ਸਮਾਜ ਵੀਕਲੀ
” ਜਨਮ ਉਪਰੰਤ ਇਨਸਾਨ ਜਮਾਂ ਸਫ਼ੇਦ ਪੰਨਿਆਂ ਵਾਂਗੂੰ ਕੋਰਾ ਹੁੰਦਾ ਏ, ਉਸ ਉੱਪਰ ਮੁੱਢਲਾ ਅੱਖਰ ਉਸਦੇ ਮਾਂ ਬਾਪ ਲਿਖਦੇ ਹਨ,ਫਿਰ ਸਕੂਲ ਦੌਰਾਨ ਉਸਦੇ ਨਕਸ਼ ਨਿਖਾਰ ਜਾਂਦੇ ਹਨ।ਪਰ! ਮੁੱਢਲੀ ਸਿੱਖਿਆ ਦੌਰਾਨ ਇਨਸਾਨ ਹਰ ਉਹ ਕੰਮ ਸਿੱਖ ਸਕਦਾ ਹੈ, ਜਿਸਦੀ ਇੱਛਾ ਉਸਦਾ ਮਨ ਕਰ ਰਿਹਾ ਹੁੰਦਾ ਹੈ।ਪਰ! ਉਸ ਵਿੱਚ ਲਿਖਣ ਦੀ ਕਲਾ ਰੱਬ ਦੀ ਬਖਸ਼ਿਸ਼ ਹੁੰਦੀ ਹੈ।ਮੈਂ ਸਮਝਦਾ ਹਰ ਕੰਮ ਸਿੱਖਿਆ ਜਾ ਸਕਦਾ ਹੈ,ਪਰ! ਲਿਖਣ ਦੀ ਕਲਾ ਉਸਨੂੰ ਰੱਬ ਦੁਆਰਾ ਵਰਦਾਨ ਦੇ ਰੂਪ ਵਿੱਚ ਮਿਲਦੀ ਹੈ।
ਕਹਿੰਦੇ ਹਨ ਕਿ ਜੇ ਰੁੱਖ ਆਪਸ ਵਿੱਚ ਕੀ ਗੱਲਾਂ ਕਰਦੇ ਹਨ, ਇਹ ਸੁਣਨਾ ਹੋਵੇ ਤਾਂ ਰੁੱਖਾਂ ਸਾਵੇਂ ਬਹਿਕੇ ਰੁੱਖਾਂ ਵਰਗਾ ਹੋਣਾ ਪੈਂਦਾ ਹੈ,ਤੇ ਜੇ ਧਰਤੀ ਅੰਬਰ ਦਾ ਸੰਵਾਦ ਸੁਣਨਾ ਹੋਵੇ ਤਾਂ ਧਰਤੀ ‘ਤੇ ਨੰਗੇ ਪੈਰੀਂ ਤੁਰਨਾਂ ਪੈਂਦਾ ਹੈ ਤੇ ਅੰਬਰਾਂ ਨੂੰ ਬਿਨਾਂ ਪਲਕਾਂ ਝਪਕੇ ਨਿਹਾਰਨਾਂ ਪੈਂਦਾ ਹੈ।ਉਵੇਂ ਵੀ ਸ਼ਾਇਰ ਹੋਣ ਲਈ ਇਕ ਜਨਮ ਪੜ੍ਹਨਾ ਪੈਂਦਾ ਹੈ,ਬਾਸ਼ਰਤੇ ਕਿ ਕਵਿਤਾ ਲਿਖਣ ਦੀ ਚਿਣਗ ਤੁਹਾਡੇ ਅੰਦਰ ਮੱਘਦੀ ਹੋਵੇ।
