ਜਨਤਾ ਦਾ ਪੈਸਾ ਭ੍ਰਿਸ਼ਟਾਚਾਰ ਦੀ ਭੇਂਟ ਨਾ ਚੜ੍ਹ ਜਾਵੇ – ਗੁਰਵਿੰਦਰ ਸੋਖਲ
ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਨੂਰਮਹਿਲ ਵਿਖੇ ਮੁਹੱਲਾ ਜਲੰਧਰੀ ਗੇਟ ਵਾਲੀ ਸੜਕ ਬੀਤੇ ਚਾਰ ਸਾਲਾ ਤੋਂ ਲੋਕਾਂ ਲਈ ਸਿਰਦਰਦੀ ਬਣੀ ਹੋਈ ਹੈ। ਬਹੁਤ ਸਾਰੇ ਰਾਹਗੀਰ ਜਿਨ੍ਹਾਂ ਵਿੱਚ ਸਕੂਲੀ ਬੱਚੇ, ਬਜ਼ੁਰਗ, ਖੁਦ ਨਗਰ ਕੌਂਸਲਰ ਅਤੇ ਹੋਰ ਰਾਹਗੀਰ ਸੱਟਾਂ ਆਦਿ ਦੇ ਸ਼ਿਕਾਰ ਬਣ ਚੁੱਕੇ ਹਨ। ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਇਸ ਟੁੱਟੀ ਹੋਈ ਸੀਮੈਂਟਡ ਸੜਕ ਨੂੰ ਬਣਾਉਣ ਲਈ ਕਈ ਸੰਘਰਸ਼ ਕੀਤੇ, ਅਖੀਰ ਕੀਤੇ ਹੋਏ ਸੰਘਰਸ਼ ਨੂੰ ਉਸ ਵਕਤ ਬੂਰ ਪਿਆ ਜਦੋਂ ਇਸ ਸਾਲ ਜਨਵਰੀ ਮਹੀਨੇ ਵਿੱਚ ਈ.ਓ ਰਣਦੀਪ ਸਿੰਘ ਵੜੈਚ ਦੀ ਰਹਿੰਨੁਮਾਈ ਹੇਠ ਸੀਮੈਂਟਡ ਸੜਕ ਉੱਪਰ ਇੰਟਰਲਾਕ ਟਾਇਲ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ।
ਲੋਕਾਂ ਨੇ ਅਜੇ ਸੁੱਖ ਦਾ ਸਾਹ ਲੈਣਾ ਹੀ ਸੀ ਕਿ ਹੁਸ਼ਿਆਰਪੁਰ ਦੇ ਇੱਕ ਠੇਕੇਦਾਰ ਨੇ ਆਪਣੀ ਮਨਮਰਜ਼ੀ ਕੀਤੀ ਅਤੇ ਅਤਿਅੰਤ ਘਟੀਆ ਕਿਸਮ ਦਾ ਕੰਮ ਕੀਤਾ ਜਿਸਦਾ ਫ਼ਿਰ ਨੰਬਰਦਾਰ ਅਸ਼ੋਕ ਸੰਧੂ ਅਤੇ ਉਹਨਾਂ ਦੇ ਸਾਥੀਆਂ ਨੇ ਘਟੀਆ ਕੰਮ ਦਾ ਸਖ਼ਤ ਵਿਰੋਧ ਕੀਤਾ ਅਤੇ ਈ.