(ਸਮਾਜ ਵੀਕਲੀ)
ਨਜ਼ਰੀਆ, ਨੁੱਕਤਾਏਨਿਗਾਹ, ਦਿ੍ਰਸ਼ਟੀਕੋਣ, ਸੋਚ ਦਾ ਝੁਕਾਅ ਆਦਿ ਸਮਅਰਥੀ ਸ਼ਬਦ ਹਨ ਜਿਹਨਾਂ ਦਾ ਸਪਸ਼ਟ ਮਤਲਬ ਵਿਅਕਤੀ ਦੇ ਵਿਚਾਰ ਜਾਹਿਰ ਕਰਨ ਦੇ ਰਵਈਏ, ਹਾਵ ਭਾਵ, ਉਸ ਦੁਆਰਾ ਵਰਤੇ ਜਾਂਦੇ ਸ਼ਬਦ, ਉਚਾਰਣ ਅਤੇ ਉਹਨਾਂ ਪਿੱਛੇ ਲੁੱਕੀ ਮਾਨਸਿਕਤਾ ਹੁੰਦੀ ਹੈ। ਦੁਨੀਆਂ ਵਿੱਚ ਵਿਚਰਦਿਆਂ ਸਾਨੂੰ ਬਹੁਤ ਸਾਰੇ ਫ਼ੈਸਲੇ ਕਰਨੇ ਪੈਂਦੇ ਹਨ। ਉਹਨਾਂ ਦਾ ਸਿੱਧਾ ਸੰਬੰਧ ਸਾਡੇ ਪਿੱਛਲੇ ਤਜ਼ਰਬੇ, ਉਸ ਵਿਸ਼ੇ ਬਾਰੇ ਗਿਆਨ, ਸਾਡੀ ਵੱਖ ਵੱਖ ਵਿਕਲਪਾਂ ਵਿੱਚੋਂ ਕਿਸੇ ਇੱਕ ਦੀ ਚੋਣ ਕਰਨ ਦੀ ਸਮਰੱਥਾ, ਸਾਡੀ ਭਾਵਨਾਤਮਿਕ ਸਾਂਝ ਅਤੇ ਉਸ ਫ਼ੈਸਲੇ ਤੋਂ ਮਿਲਣ ਵਾਲੇ ਵਿਅਕਤੀਗਤ ਫਾਇਦੇ ਆਦਿ ਨਾਲ ਵੀ ਹੁੰਦਾ ਹੈ। ਬਹੁਤ ਘੱਟ ਵਿਅਕਤੀ ਸਮੂਹਿਕ ਲਾਭ ਦੀ ਭਾਵਨਾ ਨਾਲ ਜਾਂ ਵਿਸ਼ਾਲ ਸੋਚ ਦੇ ਮੱਦੇਨਜ਼ਰ ਫ਼ੈਸਲੇ ਲੈਂਦੇ ਹਨ। ਇਹ ਫ਼ੈਸਲੇ ਵਿਅਕਤੀ ਦੇ ਕਾਰੋਬਾਰੀ ਪੱਧਰ, ਨਿਯਮਾਂ ਦੇ ਦਾਇਰੇ ਦੀ ਸੀਮਾ, ਕਨੂੰਨੀ ਪੱਖਾਂ ਅਤੇ ਕਈ ਵਾਰੀ ਸਮਾਜਿਕ ਵਰਤਾਰੇ ਜਾਂ ਸਿਆਸੀ ਉਲਾਰ ਦੇ ਪ੍ਰਭਾਵ ਤਹਿਤ ਵੀ ਅਸਰ ਅੰਦਾਜ ਹੁੰਦੇ ਹਨ। ਇੱਥੋਂ ਹੀ ਸਾਡੇ ਨਜ਼ਰੀਏ ਦੀ ਕਿਸੇ ਮਸਲੇ ਬਾਰੇ ਨਿੱਜਤਾ (ਸਬਜੈਕਟਿਵਟੀ) ਆ ਵੜਦੀ ਹੈ ਅਤੇ ਫ਼ੈਸਲੇ ਸੰਤੁਲਿਤ ਹੋਣ ਦੀ ਬਜਾਏ ਕਿਸੇ ਹੋਰ ਰੰਗ ਵਿੱਚ ਰੰਗੇ ਜਾ ਜਾਂਦੇ ਹਨ। ਜਾਂ ਇੰਜ ਕਹਿ ਲਈਏ ਕਿ ਆਪਣੇ ਮੁੱਖ ਮੰਤਵ (ਔਬਜੈਕਟਿਵ) ਤੋਂ ਲਾਂਭੇ ਚਲੇ ਜਾਂਦੇ ਹਨ ਅਤੇ ਕਈ ਵਾਰੀ ਵਿਵਾਦਾਂ ਦਾ ਬਖੇੜਾ ਖੜਾ ਕਰ ਬੈਠਦੇ ਹਨ। ਜੇਕਰ ਕੋਈ ਵਿਅਕਤੀ ਆਪਣੇ ਨਜ਼ਰੀਏ ਵਿੱਚ ਬਦਲਾਅ ਨਹੀਂ ਕਰਦਾ ਤਾਂ ਲੋਕੀਂ ਉਸ ਉੱਤੇ ਇੱਕ ਖ਼ਾਸ ‘ਵਾਦ‘ ਨਾਲ ਜੁੜੇ ਹੋਣ ਦਾ ਪੱਕਾ ਸਟਿੱਕਰ ਲਾ ਦਿੰਦੇ ਹਨ। ਉਸਾਰੂ ਨਜ਼ਰੀਏ ਵਾਲੇ ਲੋਕ ਸਮੂਹਿਕ ਵਿਕਾਸ ਵਿੱਚ ਵਿਸ਼ਵਾਸ ਰੱਖਦੇ ਹਨ। ਉਲਾਰੂ ਦ੍ਰਿਸ਼ਟੀਕੋਣ ਰੱਖਣ ਵਾਲੇ ਪੱਖਪਾਤੀ ਸੋਚ ਦੇ ਧਾਰਨੀ ਹੁੰਦੇ ਹਨ। ਉਹ ਸਿਰਫ ਆਪਣੇ ਵਰਗੇ ਕੁੱਝ ਸਵਾਰਥੀ ਲੋਕਾਂ ਦਾ ਗੁੱਟ ਜਾ ਧੜਾ ਬਣਾਕੇ ਉਸੇ ਲਈ ਹੀ ਕੰਮ ਕਰਨ ਵਿੱਚ ਦਿਲਚਸਪੀ ਰੱਖਦੇ ਹਨ। ਸ਼ਾਤਰ ਚਾਲਾਂ ਨਾਲ ਸਿੱਧੇ ਸਾਦੇ ਲੋਕਾਂ ਨੂੰ ਭਰਮਾਕੇ ਪਿੱਛੇ ਵੀ ਲਾਉਂਦੇ ਹਨ ਅਤੇ ਆਪਣੇ ਲਈ ਧਨ ਜੁਟਾਉਣ ਅਤੇ ਸਿਫ਼ਾਰਸ਼ ਕਰਵਾਉਣ ਦਾ ਜੁਗਾੜ ਕਰ ਲੈਂਦੇ ਹਨ।ਅਜਿਹੇ ਲੋਕਾਂ ਲਈ ਹੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ”ਮਾਇਆ ਕੇ ਦੇਵਾਨੇ ਪ੍ਰਾਣੀ ਝੂਠ ਠਗਉਰੀ ਪਾਈ । ਲਬਿ ਲੋਭ ਮੁਹਤਾਜਿ ਵਿਗੂਤੇ ਇਬ ਤਬ ਫਿਰਿ ਪਛਤਾਈ।” ਮਾਰੂ ਨਜ਼ਰੀਏ ਵਾਲੇ ਲੋਕ ਸਮਾਜ ਅਤੇ ਦੇਸ਼ ਲਈ ਬੇਹੱਦ ਘਾਤਕ ਹੁੰਦੇ ਹਨ। ਉਹ ਹਰ ਨਜ਼ਾਇਜ, ਗ਼ੈਰ ਕਨੂੰਨੀ ਹਰਬਾ ਵਰਤਕੇ ਸਮਾਜ ਵਿੱਚ ਵੰਡੀਆਂਪਾਕੇ, ਵੋਟਾਂ ਖਰੀਦ ਕੇ ਜਾਂ ਲੋਕਾਂ ਵਿੱਚ ਸਹਿਮ ਪੈਦਾ ਕਰਕੇ, ਧਰਮ ਜਾਤੀ ਦੇ ਅਧਾਰ ਤੇ ਦੰਗੇ ਕਰਵਾ ਕੇ ਮਨਮਰਜ਼ੀ ਦੀ ਸਰਕਾਰ ਬਣਾਉਣ ਲਈ ਰੁਚਿੱਤ ਰਹਿੰਦੇ ਹਨ ਅਤੇ ਆਪਣੇ ਮਨਸੂਬੇ ਪੂਰੇ ਕਰਨ ਲਈ ਲੋਕਾਈ ਨੂੰ ਤਹਿਸ ਨਹਿਸ ਕਰਨ ਦੀ ਹੱਦ ਤੱਕ ਵੀ ਚਲੇ ਜਾਂਦੇ ਹਨ।
ਭਾਰਤ ਵਰਗੇ ਬਹੁਭਾਸ਼ਾਈ, ਬਹੁਧਰਮੀ, ਅਨੇਕ ਜਾਤੀਆਂ ਵਿੱਚ ਵੰਡੀ ਪਰਜਾ, (ਦਰਜਾਬੰਦੀ ਅਤੇ ਗਿਣਤੀ ਅੰਕੜਿਆਂ ਦੀ ਖਾਈ ਵਿੱਚ ਉਲਝੀ ਮਾਨਸਿਕਤਾ) ਬਹੁਰੰਗੀ ਸਭਿਆਚਾਰ ਅਤੇ ਸਿਆਸਤ ਵਿੱਚ ਕੁਰਸੀ ਦੀ ਪਹੁੰਚ ਵਿੱਚ ਲੱਗੀ ਪਾਗਲਪਣ ਵਾਲੀ ਦੌੜ, ਆਮ ਮਨੁੱਖ ਦੇ ਦਿ੍ਰਸ਼ਟੀਕੋਣ ਨੂੰ ਅਛੋਪਲੇ ਹੀ ਛੂਹ ਜਾਂਦੀ ਹੈ ਅਤੇ ਉਸਦੀ ਕਿਸੇ ਮਸਲੇ ਦੀ ਸਮਝ ਨੂੰ ਟਪਲ਼ਾ ਦਿੰਦੀ ਹੈ। ਬਚਪਨ ਉਮਰੇ ਬੱਚੇ ਬੜੀ ਹੀ ਮੌਜ ਮਸਤੀ ਵਿੱਚ ਗਲੀ ਮੁਹੱਲੇ ਵਿੱਚ ਜਾਂ ਸਕੂਲਾਂ ਵਿੱਚ ਇਕੱਠੇ ਖੇਡਦੇ ਹਨ। ਗ਼ੁੱਸੇ ਵੀ ਹੁੰਦੇ ਹਨ, ਲੜਦੇ ਝਗੜਦੇ ਵੀ ਹਨ ,ਕੁੱਟ-ਮਾਰ ਦੀ ਨੌਬਤ ਵੀ ਆ ਜਾਂਦੀ ਹੈ। ਸ਼ਿਕਾਇਤਾਂ ਸ਼ਿਕਵੇ ਵੀ ਹੁੰਦੇ ਹਨ ਪਰ ਕਿਸੇ ਵੱਡੇ ਲੜਕੇ ਜਾਂ ਅਧਿਆਪਕ ਦੀ ਥੋੜ੍ਹੀ ਜਿਹੀ ਦਖ਼ਲਅੰਦਾਜ਼ੀ ਨਾਲ ਹੀ ਮਨ ਸਾਫ਼ ਕਰਕੇ ਪਿੱਛਲੀ ਗੱਲ ਤੇ ਮਿੱਟੀ ਪਾ ਫਿਰ ਆਪਣੇ ਖੇਡ ਮੇਲੇ ਵਿੱਚ ਇੰਜ ਗੁੰਮ ਹੋ ਜਾਂਦੇ ਹਨ ਜਿਵੇਂ ਕੁੱਝ ਹੋਇਆ ਹੀ ਨਾ ਹੋਵੇ।