ਉੜੀ ਸੈਕਟਰ ਵਿਚ ਫ਼ੌਜ ਨੇ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕੀਤੀ; ਇਕ ਪੁਲੀਸ ਮੁਲਾਜ਼ਮ ਜ਼ਖ਼ਮੀ

ਸ੍ਰੀਨਗਰ, 19 ਅਕਤੂਬਰ
ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਅਤਿਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਹੋਏ ਦੋ ਵੱਖ-ਵੱਖ ਮੁਕਾਬਲਿਆਂ ਵਿਚ ਪੰਜ ਅਤਿਵਾਦੀ ਮਾਰੇ ਗਏ ਹਨ। ਵੇਰਵਿਆਂ ਮੁਤਾਬਕ ਜ਼ਿਲ੍ਹੇ ਦੇ ਕਰਾਲਹਾਰ ਇਲਾਕੇ ਵਿਚ ਜਦ ਕਾਰ ਸਵਾਰ ਦੋ ਅਤਿਵਾਦੀਆਂ ਨੂੰ ਰੁਕਣ ਲਈ ਕਿਹਾ ਗਿਆ ਤਾਂ ਉਨ੍ਹਾਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਵਿਚ ਕਾਰ ਸਵਾਰ ਦੋਵੇਂ ਅਤਿਵਾਦੀ ਮਾਰੇ ਗਏ। ਇਹ ਦੋਵੇਂ ਅਤਿਵਾਦੀ ਇਕ ਐੱਸਯੂਵੀ ਵਿਚ ਸਵਾਰ ਸਨ। ਮੁਕਾਬਲੇ ਵਿਚ ਇਕ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋਇਆ ਹੈ। ਵਾਹਨ ਨੂੰ ਜ਼ਬਤ ਕਰ ਲਿਆ ਗਿਆ ਹੈ ਤੇ ਚਾਲਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਘਟਨਾ ਸਥਾਨ ਤੋਂ ਬਰਾਮਦ ਹੋਏ ਹਥਿਆਰਾਂ ਵਿਚ ਇਕ ਏਕੇ ਅਸਾਲਟ ਰਾਈਫ਼ਲ, ਦੋ ਚੀਨੀ ਪਿਸਤੌਲ, ਇਕ ਯੂਬੀਜੀਐੱਲ, ਤਿੰਨ ਹੈਂਡ ਗ੍ਰਨੇਡ ਤੇ ਹੋਰ ਅਸਲਾ ਸ਼ਾਮਲ ਹੈ। ਦੂਜੀ ਘਟਨਾ ਵਿਚ ਬਾਰਾਮੂਲਾ ਜ਼ਿਲ੍ਹੇ ਵਿਚ ਹੀ ਭਾਰਤ-ਪਾਕਿ ਸਰਹੱਦ ’ਤੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਤਿੰਨ ਅਣਪਛਾਤੇ ਅਤਿਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਹਲਾਕ ਕਰ ਦਿੱਤਾ। ਰੱਖਿਆ ਬੁਲਾਰੇ ਨੇ ਦੱਸਿਆ ਕਿ ਘੁਸਪੈਠ ਦੀ ਇਹ ਕੋਸ਼ਿਸ਼ ਉੜੀ ਸੈਕਟਰ ਵਿਚ ਨਾਕਾਮ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬੋਨੀਆਰ ਇਲਾਕੇ ਵਿਚ ਟੂਰਨਾ ਲਾਗੇ ਵੀਰਵਾਰ ਸੁਵੱਖਤੇ ਸਰਹੱਦ ’ਤੇ ਕੁਝ ਸ਼ੱਕੀ ਗਤੀਵਿਧੀ ਦੇਖੀ ਗਈ ਸੀ। ਇਸ ਤੋਂ ਬਾਅਦ ਜਵਾਨਾਂ ਨੇ ਘੁਸਪੈਠੀਆਂ ਨੂੰ ਚੁਣੌਤੀ ਦਿੱਤੀ, ਪਰ ਉਨ੍ਹਾਂ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਵਿਚ ਤਿੰਨ ਅਤਿਵਾਦੀ ਮਾਰੇ ਗਏ। ਮਾਰੇ ਗਏ ਘੁਸਪੈਠੀਆਂ ਦੀ ਸ਼ਨਾਖ਼ਤ ਅਜੇ ਤਕ ਨਹੀਂ ਹੋ ਸਕੀ ਹੈ।

Previous articleਜੌੜੇ ਫਾਟਕਾਂ ਨਜ਼ਦੀਕ ਰੇਲਵੇ ਲਾਈਨ ’ਤੇ ਖੜ੍ਹ ਕੇ ਵੇਖ ਰਹੇ ਸਨ ਮੇਲਾ; ਪਟਾਕਿਆਂ ਕਾਰਨ ਨਹੀਂ ਸੁਣੇ ਗੱਡੀਆਂ ਦੇ ਹਾਰਨ; 72 ਜ਼ਖ਼ਮੀ ਵੱਖ ਵੱਖ ਹਸਪਤਾਲਾਂ ’ਚ ਦਾਖ਼ਲ; ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ
Next articleVoting underway for Afghan parliamentary polls