ਤੇ ਇਹ ਚਿਣਗ ਅੱਗ ਦਾ ਰੂਪ ਉਦੋਂ ਹੀ ਲੈ ਸਕਦੀ ਹੈ ਜਦੋਂ ਤੁਸੀਂ ਆਪਣੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਨੂੰ ਪੜ੍ਹਨਾਂ ਸਿੱਖ ਗਏ।ਅਜਿਹੇ ਹੀ ਕੁੱਝ ਲੋਕ ਹਨ ਜਿਨ੍ਹਾਂ ਨੇ ਰੁੱਖਾਂ ਦਾ ਆਪਸੀ ਸੰਵਾਦ ਬੜੀ ਨੇੜਿਓਂ ਸੁਣਿਆ ਹੈ,ਜਿਨ੍ਹਾਂ ਨੇ ਪਿਛਲੇ ਜਨਮ ਦੌਰਾਨ ਸਾਹਿਤ ਦਾ ਡੂੰਘਾ ਅਧਿਐਨ ਕੀਤਾ ਹੈ,ਤੇ ਜੋ ਅੱਜ ਦੇ ਸਮੇਂ ਦੀ ਪਰਪੱਕ ਸ਼ਾਇਰ ਜਾਂ ਸ਼ਾਇਰਾਂ ਹਨ। ਜਿਨ੍ਹਾਂ ਵਿੱਚੋਂ ਇੱਕ ਹੈ ‘ਤਰਵਿੰਦਰ ਕੌਰ ਝੰਡੋਕ ਲੁਧਿਆਣਵੀ’ ।ਜਿਸਦੀ ਕਲਮ ਨੇ ਧਰਤੀ ਤੋਂ ਅੰਬਰਾਂ ਤੱਕ ਉਡਾਨ ਭਰੀ,ਜਿਸਦੇ ਲਿਖੇ ਹਰਫ਼ ਹਵਾਵਾਂ ਵਿੱਚ ਉੱਕਰੇ ਹਨ।
‘ਉਹ ਕਿਹੜੀ ਗਲ਼ੀ, ਜਿੱਥੇ ਭਾਗੋ ਨਹੀਂ ਖਲੀ’ ਵਾਲੀ ਅਖਾਣ ਸਾਹਿਤਕ ਖੇਤਰ ਵਿਚ ਖ਼ੂਬ ਫੱਬਦੀ ਹੈ, ਸਾਹਿਤਕ ਤੇ ਸੱਭਿਆਚਾਰਕ ਹਲਕਿਆਂ ਦੀ ਜਾਣੀ-ਪਛਾਣੀ ਮੁਟਿਆਰ ਤਰਵਿੰਦਰ ਕੌਰ ਝੰਡੋਕ ਲੁਧਿਆਣਵੀ ਉਤੇ। ਅਕਸਰ ਹੀ ਇਸ ਮੁਟਿਆਰ ਦੀਆਂ ਮਿਆਰੀ, ਅਗਾਂਹ-ਵਧੂ ਤੇ ਸੇਧਆਤਮਕ ਰਚਨਾਵਾਂ ਬਿਨਾ ਨਾਗਾ ਫੇਸਬੁੱਕ ਤੇ ਵਟਸਐਪ ਦੇ ਗਰੁੱਪਾਂ ਵਿੱਚ ਅਤੇ ਦੇਸ਼-ਵਿਦੇਸ਼ ਦੇ ਵੱਖ-ਵੱਖ ਅਖਬਾਰਾਂ ਤੇ ਮੈਗਜ਼ੀਨਾਂ ਵਿਚ ਰੋਜ਼ਾਨਾ ਪੜਨ ਨੂੰ ਮਿਲ ਜਾਂਦੀਆਂ ਹਨ।
ਲੁਧਿਆਣਾ ਸ਼ਹਿਰ ਵਿਚ ਪਿਤਾ ਸ. ਅਮਰਜੀਤ ਸਿੰਘ ਅਤੇ ਮਾਤਾ ਸਰਦਾਰਨੀ ਤਰਨਜੀਤ ਕੌਰ ਜੀ ਦੇ ਗ੍ਰਹਿ ਨੂੰ ਰੁਸ਼ਨਾਉਣ ਵਾਲੀ ਤਰਵਿੰਦਰ ਨੇ ਮੁਢੱਲੀ ਵਿੱਦਿਆ ਸਰਗੋਧਾ ਖਾਲਸਾ ਕੋ-ਐਜੂਕੇਸ਼ਨ ਹਾਈ ਸਕੂਲ, ਲੁਧਿਆਣਾ ਤੋਂ ਅਤੇ ਸਰਗੋਧਾ ਖਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਲੁਧਿਆਣਾ ਤੋਂ ਹਾਸਿਲ ਕੀਤੀ। ਇਸ ਤੋਂ ਉਪਰੰਤ ਬੀ. ਏ. ਤੇ ਐਮ. ਏ. (ਪੰਜਾਬੀ) ਦੀ ਡਿਗਰੀ ਸਰਕਾਰੀ ਕਾਲਜ ਲੜਕੀਆਂ, ਲੁਧਿਆਣੇ ਤੋਂ ਅਤੇ ਬੀ. ਐਡ ਦੀ ਡਿਗਰੀ ਬੀ. ਸੀ. ਐਮ. ਕਾਲਜ ਤੋਂ ਹਾਸਿਲ ਕੀਤੀ। ਸੂਰਤ ਤੇ ਸੀਰਤ ਦੇ ਸੁਮੇਲ ਤਰਵਿੰਦਰ ਨੇ ਇਕ ਮੁਲਾਕਾਤ ਦੌਰਾਨ ਦੱਸਿਆ ਕਿ ਐਮ. ਏ. (ਪੰਜਾਬੀ) ਅਤੇ ਬੀ .ਐਡ ਦੀ ਵਿੱਦਿਆ ਹਾਸਲ ਕਰਨ ਵਿਚ ਉਹ ਕਾਲਜ -ਟਾਪਰ ਰਹਿ ਚੁੱਕੀ ਹੈ।
ਤਰਵਿੰਦਰ ਬਚਪਨ ਤੋਂ ਹੀ ਸ਼ਾਇਰ ਨਹੀਂ ਸੀ,ਕਹਿੰਦੇ ਹਨ ਕਿ ਸ਼ਾਇਰ,ਕਵੀ ਕੁਦਰਤ ਵਿਚੋਂ ਹੀ ਜਨਮ ਲੈਂਦੇ ਹਨ,ਇਹ ਕੁਦਰਤ ਆਪਣੀ ਬੋਲੀ ਇਨ੍ਹਾਂ ਕਵਿਤਾਵਾਂ ਰਾਹੀਂ ਦੁਨੀਆ ਅੱਗੇ ਪੇਸ਼ ਕਰਦੀ ਹੈ ਜਿਸਨੂੰ ਦਰਸਾਉਣ ਦਾ ਸਾਧਨ ਇਹ ਕਵੀ ਬਣਦੇ ਹਨ। ਪਿਛਲੇ ਸਾਲ ਕਰੋਨਾ ਕਾਲ ਦੌਰਾਨ ਤਰਵਿੰਦਰ ਨੂੰ ਕੁਦਰਤ ਦੇ ਨੇੜੇ ਹੋਣ ਦਾ ਮੌਕਾ ਮਿਲਿਆ,ਉਸਨੇ ਰੱਜਕੇ ਰੁੱਖਾਂ ਦੀ ਬੋਲੀ ਸੁਣੀ,ਧਰਤੀ ਨਾਲ ਸੰਵਾਦ ਕੀਤਾ ਤੇ ਅੰਬਰਾਂ ਦੀ ਜਗਮਗ ਨੂੰ ਨਿਹਾਰਿਆ ।ਇਸੇ ਸੰਵਾਦ ਨੂੰ ਉਸਨੇ ਉਂਗਲਾਂ ਰਾਹੀਂ ਹਵਾ ਵਿੱਚ ਲਿਖਣਾ ਸ਼ੁਰੂ ਕੀਤਾ।ਤੇ ਅੰਬਰ ਤੇ ਵਾਹੀਆਂ ਇਹ ਲੀਕਾਂ ਸਥਾਪਿਤ ਕਵਿਤਾਵਾਂ ਵੱਜੋਂ ਸ਼ਾਮਿਲ ਹੋਈਆਂ।ਤੇ ਤਰਵਿੰਦਰ ਝੰਡੋਕ ਦੀਆਂ ਲਿਖੀਆਂ ਕਵਿਤਾਵਾਂ ਜਿਆਦਾਤਰ ਕੁਦਰਤ ਬਾਰੇ ਹੀ ਹੁੰਦੀਆਂ ਹਨ।