ਮਾਫ਼ ਕਰਨਾ ਤੇ ਭੁੱਲ ਜਾਣਾ ਹੀ ਉਹਨਾਂ ਦੇ ਅਨੰਦਭਰੇ ਜੀਵਨ ਦੀ ਸ਼ਾਹ ਰਗ ਹੁੰਦੀ ਹੈ। ਵੱਡੇ ਹੋਕੇ ਅਸੀਂ ਉੁਹਨਾਂ ਪੁਰਾਣੇ ਯਾਰਾਂ ਬੇਲ਼ੀਆਂ ਨੂੰ ਯਾਦ ਕਰਕੇ ਖ਼ੁਸ਼ੀ ਮਹਿਸੂਸ ਕਰਦੇ ਹਾਂ। ਕਵੀ ਦੇ “ਵੋ ਕਾਗ਼ਜ਼ ਕੀ ਕਸ਼ਤੀ ,ਵੋ ਬਾਰਸ਼ ਕਾ ਪਾਨੀ” ਵਰਗੇ ਸ਼ੇਅਰ ਮਾਸੂਮੀਅਤ ਦੀ ਮਿਠਾਸ ਵਿੱਚ ਹੋਰ ਗੁੜ ਪਾ ਦਿੰਦੇ ਹਨ। ਬਾਲਪਣ ਦੀ ਵਰੇਸ ਵਿੱਚ ਪਿਆਰ, ਸਨੇਹ , ਖਿੱਚ , ਨਿਰਛਲਤਾ , ਕੋਰੀ ਤਖ਼ਤੀ ਵਰਗਾ ਮਨ, ਸਹਿਯੋਗ, ਸਹਿਹੋਂਦ, ਨੇੜਤਾ ਦਾ ਨਿੱਘ, ਵੱਡਿਆਂ ਤੋਂ ਬੇਪਰਵਾਹੀ ਆਦਿ ਦੈਵੀ ਜਜ਼ਬਿਆਂ ਨਾਲ ਲ਼ਬਰੇਜ਼ ਹੁੰਦੀ ਹੈ। ਭਾਵ ਸ਼ੀਸ਼ੇ ਵਰਗਾ ਸਾਫ਼ ਨਜ਼ਰੀਆ ਹੁੰਦਾ ਹੈ।
ਆਉ ਹੁਣ ਦੇਖੀਏ ਕਿ ਮਨੁੱਖ ਦੇ ਦਿ੍ਰਸ਼ਟੀਕੋਣ ਨੂੰ ਬਣਾਉਣ ਵਿੱਚ ਕਿਹੜੇ ਉਹ ਹਾਲਾਤ ਨੇ ਜੋ ਸਿੱਧੇ ਜਾਂ ਅਸਿੱਧੇ ਤੌਰ ਤੇ ਪਰਭਾਵੀ ਸਾਬਿਤ ਹੁੰਦੇ ਹਨ। ਸਭਤੋਂ ਪਹਿਲਾਂ ਸਾਡੇ ਘਰੇਲੂ ਵਾਤਾਵਰਣ ਦਾ ਸਿੱਧਾ ਅਸਰ ਹੁੰਦਾ ਹੈ। ਬਾਪੂ ਜੀ ਦੇ ਸਮੇਂ ਤੇ ਅਖਾਣ ਸੁਣਦੇ ਹੁੰਦੇ ਸਾਂ ” ਮਾਂ ਪੁਰ ਧੀ, ਪਿਤਾ ਪੁਰ ਘੋੜਾ, ਬਹੁਤਾ ਨਹੀਂ ਤਾਂ ਥੋੜ੍ਹਾ ਥੋੜ੍ਹਾ”। ਇਹ ਮਾਨਤਾਵਾਂ ਭਾਵੇਂ ਸੌ ਫੀ ਸਦੀ ਸੱਚ ਨਾ ਵੀ ਹੋਣ ਪਰ ਕਾਫ਼ੀ ਹੱਦ ਤੱਕ ਸੱਚ ਹੁੰਦੀਆਂ ਹਨ ਕਿਉਂਕਿ ਇਹ ਲੰਮੇ ਸਮੇਂ ਦੇ ਮਨੁੱਖੀ ਸੁਭਾਅ ਦੀ ਪੜਚੋਲ ਬਾਅਦ ਘੜੀਆਂ ਜਾਂਦੀਆਂ ਸਨ। ਵੈਸੇ ਵੀ ਮਾਪਿਆਂ ਦੇ ਸੁਭਾਅ ਨੂੰ ਨਕਲ ਕਰਨਾ ਬੱਚੇ ਕੁਦਰਤਨ ਸਿੱਖ ਲੈਂਦੇ ਹਨ। ਖ਼ਾਨਦਾਨੀ ਗੁਣਾਂ ਦੀ ਖੋਜ ਵੀ ਸ਼ਾਇਦ ਇਥੋਂ ਹੀ ਹੋਈ ਹੋਵੇ। ਮਨੁੱਖ ਆਪਣੇ ਆਂਢ ਗੁਆਂਢ ਵਿੱਚਲੀ ਭਾਸ਼ਾ ਅਤੇ ਦਸਤੂਰ ਵੀ ਵਾਚਦਾ ਰਹਿੰਦਾ ਹੈ। ਘਰਾਂ ਵਿੱਚ ਬੱਚਿਆਂ ਨੂੰ ਨੈਤਿਕਤਾ ਦੇ ਕਿਹੜੇ ਪਾਠ ਪੜਾਏ ਜਾ ਰਹੇ ਹਨ,ਘਰ ਵਿੱਚ ਧਾਰਮਿਕ ਵਿਸ਼ਵਾਸ, ਪੂਜਾ ਅਤੇ ਬਾਕੀ ਸੰਸਕਾਰ ਕਿਵੇਂ ਕੀਤੇ ਜਾ ਰਹੇ ਨੇ,ਸਭ ਦਾ ਪ੍ਰਭਾਵ ਇੱਕ ਵਾਰ ਤਾਂ ਜ਼ਰੂਰ ਅਸੀਂ ਕਬੂਲਦੇ ਹਾਂ ਬਾਅਦ ਵਿੱਚ ਭਾਵੇਂ ਗੈਰਵਿਗਿਆਨਕ ਮੰਨਕੇ ਤਿਲਾਂਜਲੀ ਹੀ ਦੇ ਦਈਏ। ਭਾਰਤ ਵਿੱਚ ਧਰਮ ਨੂੰ ਕਾਫ਼ੀ ਹੱਦ ਤੱਕ ਲੋਕ ਬਹੁਤ ਭਾਵੁਕਤਾ ਨਾਲ ਦੇਖਦੇ ਹਨ ਅਤੇ ਕਈ ਵਾਰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਵਿੱਚ ਗੱਲ ਬਹੁਤ ਵਿਗੜ ਜਾਂਦੀ ਹੈ।
ਦੂਜਾ ਮੁੱਖ ਸਥਾਨ ਹੈ ਸਿੱਖਿਆ ਸੰਸਥਾਵਾਂ ਜਿਸ ਵਿੱਚ ਪੜਾਏ ਜਾਣ ਵਾਲੇ ਪਾਠਕ੍ਰਮ ਜਾਂ ਸਿਲੇਬਸ ਦਾ। ਦੇਸ਼ ਕਿਹੋ ਜਿਹੇ ਸ਼ਹਿਰੀ ਪੈਦਾ ਕਰਨਾ ਚਾਹੁੰਦਾ ਹੈ, ਉਹਨਾਂ ਦੀ ਸੋਚ ਕਿੰਨੀ ਵਿਸ਼ਾਲ, ਵਿਗਿਆਨਿਕ, ਵਿਹਾਰਿਕ ਅਤੇ ਵਿਸ਼ਵ ਵਿਆਪੀ ਸਰੋਕਾਰਾਂ ਨਾਲ ਮੇਲ ਖਾਂਦੀ ਹੋਵੇ, ਇਸ ਲਈ ਬੇਹੱਦ ਜ਼ਰੂਰੀ ਹੈ ਕਿ ਸਕੂਲੀ ਅਤੇ ਕਾਲਜ ਯੂਨੀਵਰਸਿਟੀ ਸਿੱਖਿਆ ਵਿਸ਼ਵ ਪੱਧਰ ਦੀਆਂ ਤਾਜਾਤਰੀਨ ਖੋਜਾਂ, ਦਾਰਸ਼ਨਿਕ ਵਿਚਾਰਾਂ ਅਤੇ ਤੁਲਨਾਤਮਿਕ ਅਧਿਐਨ ਨੂੰ ਸ਼ਾਮਲ ਕਰਦੀ ਹੋਵੇ।ਸਿੱਖਿਆ ਦੇ ਕੇਂਦਰਾਂ ਵਿੱਚ ਮਨੁੱਖ ਦੀ ਆਪਸੀ ਗੱਲ-ਬਾਤ ਕਿਵੇਂ ਪ੍ਰਭਾਵੀ, ਨਿਮਰਤਾ ਭਰੀ, ਦਲੀਲਵਾਲੀ, ਪ੍ਰਤਿਕਿਰਿਆ ਘੱਟ ਹੋ ਕੇ ਜਿੰਮੇਵਾਰ ਜਵਾਬ ਵਾਲੀ ਬਣਾਈ ਜਾਵੇ, ਦੀ ਯੋਜਨਾਬੱਧ ਸਲੀਕੇ ਨਾਲ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ। ਨਿਰਸੰਦੇਹ ਮਨੁੱਖ ਦੀ ਸੋਚਣ ਦੀ ਵਿਧੀ ਅਤੇ ਗੱਲ ਕਹਿਣ ਵੇਲੇ ਸਹੀ ਸ਼ਬਦ ਚੋਣ ਵੀ ਬਹੁਤ ਮਹੱਤਤਾ ਰੱਖਦੀ ਹੈ।
ਤੀਜਾ ਅਹਿਮ ਪੱਖ ਹੈ ਨਜ਼ਰੀਏ ਦਾ ਸਾਦਾ, ਸਰਲ, ਕੁਦਰਤੀ ਅਤੇ ਸੱਚਾਈ ਉੱਤੇ ਆਧਾਰਿਤ ਹੋਣਾ। ਤੁਹਾਡੇ ਸ਼ਬਦਾਂ ਵਿੱਚ ਵਜ਼ਨ ਅਤੇ ਪੁਖਤਗੀ ਤਾਂ ਹੀ ਆ ਸਕਦੀ ਹੈ ਜੇਕਰ ਤੁਹਾਡੀ ਸ਼ਖ਼ਸੀਅਤ ਕਹਿਣੀ ਅਤੇ ਕਰਨੀ ਤੋਂ ਅੰਤਰਮੁਕਤ ਹੋਵੇ। ਬਹੁਤੀ ਚਲਾਕੀ ਵਾਲੇ ਬੰਦੇ ਕੋਈ ਵਸਤੂ ਤਾਂ ਝੂਠ ਬੋਲਕੇ ਕਿਸੇ ਦੀ ਝੋਲੀ ਵਿੱਚ ਸੁੱਟ ਸਕਦੇ ਹਨ ਪਰ ਇੱਜਤਦਾਰ ਹੋਣ ਦਾ ਮਾਣ ਨਹੀਂ ਹਾਸਲ ਕਰ ਸਕਦੇ। ਆਪਣੇ ਦੋਗਲੇ ਚਰਿੱਤਰ ਕਾਰਣ ਹੀ ਉਹ ਲੋਕਾਂ ਦੇ ਇਕੱਠ ਵਿੱਚ ਜਾਣ ਤੋਂ ਕੰਨੀ ਕਤਰਾਉਂਦੇ ਹਨ। ਇਸਤੱਥ ਦੀ ਸਭਤੋਂ ਵੱਡੀ ਮਿਸਾਲ ਭਾਰਤੀ ਸਿਆਸੀ ਨੇਤਾਵਾਂ ਦਾ ਪਬਲਿਕ ਤੋਂ ਟੁੱਟਣਾ ਅਤੇ ਭਾਰੀ ਪੁਲਿਸ ਸੁਰੱਖਿਆ ਦੇ ਘੇਰੇ ਵਿੱਚ ਰਹਿਣਾ ਹੈ। ਪੱਛਮੀ ਦੇਸ਼ਾਂ ਅਤੇ ਅਮਰੀਕਾ, ਕਨੇਡਾ ਘੁੰਮਦਿਆ ਮੈਂ ਖੁਦ ਅਕਸਰ ਹੀ ਐਸੇ ਵੱਡੇ ਨੇਤਾ ਆਮ ਹੀਸਟੋਰਾਂ ਤੋਂ ਲਾਈਨ ਵਿੱਚ ਲੱਗਕੇ ਖ਼ਰੀਦਦਾਰੀ ਕਰਦੇ ਦੇਖਿਆ ਹੈ। ਪਰ ਹਾਲੇ ਇਸ ਤਰਾਂ ਦੇ ਨੇਤਾ ਭਾਰਤ ਦੇਸ਼ ਨੂੰ ਕਦੋਂ ਮਿਲਣਗੇ, ਹਉਕਾ ਜਿਹਾ ਭਰਕੇ ਲੰਮੀ ਉਡੀਕ ਕਰਨੀ ਲੱਗਦੀ ਹੈ। ਕਿਉਂਕਿ ਸਾਡੇ ਲੋਕਾਂ ਦਾ ਨਜ਼ਰੀਆ ਇਸ ਦਿਸ਼ਾ ਵੱਲ ਚੇਤੰਨ ਹੋਕੇ ਕਦਮ ਪੁੱਟਣ ਵਾਲਾ ਨਾ ਹੋਕੇ ਉਪਰਾਮਤਾ ਵਾਲਾ ਹੀ ਹੈ। ਪਤਾ ਨਹੀਂ ਕਿਹੜੀ ਗ਼ੈਬੀ ਸ਼ਕਤੀ ਦੀ ਉਡੀਕ ਵਿੱਚ ਨੇ।
ਚੌਥਾ ਅਹਿਮ ਪੱਖ ਹੈ ਕਿਸੇ ਵੀ ਖ਼ਿੱਤੇ ਦੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਕਾਰਗੁਜ਼ਾਰੀ। ਆਮ ਪ੍ਰਭਾਵ ਵਿੱਚ ਲੋਕ “ ਜੈਸੀ ਪੁਲਿਸ, ਤੈਸਾ ਰਾਜ” ਦੀ ਸੋਚ ਨੂੰ ਲੈ ਕੇ ਚੱਲਦੇ ਹਨ। ਕਿਉਂ ਕਿ ਕਿਸੇ ਵੀ ਸ਼ਿਕਾਇਤ ਜਾਂ ਜੁਰਮ ਨੂੰ ਕਾਬੂ ਕਰਨ ਲਈ ਪੁਲਿਸ ਤੱਕ ਪਹੁੰਚ ਵਿਸ਼ਵਾਸ ਆਧਾਰਿਤ ਹੁੰਦੀ ਹੈ।ਪਰ ਦੁੱਖ ਦੀ ਗੱਲ ਹੈ ਕਿ ਭਾਰਤ ਦੀ ਪੁਲਿਸ ਥਾਨਾ ਪੱਧਰ ਤੋਂ ਹੀ ਸਿਆਸੀ ਦਬਾਅ ਹੇਠ ਕੰਮ ਕਰਦੀ ਹੈ।ਹੁਕਮਰਾਨ ਪਾਰਟੀ ਦੇ ਲੋਕਲ ਨੇਤਾ ਵੀ ਸਿੱਧੀ ਦਖ਼ਲ ਅੰਦਾਜੀ ਦੀਆਂ ਸ਼ਿਕਾਇਤਾਂ ਦੇ ਇਲਜ਼ਾਮਾਂ ਤੋਂ ਨਹੀਂ ਬਚ ਸਕਦੇ। ਅਜਿਹੇ ਮਹੌਲ ਵਿੱਚ ਕਈ ਵਾਰੀ ਲੋਕ ਦੁਖੀ ਹੋ ਕੇ ਕਨੂੰਨ ਨੂੰ ਪਾਸੇ ਰੱਖਕੇ ਅਰਾਜਿਕਤਾ ਵੱਲ ਵੱਧ ਜਾਂਦੇ ਹਨ। ਨਿਆਂ ਪ੍ਰਣਾਲੀ, ਜਿਸ ਉੱਪਰ ਲੋਕਾਂ ਨੂੰ ਰੱਬ ਵਰਗਾ ਭਰੋਸਾ ਹੁੰਦਾ ਹੈ, ਵੀ ਜਦੋਂ ਦਬਾਅ ਜਾਂ ਉਲਾਰਵਾਦੀ ਹੋ ਜਾਵੇ ਤਾਂ ਫਿਰ ਖ਼ਲਕਤ ਘੁੱਟਣ ਮਹਿਸੂਸ ਕਰਦੀ ਹੈ ਅਤੇ ਨਜ਼ਰੀਏ ਬਾਗ਼ੀ ਹੋਣ ਲੱਗਦੇ ਹਨ।
‘ਮਾਨਸ ਕੀ ਜਾਤ ਸਬੈੈ ਏਕੈ ਪਹਿਚਾਨਬੋ’ ਦਾ ਵਿਸ਼ਵ ਵਿਆਪੀ ਨਜ਼ਰੀਆ ਹੀ ਸਮਾਜ ਅਤੇ ਸਿਆਸਤ ਦੀ ਧਰੋਹਰ ਬਣ ਸਕਦਾ ਹੈ। ਮਨੁੱਖੀ ਬਰਾਬਰੀ, ਸਭ ਦੇ ਅਧਿਕਾਰਾਂ ਦੀ ਸੁਰੱਖਿਆ, ਸੇਵਾ ਭਾਵਨਾ ਵਾਲਾ ਰਾਜ, ਸਭ ਨੂੰ ਸਸਤੀ ਅਤੇ ਮਿਆਰੀ ਸਿੱਖਿਆ, ਸਭ ਲਈ ਸੁਚਾਰੂ ਸਿਹਤ ਸੰਭਾਲ਼ ਦਾ ਬੰਦੋਬਸਤ,ਰੁਜ਼ਗਾਰ ਦੇ ਮੌਕੇ ਅਤੇ ਗਰੰਟੀਸ਼ੁਦਾ ਮਜ਼ਦੂਰੀ ਦੇ ਰੇਟ, ਹਰੇਕ ਲਈ ਸੁਰੱਖਿਅਤ ਅਤੇ ਸਾਜ਼ਗਾਰ ਮਹੌਲ ਨੂੰ ਟੀਚਾ ਮਿੱਥਕੇ ਹੀ ਇੱਕ ਭਲਾਈ (ਵੈਲਫੇਅਰ ਸਟੇਟ)ਰਾਜ ਦਾ ਸੰਕਲਪ ਸਿਰਜਿਆ ਜਾ ਸਕਦਾ ਹੈ। “ਸਿੰਮ੍ਰਿਤ ਸਾਸਤ੍ਰ ਬੇਦ ਸਭੈ ਬਹੁ ਭੇਦ ਕਹੇ ਹਮ ਏਕ ਨਾ ਜਾਨਯੋ” ਦੀ ਤਰਜ਼ ਤੇ ਸਰਬ ਸਾਂਝਾ, ਭੇਦ ਭਾਵ ਰਹਿਤ ਉਦੇਸ਼ਾਂ ਦੀ ਪੂਰਤੀ ਵਾਲੇ ਦੇਸ਼ ਵਿੱਚ ਸਥਾਪਿਤ ਸੰਵਿਧਾਨ ਨੂੰ ਸਰਵ- ਉੱਚਤਾ ਪ੍ਰਦਾਨ ਕਰਕੇ ਹੀ ਜਨਤਾ ਦੇ ਨਜ਼ਰੀਏ ਵਿੱਚ ਸਾਰਥਿਕ ਸੁਧਾਰ ਲਿਆਂਦਾ ਜਾ ਸਕਦਾ ਹੈ। ਸਿਰਫ ਭਰਮਾਕੇ, ਮੀਡੀਆ ਨੂੰ ਖਰੀਦਕੇ ਜਾਂ ਲੁੱਕੇ ਛੁੱਪੇ ਏਜੰਡਿਆਂ ਨਾਲ ਰਾਜ ਭਾਗ ਤੇ ਕਬਜ਼ਾ ਕਰਕੇ ਨਹੀਂ।