(ਸਮਾਜ ਵੀਕਲੀ)
“ਉਸ ਨੂੰ ਕਿਹਨੇ ਮਾਰਿਆ?”
“ਔਰਤ ਆਪਣੇ-ਆਪ ਕਦੀ ਨਹੀਂ ਮਰਦੀ।ਹਮੇਸ਼ਾ ਉਸ ਨੂੰ ਕੋਈ ਹੋਰ ਮਾਰਦਾ ਹੈ।”
“ਫਿਰ ਤੁਸੀ ਇਹ ਗੱਲ ਸਾਡੇ ਤੋਂ ਕਿਉਂ ਪੁੱਛਦੇ ਹੋ,ਇੰਸਪੈਕਟਰ ਸਾਹਿਬ?”
“ਸੜਕਾਂ ‘ਤੇ ਭੀਖ ਮੰਗਣ ਵਾਲੀ ਇਕ ਅਵਾਰਾ ਛੋਕਰੀ ਕਿਵੇਂ ਮਰ ਗਈ?ਤੁਸੀ ਪੁੱਛ-ਗਿੱਛ ਕਰਨ ਆਏ ਹੋ?ਸਾਰੀ ਕਾਲੌਨੀ ਦੇ ਲੋਕਾਂ ਨੂੰ ਇਕੱਠੇ ਕਰ ਲਿਆ ਹੈ।”
“ਇੰਸਪੈਕਟਰ ਸਾਹਿਬ!ਅੱਲ੍ਹਾ ਦੇ ਫਜ਼ਲ ਨਾਲ ਇਸ ਕਲੌਨੀ ਵਿੱਚ ਸਾਰੇ ਪੜ੍ਹੇ-ਲਿਖੇ,ਇਖਲਾਕੀ ਲੋਕ ਰਹਿੰਦੇ ਹਨ।”
“ਉਹ ਸੜਕਾ ਤੇ ਨੰਗੀ ਘੁੰਮਣ ਵਾਲੀ ਅਵਾਰਾ ਛੋਕਰੀ ਸੀ,ਭੀਖ ਮੰਗਦੀ ਸੀ।ਉਸ ਦਾ ਨਾ ਕੋਈ ਘਰ ਸੀ,ਨਾ ਕੋਈ ਰਿਸ਼ਤੇਦਾਰ ਸੀ।ਕੱਲ ਰਾਤ ਸ਼ਾਇਦ ਕਾਲੌਨੀ ਦੇ ਅਵਾਰਾ ਲੜਕੇ ਉਸ ‘ਤੇ ਟੁਟ ਪਏ ਹੋਣਗੇ।ਫਿਰ ਉਸ ਨੂੰ ਘਸੀੜਕੇ ਫਿਰ ਇਥੇ ਫੁੱਟ-ਪਾਥ ਤੇ ਸੁੱਟ ਗਏ।””ਤੁਸੀ ਸਾਡੇ ਤੋਂ ਪੁੱਛ ਰਹੇ ਹੋ ਕਿ ਉਸ ਨੂੰ ਕਿਸ ਨੇ ਮਾਰਿਆ?”
“ਮੈਂ ਸਿਰਫ ਇਕ ਵਾਰੀ ਉਸ ਨੂੰ ਡੰਡੇ ਮਾਰ ਕੇ ਬਾਹਰ ਕੱਢ ਦਿੱਤਾ ਸੀ।”
“ਮੈਂ ਤਾਂ ਪਤਾ ਨਹੀਂ ਉਸ ਨੂੰ ਕਿੰਨੀ ਵਾਰ ਬਾਹਰ ਕੱਢਿਆ।ਹਰ ਵੇਲੇ ਰੋਟੀ ਮੰਗਣ ਆ ਜਾਂਦੀ ਸੀ।”
“ਇੰਸਪੈਕਟਰ ਸਾਹਿਬ,ਮੈਂ ਤਾਂ ਉਸ ਨੂੰ ਆਪਣੇ ਘਰ ਦੇ ਕੋਲ ਢੁਕਣ ਵੀ ਨਹੀ ਦਿੰਦਾ ਸੀ।