ਲੁਧਿਆਣਾ ਦੇ ‘ਨਿਊ ਐਸ. ਐਮ. ਡੀ. ਸਕੂਲ’ ਅਤੇ ‘ਰੈਡ ਰੋਜ ਸਕੂਲ’ ਵਿਚ ਅਧਿਆਪਕਾ ਦਾ ਕਿੱਤਾ ਕਰ ਚੁੱਕੀ ਤਰਵਿੰਦਰ ਕੌਰ ਹੁਣ ਨ. ਮੋ. ਵਿ. ਮਿ., ਲੁਧਿਆਣਾ ਜਿਲਾ ਦੀ ਪਹਿਲੀ ਮਹਿਲਾ ਪ੍ਰਧਾਨ ਹੋਣ ਦੇ ਨਾਲ-ਨਾਲ ਸਮਾਜ-ਸੇਵਿਕਾ ਵੀ ਹੈ। ਪ੍ਰਭੂ-ਭਗਤੀ ਵਿਚ ਅਟੁੱਟ ਵਿਸ਼ਵਾਸ ਤੇ ਵਾਹਿਗੁਰੂ ਨਾਲ ਡੂੰਘੀ ਪ੍ਰੀਤ ਰੱਖਦੀ ਹੈ ਉਹ।
ਗੁਰਬਾਣੀ ਦੇ ਪਵਿੱਤਰ ਸ਼ਬਦ ‘ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤੁ ਮਹਤ’ ਨੂੰ ਅਹਿਮ ਮੰਨਦਿਆਂ ਕੁਦਰਤ ਨਾਲ ਗੱਲਾਂ ਕਰਦੀ ਤਰਵਿੰਦਰ ਇਸ ਕੁਦਰਤ,ਧਰਤੀ ਨਾਲ ਗੱਲਾਂ ਕਰਦੀ ਲਿਖਦੀ ਹੈ ਕਿ ….
ਧਰਤੀ ਖੁੱਲੇ ਅਸਮਾਨ,
ਧਰਤੀ ਵਿਸ਼ਾਲ ਮੈਦਾਨ,
ਧਰਤੀ ਰੁੱਖ —- ਬਹਾਰ,
ਧਰਤੀ ਫੁੱਲਾਂ ਦੀ ਕਤਾਰ
ਧਰਤੀ ਪਿਉ –ਪਰਛਾਵਾਂ,
ਧਰਤੀ ਸ਼ੀਤ —-ਹਵਾਵਾਂ,
ਧਰਤੀ ਠਰਦਾ – ਸਾਗਰ,
ਧਰਤੀ ਤਪਸ਼ ਦੀ ਗਾਗਰ,
ਧਰਤੀ ਪਿਆਰ ਬਰਸਾਤ,
ਧਰਤੀ ਹੀਰਾ ਜਵਾਹਰਾਤ,
ਧਰਤੀ ਸੁ ——– ਪ੍ਰਭਾਤ,
ਧਰਤੀ ਬਾਝੋਂ ਨਾ”ਤਰਵਿੰਦਰ”
ਸਾਡੀ ਪੂਰੀ ਕਾਇਨਾਤ ||
ਉਸਦੀ ਲਿਖੀ ਲਹਿਰਾਂ ਬਹਿਰਾਂ ਵਿੱਚ ਨਿਯਮਿਤ ਇਹ ਕਵਿਤਾ ਧਰਤੀ ਦੀ ਮਹਾਨਤਾ ਨੂੰ ਦਰਸਾਉਂਦੀ ਇਸਦੇ ਅਨਮੋਲ ਹੋਣ ਦੀ ਗੱਲ ਕਰਦੀ ਹੈ ਤੇ ਸਾਨੂੰ ਇੱਕ ਸੁਨੇਹਾ ਦੇਕੇ ਜਾਂਦੀ ਹੈ ਕਿ ਕੁਦਰਤੀ ਅਨਮੋਲ ਹੈ,ਇਸ ਨਾਲ ਛੇੜ ਛਾੜ ਮਨੁੱਖੀ ਹੋਂਦ ਲਈ ਖਤਰਾ ਹੈ।
. . .. ਸਾਹਿਤਕ ਖੇਤਰ ਵਿਚ, ‘ਨਵੀਆਂ ਪੈੜਾਂ’ , ‘ਅਹਿਸਾਸਾਂ ਦੀ ਸਾਂਝ’, ‘ਉਲਫ਼ਤ’, ‘ਮਿੱਟੀ ਦੇ ਬੋਲ’ (ਕਿਰਸਾਨੀ ਸੰਘਰਸ਼ ’ਤੇ ਅਧਾਰਿਤ), ‘ਜਗਦੇ ਦੀਵੇ’, ‘ਸੋ ਕਿਓਂ ਮੰਦਾ ਆਖੀਐ’ (ਸ੍ਰੀ ਗੁਰੂ ਨਾਨਕ ਦੇਵ ਜੀ ’ਤੇ ਆਧਾਰਿਤ) ਆਦਿ ਕਾਵਿ-ਸੰਗ੍ਰਹਿਾਂ ਵਿਚ ਕਲਮੀ ਹਾਜ਼ਰੀਆਂ ਭਰਨ ਵਾਲੀ ਤਰਵਿੰਦਰ ਨੇ ‘ਗਾਉਂਦੀਆਂ ਕਲਮਾਂ’, ਅਤੇ ‘ਨਕਸ਼ ਮੇਰੇ ਜ਼ਜਬਾਤਾਂ ਦੇ’ ਕਾਵਿ-ਸੰਗ੍ਰਹਿਾਂ ਵਿਚ ਨਾ-ਸਿਰਫ ਕਲਮੀ ਹਾਜ਼ਰੀਆਂ ਹੀ ਭਰੀਆਂ, ਬਲਕਿ ਇਨਾਂ ਦੀ ਸੰਪਾਦਨਾ ਵੀ ਉਸਦੇ ਹਿੱਸੇ ਹੀ ਆਈ ਹੈ। ਇਹ ਦੋ ਕਾਵਿ-ਸੰਗ੍ਰਹਿ ਜਲਦ ਹੀ ਸਰੋਤਿਆਂ ਦੇ ਹੱਥਾਂ ਵਿਚ ਆਉਣ ਵਾਲੇ ਹਨ। ਇਸਤੋਂ ਇਲਾਵਾ ਆ ਰਹੇ ਕਾਵਿ-ਸੰਗ੍ਰਹਿ, ‘ਸੁੱਚੇ ਮੋਤੀ’ (ਸੰਪਾਦਕ ਪਰਵੀਨ ਗਰਗ) ਅਤੇ ‘ਵਿਹੜੇ ਦੀਆਂ ਰੌਣਕਾਂ’ (ਸੰਪਾਦਕ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ) ਵਿਚ ਵੀ ਜਲਦੀ ਹੀ ਪੜਨ ਨੂੰ ਮਿਲੇਗੀ।