ਓ ਨੂਰਮਹਿਲ ਰਣਦੀਪ ਸਿੰਘ ਵੜੈਚ ਨੇ ਦੁਆਰਾ ਇੰਟਰਲਾਕ ਲਗਾਉਣ ਦੇ ਆਦੇਸ਼ ਜਾਰੀ ਕੀਤੇ ਪਰ ਠੇਕੇਦਾਰ ਨੇ ਆਦੇਸ਼ਾਂ ਨੂੰ ਦਰਕਿਨਾਰ ਕਰਦੇ ਹੋਏ ਘਟੀਆ ਕਿਸਮ ਦਾ ਹੀ ਕੰਮ ਨੇਪੜੇ ਚਾੜਿਆ। ਹਾਲ ਇਹ ਹੈ ਕਿ ਸੀਵਰੇਜ ਦਾ ਮੈਨਹੋਲ 15 ਦਿਨਾਂ ਤੋਂ ਇੱਕ ਫੁੱਟ ਥੱਲੇ ਧੱਸ ਗਿਆ ਹੈ। ਸੀਤਾ ਰਾਮ ਮੰਦਰ ਮੁਹਰੇ ਪਾਣੀ ਖੜਨ ਲੱਗ ਪਿਆ ਹੈ। ਇੰਟਰਲਾਕ ਟਾਇਲਾਂ ਉੱਚੀਆਂ-ਨੀਵੀਆਂ ਹੋਣ ਕਾਰਣ ਲੋਕਾਂ ਦਾ ਚੱਲਣਾ ਮੁਸ਼ਕਿਲ ਹੋਇਆ ਪਿਆ ਹੈ।
ਇਸ ਘਟੀਆ ਕਿਸਮ ਦੇ ਹੋਏ ਕੰਮ ਦਾ ਸਖ਼ਤ ਨੋਟਿਸ ਲੈਂਦਿਆਂ ਲੋਕਾਂ ਨੇ ਨੰਬਰਦਾਰ ਅਸ਼ੋਕ ਸੰਧੂ ਪਾਸ ਫ਼ਿਰ ਗੁਹਾਰ ਲਗਾਈ ਜਿਨ੍ਹਾਂ ਨੇ ਮੌਕਾ ਦੇਖ ਕੇ ਨਗਰ ਕੌਂਸਲ ਨੂਰਮਹਿਲ ਨੂੰ ਚੱਜ ਨਾਲ ਕੰਮ ਕਰਨ ਲਈ ਕਿਹਾ। ਮੌਕਾ ਪਰ ਮੌਜੂਦ ਨੌਜਵਾਨ ਗੁਰਵਿੰਦਰ ਸੋਖਲ ਨੇ ਕਿਹਾ ਕਿ ਨਗਰ ਕੌਂਸਲ ਠੇਕੇਦਾਰ ਖਿਲਾਫ਼ ਸਖਤ ਕਾਰਵਾਈ ਕਰੇ, ਕਿਤੇ ਅਜਿਹਾ ਨਾ ਹੋਵੇ ਕਿ ਜਨਤਾ ਦਾ ਪੈਸਾ ਭ੍ਰਿਸ਼ਟਾਚਾਰ ਦੀ ਭੇਂਟ ਚੜ੍ਹ ਜਾਵੇ। ਇਸ ਮੌਕੇ ਲਾਇਨ ਬਬਿਤਾ ਸੰਧੂ, ਸ਼੍ਰੀਮਤੀ ਪਿਆਰੋ, ਲਾਇਨ ਦਿਨਕਰ ਸੰਧੂ, ਸ਼੍ਰੀਮਤੀ ਨਿਰਮਲ ਕੌਰ ਕੁੰਦੀ, ਪੰਡਿਤ ਵਿਜੇ ਕੁਮਾਰ, ਹਰਕਮਲ ਸਿੰਘ ਕੁੰਦੀ, ਮੰਗਾ ਟੇਲਰ, ਗੁਰਪ੍ਰੀਤ ਸਿੰਘ ਅਤੇ ਹੋਰ ਪਤਵੰਤਿਆਂ ਨੇ ਨਗਰ ਕੌਂਸਲ ਨੂਰਮਹਿਲ ਨੂੰ ਕਿਹਾ ਕਿ ਜਲਦ ਹੀ ਮੈਨਹੋਲ ਠੀਕ ਕੀਤਾ ਜਾਵੇ। ਉੱਚੀਆਂ-ਨੀਵੀਆਂ ਅਤੇ ਘਟੀਆ ਕਿਸਮ ਦੀਆਂ ਟਾਇਲਾਂ ਨੂੰ ਬਦਲਿਆ ਜਾਵੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly