• ਉਦਯੋਗਪਤੀ ਪੰਜਾਬ ਸਰਕਾਰ ਦੀਆਂ ਰਿਆਇਤਾਂ ਤੇ ਸੁਖਾਵੇਂ ਮਾਹੌਲ
ਦਾ ਲਾਭ ਲੈਣ-ਵਧੀਕ ਡਿਪਟੀ ਕਮਿਸ਼ਨਰ
ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ) : ਉਦਯੋਗ ਅਤੇ ਕਾਮਰਸ ਵਿਭਾਗ ਵਲੋਂ ‘ਈਜ ਆਫ ਡੂਇੰਗ ਬਿਜਨਸ’ ਵਿਸ਼ੇ ‘ਤੇ ਵਰਕਸ਼ਾਪ ਜਿਲਾ ਪ੍ਰਬੰਧਕੀ ਕਪਲੈਕਸ ਕਪੂਰਥਲਾ ਵਿਖੇ ਕਰਵਾਈ ਗਈ, ਜਿਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਹੁਲ ਚਾਬਾ, ਸੁਖਪਾਲ ਸਿੰਘ, ਜਨਰਲ ਮੈਨੇਜਰ,ਜਿਲਾ ਉਦਯੋਗ ਕੇਂਦਰ, ਕਪੂਰਥਲਾ ਤੋਂ ਇਲਾਵਾ ਜਿਲੇ ਦੇ ਉੱਘੇ ਉਦਯੋਗਪਤੀਆਂ, ਨਿਵੇਸ਼ਕਾਂ ਅਤੇ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਪੂਰਥਲਾ ਜਿਲੇ ਅੰਦਰ ਨਿਵੇਸ਼ਕਾਂ ਲਈ ਸੁਖਾਵਾਂ ਮਾਹੌਲ ਹੈ, ਜਿਸ ਕਰਕੇ ਉਹਨਾਂ ਨੂੰ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਰਿਆਇਤਾਂ ਦਾ ਲਾਹਾ ਲੈ ਕੇ ਵੱਧ ਤੋਂ ਵੱਧ ਨਿਵੇਸ਼ ਕਰਨਾ ਚਾਹੀਦਾ ਹੈ।
ਜਨਰਲ ਮੈਨੇਜਰ ਵਲੋਂ ਦੱਸਿਆ ਗਿਆ ਕਿ ‘ਈਜ ਆਫ ਡੂਇੰਗ’ ਤਹਿਤ ਪੰਜਾਬ ਸਰਕਾਰ ਵਲੋਂ 16 ਵਿਭਾਗਾਂ ਦੀਆਂ 40 ਰੈਗੂਲੇਟਰੀ ਕਲੀਅਰੈਂਸ ਅਤੇ 22 ਸਰਵਿਸਜ ਬਿਜਨਸ ਫਸਟ ਪੋਰਟਲ ਤੇ ਆਨ ਲਾਈਨ ਕਰ ਦਿੱਤੀਆਂ ਗਈਆਂ ਹਨ, ਜਿਸ ਤਹਿਤ ਉਦਯੋਗਪਤੀ/ਬਿਨੈਕਾਰ ਉਕਤ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਜਨਰਲ ਮੈਨੇਜਰ ਵਲੋਂ ਪੰਜਾਬ ਸਰਕਾਰ ਦੀ ਇੰਡਸਟਰੀਅਲ ਐਂਡ ਬਿਜਨਸ ਡਿਵੈਲਪਮੈਂਟ ਪਾਲਿਸੀ 2017 ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਰਾਈਟ ਟੂ ਬਿਜਨਸ ਐਕਟ, 2020 ਲਾਗੂ ਕੀਤਾ ਗਿਆ ਹੈ, ਜਿਸ ਤਹਿਤ ਫੋਕਲ ਪੁਆਇੰਟ ਵਿਖੇ ਇੰਡਸਟਰੀ ਲਗਾਉਣ ਲਈ ਬਿਜਨਸ ਫਸਟ ਪੋਰਟਲ ਤੇ ਅਪਲਾਈ ਕਰਨ ਉਪਰੰਤ 3 ਦਿਨਾਂ ਦੇ ਅੰਦਰ-ਅੰਦਰ ਸਿਧਾਂਤਕ ਮਨਜ਼ੂਰੀ ਦਿੱਤੀ ਜਾਂਦੀ ਹੈ ਅਤੇ ਮਾਸਟਰ ਪਲਾਨ ਤਹਿਤ ਇੰਡਸਟਰੀ ਲਗਾਉਣ ਲਈ ਬਿਜਨਸ ਫਸਟ ਪੋਰਟਲ ‘ਤੇ ਅਪਲਾਈ ਕਰਨ ਉਪਰੰਤ 15 ਦਿਨਾਂ ਦੇ ਅੰਦਰ-ਅੰਦਰ ਸਿਧਾਂਤਕ ਮਨਜ਼ੂਰੀ ਦਿੱਤੀ ਜਾਂਦੀ ਹੈ। ਇਸ ਮੌਕੇ ਉਦਯੋਗਪਤੀਆਂ ਨੇ ਪੰਜਾਬ ਸਰਕਾਰ ਵਲੋਂ ਲਾਗੂ ਕੀਤੇ ‘ਰਾਈਟ ਟੂ ਬਿਜਨਸ ਐਕਟ, 2020 ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਮਾਲ ਸਕੇਲ ਇੰਡਸਟਰੀਜ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਸਰਕਾਰ ਦਾ ਇਹ ਇਕ ਵਧੀਆ ਉਪਰਾਲਾ ਹੈ।
ਬਿਜਨਸ ਫੈਸੀਲੀਟੇਟਰ ਸ੍ਰੀ ਅਭਿਸੇਕ, ਜਿਲਾ ਉਦਯੋਗ ਕੇਂਦਰ, ਕਪੂਰਥਲਾ ਵਲੋਂ ਇੰਡਸਟਰੀ ਵਾਸਤੇ ਸੁਧਾਰਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਕੁਲਦੀਪ ਸਿੰਘ, ਕਾਰਜਕਾਰੀ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਅਮੋਲਕ ਸਿੰਘ, ਜਿਲਾ ਟਾਊਨ ਪਲਾਨਰ, ਗੁਰਜੰਟ ਸਿੰਘ, ਡਿਪਟੀ ਡਾਇਰੈਕਟਰ ਫੈਕਟਰੀ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਆਪਣੇ ਆਪਣੇ ਵਿਭਾਗ ਨਾਲ ਸਬੰਧਤ ਜਾਣਕਾਰੀ ਦਿੱਤੀ ਗਈ। ਵਰਕਸ਼ਾਪ ਵਿੱਚ ਉਦਯੋਗਪਤੀ ਅਨੂਪ ਕੱਲਨ, ਦਵਿੰਦਰ ਪਾਲ ਸਿੰਘ ਰੰਗਾ, ਤਰਲੋਚਨ ਸਿੰਘ ਧਿੰਜਣ, ਮੋਹਨ ਸਿੰਘ ਸੰਘਾ, ਜਗਦੀਪ ਸਿੰਘ ਅਤੇ ਬਲਦੇਵ ਸਿੰਘ ਸ਼ਾਮਿਲ ਸਨ।