ਉਹ ਅਖ਼ਬਾਰੀ ਖੇਤਰ ਵਿੱਚ ਪੰਜਾਬ ਟਾਈਮਜ਼, ਪੰਜਾਬੀ ਟ੍ਰਿਬਿਊਨ,canada ipt news , ਕੈਨੇਡੀਅਨ ਪੰਜਾਬ ਟਾਈਮਜ਼, ਦੇਸ਼ ਦੁਆਬਾ, ਪ੍ਰੀਤਨਾਮਾ, ਲਿਸ਼ਕਾਰਾ ਟਾਈਮਜ਼, ਕਾਵਿ ਸਾਂਝਾਂ, ਨਿਰਪੱਖ ਕਲਮ, ਚੜਦੀ ਕਲਾ, ਲੋਕ ਅਵਾਜ਼, ਜਨਤਾ ਦੀ ਅਵਾਜ਼, ਪੰਜਾਬ ਨਿਊਜ਼, ਪੰਜਾਬ ਟਾਈਮਜ਼, ਵਰਲਡ ਪੰਜਾਬੀ ਟਾਈਮਜ਼, ਗੋਲਡ ਸਟਾਰ, ਵਰਲਡ ਪੀਸ ਮਿਸ਼ਨ, ਐਟੀ ਕੁਰੱਪਸ਼ਨ, ਆਜ਼ਾਦ ਸੋਚ, ਵਿਰਾਸਤ, ਸੱਚੀ ਖਬਰ, ਸਾਂਝ, ਸਾਂਝ ਸਵੇਰਾ ਅਤੇ ਸਰਗਰਮ ਨਿਓਜ਼ ਆਦਿ ਪੇਪਰਾਂ ਤੋਂ ਇਲਾਵਾ ਲਾਈਵ ਪ੍ਰੋਗਰਾਮਾਂ ਵਿਚ ਵੀ ਖ਼ੂਬ ਸਰਗਰਮੀ ਨਾਲ ਉਡਾਣਾ ਭਰ ਰਹੀ ਹੈ, ਉਹ।
ਸੋਸ਼ਲ ਮੀਡੀਆ ਦੇ ‘ਪੁੰਗਰਦੇ ਹਰਫ਼ ਵਿਸ਼ਵ ਕਾਵਿ-ਮਹਿਫ਼ਲ ਗਰੁੱਪ’ ਵਿਚ “ਪ੍ਰੈਸ ਸਕੱਤਰ”, “ੲਿੰਟਰਨੈਸ਼ਨਲ ਸਰਬ ਸਾਂਝਾ” ਦਰਬਾਰ ਦੀ “ਸਲਾਹਕਾਰ” ਇਹ ਮੁਟਿਆਰ ਆਰ. ਆਰ. ਰੇਡੀਓ ਸਵਰਗੰਗਾ (ਮੁਕਾਬਲੇ ਵਿਚ ਤੀਜਾ ਸਥਾਨ ਹਾਸਲ ਕਰਨ ਤੇ), ( ਗੁਰੂ “ਨਾਨਕ ਭਵਨ”, “ਪੰਜਾਬੀ ਭਵਨ” ਲੁਧਿਆਣਾ ਵਿਸ਼ੇਸ਼ ਸਨਮਾਨ ਹਾਸਲ) ਪੰਜਾਬੀ ਸੱਥ ਮੈਲਬੌਰਨ ਵੈਕਟੋਰੀਆ (ਆਸਟਰੇਲੀਆ) ਅਤੇ ਪਰਮਦੀਪ ਸਿੰਘ ਵੈਲਫੇਅਰ ਸੁਸਾਇਟੀ ਲੁਧਿਆਣਾ, ਇਸਤਰੀ ਲਿਖਾਰੀ ਮੰਚ, ਕਲਮਾਂ ਦਾ ਕਾਫ਼ਲਾ, ਆਦਿ ਅਨੇਕਾਂ ਸੰਸਥਾਵਾਂ ਤੋਂ ਮਾਨ-ਸਨਮਾਨ ਹਾਸਲ ਕਰ ਚੁੱਕੀ ਹੈ।