“ਬਗੀਚੇ ਵਿਚ ਕੁੱਤੇ ਲਈ ਖਾਣ ਨੂੰ ਰੱਖੋ ਤਾਂ ਉਹ ਵੀ ਖਾ ਲੈਂਦੀ ਸੀ।”
“ਅਤੇ ਮੰਮੀ,ਉਹ ਕੂੜੇ ਦੇ ਢੇਰ ਤੋਂ ਕੇਲੇ ਤੇ ਅੰਬ ਦੇ ਛਿਲਕੇ ਚੁੱਕ ਕੇ ਚੱਟ ਲੈਂਦੀ ਸੀ।”
“ਮੁੰਨੀ,ਤੂੰ ਚੁੱਪ…,ਗੰਦੀਆਂ ਗੱਲਾ ਨਾ ਕਰ।”
“ਇਥੇ ਬੜੇ ਅਹਿਮ ਲੋਕ ਰਹਿੰਦੇ ਹਨ,ਭਲਾ ਇਸ ਗੰਦੀ ਭਿਖਾਰਨ ਛੋਕਰੀ ਦਾ ਕਤਲ ਕੌਣ ਕਰੇਗਾ?ਮੈਂ ਇਕ ਪ੍ਰੋਫੈਸਰ ਹਾਂ,ਮੇਰਾ ਇਹਨਾਂ ਗੱਲਾਂ ਨਾਲ ਕੀ ਸਬੰਧ ਹੈ।”
“ਸਾਲੀ ਬੇਸ਼ਰਮ ਸੀ,ਨੰਗੀ ਘੁੰਮਦੀ ਰਹਿੰਦੀ ਸੀ।ਮਸਜਦ ਤੋਂ ਨਮਾਜ਼ ਪੜ੍ਹ ਕੇ ਨਿਕਲੇ ਤਾਂ ਉਹਨੂੰ ਦੇਖ ਕੇ ਵੁਜੂ ਟੁਟ ਜਾਂਦਾ ਸੀ।ਲਾਹੌਲ ਵਲਾ।ਇਸ ਲਈ ਤਾਂ ਔਰਤ ਨੂੰ ਹੁਕਮ ਦਿੱਤਾ ਗਿਆ ਹੈ ਕਿ ਆਪਣਾ ਚਿਹਰਾ ਲੁਕਾਈ ਰੱਖੇ।”
“ਵਿਚਾਰੇ,ਮਰਦਾਂ ਦੀ ਜਿਨਸੀ ਖਾਹਿਸ਼ ਨਾ ਭੜਕ ਉੱਠੇ।”
“ਰਾਤ ਨੂੰ ਸਾਰੇ…ਕੌਣ ਬਣੇਗਾ ਕਰੋੜਪਤੀ ਦੇਖ ਰਹੇ ਸਨ ਅਤੇ ਉਹ ਦਰਵਾਜਾ ਬੰਨ ਕੇ ਚੀਖ ਰਹੀ ਸੀ,ਰੋਟੀ ਦਿਓ,ਰੋਟੀ ਦਿਓ।”ਮੈਂ ਕਿੰਨੀ ਵਾਰ ਆਪਣੇ ਬੱਚੇ ਨੂੰ ਰੋਕਿਆ।ਉਸ ਦੇ ਕੋਲ ਨਾ ਜਾਓ,ਕੋਈ ਰੋਗ ਚਿਬੜ ਜਾਏਗਾ।
ਪਰ ਉਹ ਛੋਟੇ ਬੱਚਿਆ ਦੇ ਨਾਲ ਨੱਚਦੀ-ਗਾਉਂਦੀ ਸੀ।”
“ਮੇਰੀ ਬੇਬੀ,ਸਭਨਾਂ ਤੋਂ ਲੁਕਾ ਕੇ ਉਸ ਨੂੰ ਰੋਟੀ ਦੇ ਆਉਂਦੀ ਸੀ।”
“ਇਕ ਬਾਰ ਉਸ ਦੇ ਸਿਰ ‘ਚੋ ਖੂਨ ਵਗ ਰਿਹਾ ਸੀ ਤਾਂ ਬੇਬੀ ਉਸ ਦੇ ਲਈ ਦਵਾਈ ਲੈ ਕੇ ਭੱਜੀ।”
“ਸਾਲੀ ਬੜੀ ਚਲਾਕ ਸੀ,ਪਾਗਲਾਂ ਵਰਗੀ ਐਕਟਿੰਗ ਕਰਕੇ ਸਭਨਾਂ ਨੂੰ ਆਪਣੇ ਕੋਲ ਬੁਲਾ ਲੈਂਦੀ ਸੀ।”
“ਇਕ ਦਿਨ ਉਸ ਦੀ ਲੱਤ ਵੀ ਜਖਮੀ ਹੋ ਗਈ ਸੀ ਤਾਂ ਧਰਤੀ ‘ਤੇ ਹੱਥ ਧਰ ਕੇ ਤੁਰਦੀ ਸੀ।”
“ਹੋ ਸਕਦਾ ਹੈ ਕਲ ਰਾਤ ਵੀ ਛੋਕਰਿਆਂ ਨੇ ਉਸ ਦਾ ਮੂੰਹ ਕਾਲਾ ਕਰਕੇ ਸੜਕ ‘ਤੇ ਸੁੱਟ ਦਿੱਤਾ ਹੋਵੇ।”
“ਹੋ ਸਕਦਾ ਹੈ ਕਿ ਕਿਸੇ ਕਾਰ ਨੇ ਉਸ ਨੂੰ ਦਰੜ ਦਿੱਤਾ ਹੋਵੇ।ਰਾਤ ਨੂੰ ਕਲੌਨੀ ਦੇ ਬਹੁਤ ਸਾਰੇ ਲੋਕ ਕਲੱਬ ਤੋਂ ਆਉਂਦੇ ਹਨ ਤਾਂ ਮਦਹੋਸ਼ੀ ਵਿਚ ਕਾਰ ਦੇ ਐਕਸੀਡੈਂਟ ਹੋ ਜਾਂਦੇ ਹਨ।”
“ਇਹ ਤੁਸੀ ਕੀ ਕਹਿ ਰਹੇ ਹੋ ਇੰਸਪੈਕਟਰ ਸਾਹਿਬ।ਰਾਤ ਨੂੰ ਕਿਸੇ ਔਰਤ ਦੇ ਰੋਣ ਚੀਕਣ ਦੀ ਆਵਾਜ਼ ਆਏ,ਤਾਂ ਅਸੀ ਬਾਹਰ ਜਾ ਕੇ ਦੇਖੀਏ ਕਿ ਕੀ ਹੋਇਆ ਹੈ?”
“ਸ੍ਰੀਮਾਨ ਜੀ,ਇੱਥੇ ਤਾਂ ਸਾਰੀ ਰਾਤ ਫੜੋ ਫੜਾਈ ਦੀ ਖੇਡ ਚੱਲਦੀ ਰਹਿੰਦੀ ਹੈ।”
“ਰਾਤ ਐਨੀ ਜੋਰ ਦਾ ਮੀਂਹ ਪੈ ਰਿਹਾ ਸੀ ਅਤੇ ਉਹ ਗੇਟ ‘ਤੇ ਜੋਰ ਜੋਰ ਨਾਲ ਪੱਥਰ ਮਾਰ ਰਹੀ ਸੀ।ਬੜੀ ਮੁਸ਼ਕਲ ਨਾਲ ਗਾਰਡ ਨੇ ਉਸ ਨੂੰ ਮਾਰ ਕੇ ਭਜਾਇਆ।”
“ਇੰਸਪੈਕਟਰ ਸਾਹਬ…ਉਹ ਲੜਕੀ ਹਿੰਦੂ ਸੀ।ਇਕ ਮੁਸਲਮਾਨ ਦੇ ਘਰ ਦੇ ਸਾਹਮਣੇ ਉਸ ਦਾ ਕਤਲ ਹੋਇਆ ਹੈ?”
“ਇਕ ਤੁਸੀ ਕੀ ਕਹਿ ਰਹੇ ਹੋ?ਤੁਹਾਨੂੰ ਕਿਹਨੇ ਕਿਹਾ ਕਿ ਇਸ ਕਲੌਨੀ ਦੇ ਮੁਸਲਮਾਨ ਹਿੰਦੂ ਆਪਸ ਵਿਚ ਲੜਦੇ ਹਨ?ਤੋਬਾ-ਤੋਬਾ,ਅੱਲ੍ਹਾ ਸਾਡਾ ਦੀਨ-ਇਮਾਨ ਸਲਾਮਤ ਰੱਖੇ।”
“ਸਾਹਬ ਅਸੀ ਬ੍ਰਾਹਮਣ ਲੋਕ ਹਾਂ।ਆਛੂਤ ਜਾਤ ਦੀ ਛੋਕਰੀ ਕੌਣ ਹੈ?ਕਿਥੌ ਆਈ ਹੈ?ਕਿਵੇ ਮਰੀ?ਸਾਨੂੰ ਕੁਝ ਨਹੀ ਪਤਾ।ਅਸੀ ਉਸ ਨੂੰ ਮੰਦਰ ਦੇ ਅੱਗਿਓ ਪਰਾਂ੍ਹ ਕਰ ਦਿੰਦੇ ਸੀ।”
“ਹੁਣ ਤਾਂ ਤੁਹਾਨੂੰ ਯਕੀਨ ਹੋ ਗਿਆ ਨਾ ਕਿ ਇਸ ਕਲੌਨੀ ਵਿਚ ਉਸ ਮੰਗਤੀ ਛੋਕਰੀ ਨੂੰ ਕਿਸੇ ਨੇ ਕਤਲ ਨਹੀ ਕੀਤਾ?ਉਸ ਦਾ ਹਤਿਆਰਾ ਕੌਣ ਹੈ?ਚੱਲੋ,ਅਸੀ ਵੀ ਤੁਹਾਡੇ ਨਾਲ ਮਿਲ ਕੇ ਉਸ ਨੂੰ ਲੱਭਾਂਗੇ ਇੰਸਪੈਕਟਰ ਸਾਹਬ……ਇਧਰ ਦੇਖੋ ਮੰਗਤੀ ਦੀ ਲਾਸ਼ ਦੇ ਕੋਲ ਇਕ ਬੁੱਢੀ ਔਰਤ ਆ ਗਈ ਹੈ।ਉਹ ਜੋਰ ਜੋਰ ਨਾਲ ਰੋ ਰਹੀ ਹੈ।”
“ਨਹੀ,ਉਹ ਉਹਦੀ ਮਾਂ ਨਹੀ ਹੈ।ਉਸ ਦਾ ਤਾਂ ਕੋਈ ਵੀ ਰਿਸ਼ਤੇਦਾਰ ਕਦੀ ਨਜ਼ਰ ਨਹੀ ਪਿਆ?”
“ਤੁਸੀ ਨਹੀ ਜਾਣਦੇ,ਮੌਲਾਨਾ,ਹੁਣ ਇਸ ਦਾ ਕਿਰਿਆ-ਕਰਮ ਕਰਨ ਵਾਲੇ ਅਤੇ ਲਾਵਾਰਿਸ ਹੋਣ ਦੇ ਦਾਅਵੇਦਾਰ ਬਹੁਤ ਆ ਜਾਂਦੇ ਹਨ।ਹੁਣ ਉਹ ਤੁਹਾਡੇ ਕੋਲੋ ਚੰਦਾ ਵਸੂਲ ਕਰਨਗੇ,ਸਰਕਾਰ ਵੀ ਕੁਝ ਦਏਗੀ।”
“ਸਾਰੀ ਕਲੌਨੀ ਇਸ ਬੁੱਢੀ ਨੂੰ ਰੁਪਏ ਦਾਨ ਕਰੇਗੀ ਕਿਉਂਕਿ ਇਹ ਮਰਨ ਵਾਲੀ ਦੀ ਮਾਂ ਬਣ ਜਾਏਗੀ।”
“ਮੰਮੀ……ਮੇਰੀ ਗੱਲ ਸੁਣੋ।”ਬੇਬੀ ਨੇ ਉਚੀ ਅਵਾਜ਼ ਵਿਚ ਆਪਣੀ ਮੰਮੀ ਨੂੰ ਕਿਹਾ।”
“ਉਹ ਬੱਢੀ ਕਹਿ ਰਹੀ ਹੈ ਕਿ ਉਹ ਮੰਗਤੀ ਦੀ ਮਾਂ ਨਹੀ ਹੈ।”
“ਮੈਂ ਪੁੱਛਿਆ,”ਫਿਰ ਤੂੰ ਕੌਣ ਹੈ?”
ਤਾਂ ਉਹ ਰੋਂਦੀ-ਰੋਂਦੀ ਕਹਿ ਰਹੀ ਸੀ,”ਮਰਨ ਵਾਲੀ ਸੜਕ ‘ਤੇ ਇਕੱਲੀ ਪਈ ਹੈ।ਉਸ ਦੀ ਮੌਤ ‘ਤੇ ਰੋਣ ਵਾਲਾ ਕੋਈ ਨਹੀ ਹੈ,ਇਸ ਲਈ ਮੈਂ ਰੋ ਰਹੀ ਹਾਂ।”
ਉਰਦੂ ਕਹਾਣੀ
ਮੂਲ:-ਜੀਲਾਨੋ ਬਾਨੋ
ਅਨੁਵਾਦ:-ਅਮਰਜੀਤ ਚੰਦਰ
ਲੁਧਿਆਣਾ 9417600014