇ ਐਸ.ਸੀ. ਦੇ ਸਰਟੀਫਿਕੇਟ ਜਾਅਲੀ ਨੇ ਜਾਂ ਜਿਹੜੇ ਹੈਨ ਤਾਂ ਸਚਮੁੱਚ ਐਸ.ਸੀ. ਪਰ ਸਦਾ ਆਪਣੀ ਜਾਤ, ਗੋਤ ਲੁਕਾਉਂਦੇ ਰਹਿੰਦੇ ਹਨ। ਖ਼ਾਨਦਾਨੀ ਦਲਿਤ (ਜਿਨ੍ਹਾਂ ਦੇ ਦਾਦੇ ਪੜਦਾਦੇ ਵੀ ਦਲਿਤ ਹੋਣ) ਕਿਰਪਾ ਅਪਲਾਈ ਨਾ ਕਰਨ, ਤਾਜੇ ਤਾਜੇ ਬਣੇ ਦਲਿਤਾਂ ਨੂੰ ਹੀ ਪਹਿਲ ਦਿੱਤੀ ਜਾਵੇਗੀ।

5. ਪੜ੍ਹੇ ਲਿਖੇ ਉਮੀਦਵਾਰ ਇਸ ਅਸਾਮੀ ਤੋਂ ਕੋਈ ਉਮੀਦ ਨਾ ਰੱਖਣ ਕਿਉਂਕਿ ਸਰਕਾਰ ਨੂੰ ਪੜ੍ਹੇ–ਲਿਖੇ ਬੰਦੇ ਨਹੀਂ ਚਾਹੀਦੇ, ਸਰਕਾਰ ਨੂੰ ਤਾਂ ਘੋਰ ਅਨਪੜ੍ਹ ਚਾਹੀਦੇ ਹਨ ਜਿਹੜੇ ਨਾ ਤਾਂ ਸਰਕਾਰ ਦੀਆਂ ਚਾਲਾਂ ਸਮਝ ਸਕਦੇ ਹੋਣ ਤੇ ਜਿਹੜੇ ਨਾ ਜਨਤਾ ਦੀਆਂ ਦੁਖ ਤਕਲੀਫਾਂ ਸਮਝਦੇ ਹੋਣ। ਅੰਗੂਠਾ ਛਾਪ ਨੂੰ ਪਹਿਲ ਦੇ ਆਧਾਰ ‘ਤੇ ਵਿਚਾਰਿਆ ਜਾਵੇਗਾ।

6. ਦਲਿਤ ਬੀਬੀਆਂ ਨੂੰ ਖ਼ਾਸ ਛੋਟ। ਦਲਿਤ ਬੀਬੀਆਂ ਉੱਪ ਮੁੱਖਮੰਤਰੀ ਬਨਣ ਤੋਂ ਬਾਅਦ ਕੋਈ ਭੱਜ–ਨੱਠ ਕਰਨ ਦੀ ਲੋੜ ਨਹੀਂ। ਬੀਬੀਆਂ ਘਰੇ ਆਰਾਮ ਨਾਲ਼ ਰਹਿ, ਬਹਿ ਸਕਦੀਆਂ ਹਨ। ਉਨ੍ਹਾਂ ਦੀਆਂ ਭੱਜ–ਨੱਠ ਵਾਲ਼ੀਆਂ ਸਾਰੀਆਂ ਸਰਕਾਰੀ ਕਾਰਵਾਈਆਂ ਉਨ੍ਹਾਂ ਦਾ ਪਤੀ, ਭਰਾ ਜਾਂ ਪਿਓ ਹੀ ਪੂਰਾ ਕਰ ਸਕਦਾ ਹੈ।

7. ਲੋਕ ਸਭਾ ਤੇ ਵਿਧਾਨ ਸਭਾ ਵਿੱਚ ਸਭ ਤੋਂ ਘੱਟ ਹਾਜ਼ਰ ਰਹਿਣ ਦੀ ਸਹੁੰ ਚੁੱਕਣ ਵਾਲ਼ੇ ਉਮੀਦਵਾਰ ਦਾ ਕੇਸ ਪਹਿਲ ਦੇ ਆਧਾਰ ‘ਤੇ ਵਿਚਾਰਿਆ ਜਾਵੇਗਾ। ਲੋਕ ਸਭਾ ਜਾਂ ਵਿਧਾਨ ਸਭਾ ਵਿੱਚ ਸਿਰਫ ਦੋ–ਚਾਰ ਵਾਰੀ ਆ ਕੇ, ਹੱਲਾ–ਗੁੱਲਾ ਕਰ ਕੇ, ਸਦਨ ਦੀ ਕਾਰਵਾਈ ਵਿੱਚ ਵਿਘਨ ਪਾ ਕੇ, ਸਭਾ ਦਾ ਸਦਨ ਸਥਗਿਤ ਕਰਵਾਉਣ ਵਾਲ਼ੇ ਨੂੰ ਪਾਰਟੀ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਦਿੱਤਾ ਜਾਵੇਗਾ।
ਸੋ ਉਪਰੋਕਤ ਦੇ ਨਿਯਮ ਤੇ ਸ਼ਰਤਾਂ ਪੂਰੀਆਂ ਕਰਨ ਵਾਲ਼ੇ ਉਮੀਦਵਾਰ ਜਲਦ ਤੋਂ ਜਲਦ ਅਪਲਾਈ ਕਰਨ। ਮੌਕਾ ਹੱਥੋਂ ਨਾ ਖੁੰਝਾ ਦੇਣਾ, ਨਹੀਂ ਤਾਂ ਚਿੜੀਆਂ ਦੇ ਖੇਤ ਚੁਗ ਲਏ ਜਾਣ ਤੋਂ ਬਾਅਦ ਹੱਥ ਮਲ਼ਦੇ ਰਹਿ ਜਾਵੋਗੇ। ਸੱਪ ਲੰਘਣ ਤੋਂ ਬਾਅਦ ਲੀਕ ਕੁੱਟਦੇ ਰਹਿ ਜਾਵੋਂਗੇ। ਡੁੱਲ੍ਹੇ ਬੇਰ ਗਾਲ਼ ਬੈਠੋਂਗੇ। ਸਵੇਰ ਦੇ ਭੁੱਲੇ ਹੋਏ ਜੇ ਸ਼ਾਮ ਨੂੰ ਵੀ ਨਾ ਮੁੜੇ ਤਾਂ ‘ਭੁੱਲੜ’ ਅਖਵਾਓਂਗੇ, ਜੇ ਸਾਡੀ ਗੱਲ ਬੁੱਝ ਲਈ ਤਾਂ ‘ਬੁੱਝੜ’ ਅਖਵਾਉਂਗੇ।

ਖ਼ੁਸ਼ਖ਼ਬਰੀ…. ਖ਼ੁਸ਼ਖ਼ਬਰੀ… ਖ਼ੁਸ਼ਖ਼ਬਰੀ….। ਲੱਗ ਗਈ ਸੇਲ, ਘਟਾਤੇ ਰੇਟ, ਬਾ ਹੁਕਮ ਭਾਰਤੀ ਸਟੇਟ ਦੀ ਹਰੇਕ ਸਰਕਾਰ ਦਾ ਫੁਰਮਾਨ, ਜੀ ਦੇਣਾ ਸਾਰੇ ਧਿਆਨ। ਸੁਣੋ, ਸੁਣੋ, ਸੁਣੋ…।

ਡਾ. ਸਵਾਮੀ ਸਰਬਜੀਤ
ਪਟਿਆਲ਼ਾ
9888403128

Previous article*ਡਿਗਰੀਆਂ ਨੇ ਕੀ ਢਿੱਡ ਭਰਨੇ*
Next articleਰੋਸ