ਪੰਜਾਬੀ ਸਾਹਿਤ ਨੂੰ ਸਮਰਪਿਤ ਇਸ ਸੰਘਰਸ਼ਸ਼ੀਲ ਮੁਟਿਆਰ ਤੋਂ ਸਾਹਿਤ ਤੇ ਸੱਭਿਆਚਾਰ ਨੂੰ ਅਸੀਮ ਆਸਾਂ-ਉਮੀਦਾਂ ਤੇ ਸੰਭਾਵਨਾਵਾਂ ਹਨ।ਉਸ ਦੁਆਰਾ ਅਕਸਰ ਹੀ ਇਸ ਗੰਧਲੇ ਸਿਸਟਮ ਨੂੰ ਵੰਗਾਰਿਆ ਜਾਂਦਾ ਰਿਹਾ ਹੈ,ਅਕਸਰ ਹੀ ਤਰਵਿੰਦਰ ਦੀਆਂ ਲਿਖੀਆਂ ਕਵਿਤਾਵਾਂ ਸਾਡੀ ਸਿਆਸਤ,ਗੰਧਲੇ ਹੋ ਚੁੱਕੇ ਸਿਸਟਮ,ਭ੍ਰਿਸ਼ਟਾਚਾਰ ਆਦਿ ਦੀ ਗੱਲ ਕਰਦੀਆਂ ਹਨ।ਦਰਅਸਲ ਉਸ ਦੁਆਰਾ ਸਮੇਂ ਸਮੇਂ ਉੱਪਰ ਜੁਝਾਰੂ ਕਵੀ-ਕਵਿੱਤਰੀਆਂ ਵਾਂਗ ਇਸ ਸਿਸਟਮ ਨੂੰ ਸ਼ੀਸ਼ਾ ਦਿਖਾਕੇ ਵੰਗਾਰਿਆ ਜਾਂਦਾ ਹੈ… ਇਸ ਸੰਬੰਧ ਵਿੱਚ ਉਹ ਲਿਖਦੀ ਹੈ ਕਿ…
ਸਮਾਂ ਲੰਘਦਾ ਗਿਆ,
ਦਿਲ ਵਲੂੰਧਰ ਦਾ ਰਿਹਾ,
ਧੜਕਣ ਨਾਸਾਜ਼ ਜਿਹੀ,
ਰੋਸ਼ਨੀ ਦੀ ਤਾਂਘ ਵਾਂਗੂੰ,
ਦੀਵਾਂ ਤੇਲ ਬਿਨਾਂ ਹੀ,
ਝੱਟ ਬੁੱਝਦਾ ਗਿਆ |
ਰੋਕ ਲਵੋ ਹਨੇਰੇ ਨੂੰ,
ਅਗਿਆਨਤਾ ਦੇ ਪਏ,
ਪਸਾਰੇ ਖਿਲਾਰੇ ਨੂੰ ,
ਵਿੱਦਿਅਾ ਦਾ ਤੁਸੀਂ,
ਭਰਪੂਰ ਪਾਸਾਰ ਕਰੋ,
ਐਵੇ ਨਾ ਅਜਿਹੇ ਝੂਠੇ ,
ਰੋਸ਼ਨ ਚਿਰਾਗ ਕਰੋ,
ਗੱਲੀ ਬਾਤੀ ਦੁਨੀਆਂ,
ਛੱਡ ਹੁਨਰਾਂ ਦੀ ਵੱਖਰੀ,
“ਤਰਵਿੰਦਰ”ਪਹਿਚਾਣ ਕਰੋ,
ਜੀ ਰੋਸ਼ਨ ਚਿਰਾਗ ਕਰੋ ||
ਰੱਬ ਕਰੇ ! ਉਚੇਰੀਆਂ ਕਲਮੀ ਉਡਾਣਾ ਭਰਦਿਆਂ ਸ਼ੁਹਰਤਾਂ ਅਤੇ ਮਾਨ-ਸਨਮਾਨ ਖੱਟਦੀ ਰਵੇ ਇਹ ਮੁਟਿਆਰ ।।।”
ਸੰਪਰਕ:-9814880392
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly