ਜਲੰਧਰ (ਸਮਾਜ ਵੀਕਲੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਕੋਲੋਂ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਫੇਮਾ ਕੇਸ ਦੇ ਸਬੰਧ ਵਿਚ ਅੱਜ ਛੇ ਘੰਟੇ ਪੁੱਛਗਿਛ ਕੀਤੀ ਗਈ। ਉਹ ਅੱਜ ਸਵੇਰੇ 11.05 ਵਜੇ ਈਡੀ ਦਫ਼ਤਰ ਅੰਦਰ ਗਏ ਤੇ ਸ਼ਾਮ 4.55 ਵਜੇ ਬਾਹਰ ਆਏ। ਇਸ ਤੋਂ ਪਹਿਲਾਂ ਵੀ ਰਣਇੰਦਰ ਸਿੰਘ ਨੂੰ ਈਡੀ ਨੇ ਦੋ ਵਾਰ ਸੰਮਨ ਕੀਤਾ ਸੀ ਪਰ ਉਦੋਂ ਉਹ ਵੱਖ-ਵੱਖ ਕਾਰਨਾਂ ਕਰ ਕੇ ਹਾਜ਼ਰ ਨਹੀਂ ਹੋਏ ਸਨ।
ਈਡੀ ਦਫ਼ਤਰ ’ਚੋਂ ਬਾਹਰ ਆ ਕੇ ਮੀਡੀਆ ਨਾਲ ਗੱਲਬਾਤ ਦੌਰਾਨ ਰਣਇੰਦਰ ਨੇ ਕਿਹਾ ਕਿ ਉਹ ਕਾਨੂੰਨ ਦੀ ਪਾਲਣਾ ਕਰਨ ਵਾਲੇ ਨਾਗਰਿਕ ਹਨ ਅਤੇ ਈਡੀ ਦਫਤਰ ਵੱਲੋਂ ਜਦੋਂ ਵੀ ਉਨ੍ਹਾਂ ਨੂੰ ਸੱਦਿਆ ਜਾਵੇਗਾ, ਉਹ ਹਾਜ਼ਰ ਹੋਣਗੇ। ਉਨ੍ਹਾਂ ਦਾਅਵਾ ਕੀਤਾ ਕਿ ਇਸ ਕੇਸ ਵਿੱਚ ਛੁਪਾਉਣ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਦੇ ਨਾਲ ਐਡਵੋਕੇਟ ਜੈਵੀਰ ਸ਼ੇਰਗਿੱਲ ਅਤੇ ਪਨਸਪ ਦੇ ਚੇਅਰਮੈਨ ਤੇਜਿੰਦਰ ਸਿੰਘ ਬਿੱਟੂ ਵੀ ਈਡੀ ਦਫ਼ਤਰ ਪਹੁੰਚੇ। ਜ਼ਿਕਰਯੋਗ ਹੈ ਕਿ ਰਣਇੰਦਰ ਸਿੰਘ ’ਤੇ ਫੇਮਾ ਕਾਨੂੰਨ ਦੀ ਉਲੰਘਣਾ ਦਾ ਮਾਮਲਾ ਚੱਲ ਰਿਹਾ ਹੈ। ਉਹ ਈਡੀ ਸਾਹਮਣੇ ਚਾਰ ਸਾਲ ਪਹਿਲਾਂ 21 ਜੁਲਾਈ 2016 ਨੂੰ ਵੀ ਪੇਸ਼ ਹੋਏ ਸਨ।
ਉਦੋਂ ਉਨ੍ਹਾਂ ਕੋਲੋਂ ਸਵਿਟਜ਼ਰਲੈਂਡ ਵਿੱਚ ਫੰਡਾਂ ਦੇ ਲੈਣ-ਦੇਣ, ਜਕਰਾਂਦਾ ਟਰੱਸਟ ਬਣਾਉਣ, ਬ੍ਰਿਟਿਸ਼ ਵਰਜ਼ਨ ਆਈਲੈਂਡ ਅਤੇ ਕੁਝ ਕਾਰੋਬਾਰੀ ਸੰਸਥਾਵਾਂ ਵਿੱਚ ਮਾਲਕੀ ਤੇ ਹਿੱਸੇਦਾਰੀ ਹੋਣ ਬਾਰੇ ਪੁੱਛਗਿਛ ਕੀਤੀ ਗਈ ਸੀ। ਰਣਇੰਦਰ ਸਿੰਘ ਨੂੰ ਪਿਛਲੇ ਮਹੀਨੇ 27 ਅਕਤੂਬਰ ਨੂੰ ਸੰਮਨ ਕੀਤਾ ਗਿਆ ਸੀ ਪਰ ਉਦੋਂ ਉਨ੍ਹਾਂ ਦੇ ਵਕੀਲ ਅਤੇ ਕਾਂਗਰਸ ਦੇ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਈਡੀ ਨੂੰ ਸੂਚਿਤ ਕੀਤਾ ਸੀ ਕਿ ਉਨ੍ਹਾਂ ਦੇ ਮੁਵੱਕਿਲ ਨੇ ਓਲੰਪਿਕ ਖੇਡਾਂ 2021 ਦੇ ਸਬੰਧ ਵਿੱਚ ਸੰਸਦੀ ਸਥਾਈ ਕਮੇਟੀ ਦੀ ਮੀਟਿੰਗ ਵਿਚ ਸ਼ਾਮਲ ਹੋਣਾ ਹੈ। ਉਪਰੰਤ ਈਡੀ ਵੱਲੋਂ ਰਣਇੰਦਰ ਨੂੰ 6 ਨਵੰਬਰ ਨੂੰ ਪੇਸ਼ ਹੋਣ ਲਈ ਮੁੜ ਸੰਮਨ ਜਾਰੀ ਕੀਤੇ ਗਏ ਸਨ ਪਰ ਉਨ੍ਹਾਂ ਦੇ ਵਕੀਲ ਨੇ ਇਕ ਵੀਡੀਓ ਜਾਰੀ ਕਰ ਕੇ ਕਿਹਾ ਸੀ ਕਿ ਰਣਇੰਦਰ ਸਿੰਘ ਨੂੰ ਜ਼ੁਕਾਮ ਹੈ ਅਤੇ ਉਨ੍ਹਾਂ ਦਾ ਉਦੋਂ ਕੋਵਿਡ ਟੈਸਟ ਵੀ ਕਰਵਾਇਆ ਗਿਆ ਸੀ। ਡਾਕਟਰਾਂ ਨੇ ਰਣਇੰਦਰ ਨੂੰ ਇਕਾਂਤਵਾਸ ਰਹਿਣ ਦੀ ਸਲਾਹ ਦਿੱਤੀ ਸੀ।