ਇੰਟਰਨੈੱਟ ਦੀ ਦੁਨੀਆ ਦੀਆਂ ਕੁੱਝ ਵਿਲੱਖਣ ਜਾਣਕਾਰੀ ਭਰਪੂਰ ਵੈੱਬ ਸਾਈਟਸ

ਜਗਜੀਤ ਸਿੰਘ ਗਣੇਸ਼ਪੁਰ,

 ਇੰਟਰਨੈੱਟ ਦੀ ਰੋਚਕ ਅਤੇ ਜਾਣਕਾਰੀ ਭਰਪੂਰ ਦੁਨੀਆ ਵਿੱਚ ਇਕ ਸਰਵੇ ਮੁਤਾਬਿਕ 100 ਕਰੋੜ ਤੋਂ ਵੀ ਵੱਧ ਵੈੱਬਸਾਈਟਾਂ ਮੌਜੂਦ ਹਨ। ਇਹ ਵੈੱਬ ਸਾਈਟਸ ਵੱਖ ਵੱਖ ਵੈੱਬਸਾਈਟ ਜਿਵੇਂ ਸਿੱਖਿਆ, ਸਿਹਤ, ਧਰਮ, ਵਪਾਰ, ਵਿਗਿਆਨ, ਖੇਡਾਂ, ਮਨੋਰੰਜਨ, ਕਲਾਂ, ਰਾਜਨੀਤੀ ਆਦਿ ਦੀ ਜਾਣਕਾਰੀ ਨਾਲ ਸਬੰਧਿਤ ਹਨ। ਅੱਜ ਅਸੀਂ ਕੁੱਝ ਅਜਿਹੀਆਂ ਵੈੱਬ ਸਾਈਟਸ ਬਾਰੇ ਜਾਣਕਾਰੀ ਹਾਸਲ ਕਰਾਂਗੇ ਜਿੰਨਾ ਬਾਰੇ ਸ਼ਾਇਦ ਤੁਸੀਂ ਪਹਿਲਾ ਕਦੇ ਨਾ ਸੁਣਿਆ ਹੋਵੇ ਪਰੰਤੂ ਜਦੋਂ ਤੁਸੀਂ ਇਨ੍ਹਾਂ ਵੈੱਬ ਸਾਈਟਸ ਦੇ ਵੈੱਬ ਪੰਨਿਆਂ ਨੂੰ ਸਰਫ਼ ਕਰੋਗੇ ਤਾਂ ਤੁਸੀਂ ਇਨ੍ਹਾਂ ਅਦਭੁੱਤ ਵਿਲੱਖਣ ਵੈੱਬ ਪੋਰਟਲ ਉੱਪਰ ਮੌਜੂਦ ਜਾਣਕਾਰੀ ਜਾਂ ਸੁਵਿਧਾਵਾਂਂ ਪ੍ਰਾਪਤ ਕਰਕੇ ਹੈਰਾਨ ਹੋ ਜਾਵੋਗੇ।
1. Flightradar24.com:- ਫਲਾਈਟਰਡਾਰ24 ਇੱਕ ਫਲਾਈਟ ਟਰੈਕਰ ਹੈ ਜੋ ਦੁਨੀਆ ਭਰ ਤੋਂ ਲਾਈਵ ਏਅਰ ਟਰੈਫ਼ਿਕ ਦਿਖਾਉਂਦਾ ਹੈ। Flightradar24 ਏਡੀਐੱਸ-ਬੀ, ਐਮ.ਐਲ.ਏ.ਟੀ ਅਤੇ ਰਡਾਰ ਡਾਟਾ ਸਮੇਤ ਕਈ ਡਾਟਾ ਸਰੋਤਾਂ ਤੋਂ ਡਾਟਾ ਪ੍ਰਾਪਤ ਕਰਕੇ ਦਿਖਾਉਂਦਾ ਹੈ। ਆਟੋਮੈਟਿਕ ਡਿਪੈਂਡਟ ਸਰਵੇਲੈਂਸ ਬਰਾਡਕਾਸਟ (ਏਡੀਐੱਸ.-ਬੀ) ਇਕ ਸਰਵੇਲੈਂਸ ਤਕਨੀਕ ਹੈ ਜਿਸ ਵਿਚ ਇਕ ਜਹਾਜ਼ ਸੈਟੇਲਾਈਟ ਨੇਵੀਗੇਸ਼ਨ ਦੁਆਰਾ ਆਪਣੀ ਸਥਿਤੀ ਨਿਰਧਾਰਿਤ ਕਰਦਾ ਹੈ ਅਤੇ ਸਮੇਂ ਸਮੇਂ ਤੇ ਇਸ ਨੂੰ ਪ੍ਰਸਾਰਿਤ ਕਰਦਾ ਹੈ, ਜਿਸ ਨਾਲ ਇਸ ਨੂੰ ਟਰੈਕ ਕੀਤਾ ਜਾ ਸਕਦਾ ਹੈ। ਜਦੋਂ ਤੁਸੀਂ ਇਸ ਵੈੱਬਸਾਈਟ ਤੇ ਜਾਉਗੇ ਤਾਂ ਤੁਹਾਨੂੰ ਦੁਨੀਆ ਦੇ ਵੱਖ ਵੱਖ ਖੇਤਰਾਂ ਵਿੱਚ ਫਲਾਈਟ ਜਹਾਜ਼ ਦੇ ਚਿੱਤਰ ਰਾਹੀ ਦੇਖਣ ਨੂੰ ਮਿਲਣਗੀਆਂ ਅਤੇ ਜਿਸ ਫਲਾਈਟ ਬਾਰੇ ਤੁਸੀਂ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਉਸ ਪਰ ਕਲਿੱਕ ਕਰਨ ਤੇ ਉਸ ਫਲਾਈਟ ਦਾ ਨਾਮ, ਫਲਾਈਟ ਕਿੱਥੋਂ ਅਤੇ ਕਿੱਥੇ ਜਾ ਰਹੀ ਹੈ, ਸਫ਼ਰ ਦੀ ਕੁੱਲ ਦੂਰੀ, ਰਹਿੰਦੀ ਦੂਰੀ, ਰਵਾਨਗੀ ਅਤੇ ਪਹੁੰਚਣ ਦਾ ਸਮਾਂ ਤੁਹਾਨੂੰ ਇਕ ਕਲਿੱਕ ਨਾਲ ਅਸਾਨੀ ਨਾਲ ਪ੍ਰਾਪਤ ਹੋ ਜਾਵੇਗਾ। ਕੁਝ ਹਵਾਈ ਜਹਾਜ਼ਾਂ ਬਾਰੇ ਸੁਰੱਖਿਆ ਅਤੇ ਗੋਪਨੀਯਤਾ ਕਾਰਨ ਜਾਣਕਾਰੀ ਸੀਮਤ ਜਾਂ ਬਲੌਕ ਕੀਤੀ ਗਈ ਹੈ ਇਸ ਵਿੱਚ ਬਹੁਤ ਸਾਰੇ ਫ਼ੌਜੀ ਜਹਾਜ਼ ਅਤੇ ਕੁਝ ਹਾਈ ਪ੍ਰੋਫਾਈਲ ਏਅਰ ਕਰਾਫ਼ਟ, ਜਿਵੇਂ ਕਿ ਏਅਰ ਫੋਰਸ ਇੱਕ ਸ਼ਾਮਲ ਹਨ ।
 2. Radio.garden:- ਇਹ ਰੇਡੀਉ ਸੁਣਨ ਵਾਲੇ ਸਰੋਤਿਆ ਲਈ ਇਕ ਬਹੁਤ ਹੀ ਵਿਲੱਖਣ ਅਤੇ ਹੈਰਾਨੀਜਨਕ ਵੈੱਬਸਾਈਟ ਹੈ। ਇਸ ਵਿੱਚ ਸਰੋਤਿਆਂ ਨੂੰ ਪੂਰੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵੱਖ-ਵੱਖ ਭਾਸ਼ਾ ਨਾਲ ਸਬੰਧਿਤ ਰੇਡੀਉ ਸਟੇਸ਼ਨ ਇੰਟਰਨੈੱਟ ਤੇ ਸੁਣਨ ਨੂੰ ਮਿਲਦੇ ਹਨ। ਜਦੋਂ ਤੁਸੀਂ ਇਸ ਵੈੱਬਸਾਈਟ ਨੂੰ ਖੋਲੋਗੇ ਤਾਂ ਤੁਹਾਨੂੰ ਸਕਰੀਨ ਤੇ ਗਲੋਬ ਦਿਖਾਈ ਦੇਵੇਗਾ ਜਿਸ ਵਿੱਚ ਦੁਨੀਆ ਦੇ ਕਿਸੇ ਵੀ ਖੇਤਰ ਤੇ ਕਲਿੱਕ ਕਰ ਕੇ ਉਸ ਸਥਾਨ ਤੇ ਉਪਲਬਧ ਰੇਡੀਉ ਸਟੇਸ਼ਨ ਲਾਈਵ ਸੁਣ ਸਕੋਗੇ। ਇਸ ਵਿੱਚ ਕਈ ਹਿਸਟਰੀ ਸਟੇਸ਼ਨ ਵੀ ਉਪਲਬਧ ਹਨ।
 3. Internet-map.net:- ਕਿਸੇ ਹੋਰ ਨਕਸ਼ੇ ਦੀ ਤਰ੍ਹਾਂ, ਇੰਟਰਨੈੱਟ ਮੈਪ ਇੱਕ ਸਕੀਮ ਹੈ ਜੋ ਅਸਲ ਨਕਸ਼ੇ (ਜਿਵੇਂ ਧਰਤੀ ਦਾ ਨਕਸ਼ਾ) ਜਾਂ ਵਰਚੂਅਲ ਮੈਪਸ ਦੇ ਉਲਟ ਹੈ, ਇਸ ਉੱਤੇ ਦਿਖਾਈਆਂ ਚੀਜ਼ਾਂ ਕਿਸੇ ਸਤਹ ‘ਤੇ ਨਹੀਂ ਹੁੰਦੀਆਂ ਹਨ ਸਗੋਂ ਇੰਟਰਨੈੱਟ ਮੈਪ ਇੰਟਰਨੈੱਟ ਉੱਪਰ ਵੈੱਬ ਸਾਈਟਸ ਦੀ ਪੇਸ਼ਕਾਰੀ ਹੈ। ਹਰ ਸਾਈਟ ਮੈਪ ਤੇ ਇਕ ਚੱਕਰ ਹੈ ਅਤੇ ਇਸ ਚੱਕਰ ਦਾ ਆਕਾਰ ਵੈੱਬਸਾਈਟ ਟਰੈਫ਼ਿਕ ਦੁਆਰਾ ਨਿਰਧਾਰਿਤ ਕੀਤਾ ਜਾਂਦਾ ਹੈ, ਜਿੰਨ੍ਹਾਂ ਵੱਡਾ ਟਰੈਫ਼ਿਕ ਹੁੰਦਾ ਹੈ, ਉਨ੍ਹਾਂ ਹੀ ਵੱਡਾ ਚੱਕਰ ਹੈ। ਇੱਥੇ ਵੈੱਬਸਾਈਟ ਟਰੈਫ਼ਿਕ ਤੋਂ ਭਾਵ ਹੈ ਉਸ ਵੈੱਬਸਾਈਟ ਤੇ ਵਿਜ਼ਟ ਕਰਨ ਵਾਲੇ ਯੂਜ਼ਰ ਦੀ ਗਿਣਤੀ ਤੋਂ ਹੈ। ਜਦੋ ਤੁਸੀਂ ਕਿਸੇ ਚੱਕਰ ਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਉਸ ਵੈੱਬਸਾਈਟ ਦਾ ਨਾਮ, ਅੰਤਰਰਾਸ਼ਟਰੀ ਦਰਜਾਬੰਦੀ, ਸਬੰਧਿਤ ਦੇਸ਼ ਵਿੱਚ ਰੈਂਕ ਅਤੇ ਪੂਰੀ ਦੁਨੀਆ ਵਿੱਚ ਉਪਭੋਗਤਾ ਦੀ ਅੰਦਾਜ਼ਨ ਪ੍ਰਤੀਸ਼ਤ ਜੋ ਉਸ ਵੈੱਬਸਾਈਟ ਤੇ ਸਰਫ਼ ਕਰਦੇ ਹਨ, ਦੀ ਵਡਮੁੱਲੀ ਜਾਣਕਾਰੀ ਸਾਨੂੰ ਮਿਲਦੀ ਹੈ। ਇਸ ਵਿੱਚ 196 ਦੇਸ਼ਾਂ ਦੇ 350 ਹਜ਼ਾਰ ਤੋਂ ਵੱਧ ਵੈੱਬਸਾਈਟਾਂ ਸ਼ਾਮਲ ਹਨ, ਇੱਕ ਦੇਸ਼ ਨਾਲ ਸੰਬੰਧਿਤ ਸਾਈਟਾਂ ਨੂੰ ਸੁਵਿਧਾ ਦੇ ਕਾਰਨ, ਇੱਕੋ ਰੰਗ ਦਿੱਤਾ ਗਿਆ ਹੈ ।
4. Tabletwise.com:- ਇਹ ਮੈਡੀਕਲ ਖੇਤਰ ਨਾਲ ਸਬੰਧਿਤ ਵੈੱਬ-ਪੋਰਟਲ ਹੈ। ਇਸ ਵਿੱਚ ਤੁਸੀਂ ਕਿਸੇ ਵੀ ਦਵਾਈ ਦੀ ਟੈਬਲੇਟ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਤੁਸੀ ਸਿਰਫ਼ ਕਰਨਾ ਇੰਨਾ ਹੈ ਕਿ ਸਰਚ ਬਾਕਸ ਵਿੱਚ ਟੈਬਲੇਟ ਦਾ ਨਾਮ ਭਰਨਾ ਹੈ ਤਾਂ ਤੁਹਾਨੂੰ ਉਸ ਟੈਬਲੇਟ ਦੀ ਵਰਤੋਂ, ਇਨਗ੍ਰੀਡੀਅੰਟਸ , ਦਵਾਈ ਲੈਣ ਸਮੇਂ ਸਾਵਧਾਨੀਆਂ, ਸਰੀਰ ਤੇ ਉਸ ਟੈਬਲੇਟ ਦੇ ਬੁਰੇ ਪ੍ਰਭਾਵ ਬਾਰੇ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ। ਇੱਥੇ ਇਹ ਗੱਲ ਦੱਸਣਯੋਗ ਹੈ ਕਿ ਇਸ ਪੋਰਟਲ ਤੇ ਜਾਣਕਾਰੀ ਸਿਰਫ ਤੁਹਾਡੇ ਗਿਆਨ ਵਿੱਚ ਵਾਧਾ ਕਰਨ ਲਈ ਹੈ ਪਰ ਆਖ਼ਰੀ ਫ਼ੈਸਲਾ ਡਾਕਟਰ ਦੀ ਸਲਾਹ ਨਾਲ ਹੀ ਕਰਨਾ ਚਾਹੀਦਾ ਹੈ।
5. Everest3d.de:- ਇਸ ਵੈੱਬਸਾਈਟ ਤੇ ਤੁਸੀ ਦੁਨੀਆ ਦੀ ਸਭ ਤੋਂ ਉੱਚੀ ਪਰਬਤ ਚੋਟੀ ਮਾਊਂਟ ਐਵਰੈਸਟ ਦੇ 3 ਡੀ ਵੀਊ ਦਾ ਅਨੰਦ ਮਾਣ ਸਕਦੇ ਹਾਂ। ਇਹ ਬਹੁਤ ਹੀ ਖੂਬਸੁਰਤ ਵੈੱਬਸਾਈਟ ਹੈ ਜਿਸ ਨੂੰ ਸਰਫ ਕਰ ਕੇ ਸਾਨੂੰ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਅਸੀਂ ਹਕੀਕਤ ਵਿੱਚ ਮਾਊਂਟ ਐਵਰੈਸਟ ਤੇ ਘੁੰਮ ਰਹੇ ਹਾਂ।
6. Virustotal.com:- ਅੱਜ ਦੇ ਸਮੇਂ ਸਾਨੂੰ ਇੰਟਰਨੈੱਟ ਤੇ ਵੱਖ ਵੱਖ ਪ੍ਰਕਾਰ ਦੇ ਮਾਲਵੇਅਰ ਨਾਲ ਸਾਹਮਣਾ ਕਰਨਾ ਪੈਦਾ ਹੈ ਜੋ ਸਾਡੇ ਕੰਪਿਊਟਰ ਤੋਂ ਨਿੱਜੀ ਜਾਣਕਾਰੀ ਕਿਸੇ ਹੋਰ ਵਿਅਕਤੀ ਤੱਕ ਪਹੁੰਚਾਉਣ ਦਾ ਕੰਮ ਕਰਦੇ ਹਨ ਇਸ ਤੋਂ ਬਚਣ ਲਈ ਸਾਨੂੰ ਆਪਣੇ ਕੰਪਿਊਟਰ ਤੇ ਹਮੇਸ਼ਾ ਐਂਟੀ ਵਾਇਰਸ ਸਾਫ਼ਟਵੇਅਰ ਇੰਸਟਾਲ ਕਰਨਾ ਚਾਹੀਦਾ ਹੈ। ਇਨ੍ਹਾਂ ਵਿੱਚ ਬਹੁਤੇ ਸਾਫ਼ਟਵੇਅਰ ਦੀ ਸਾਨੂੰ ਕੀਮਤ ਦੇਣੀ ਪੈਂਦੀ ਹੈ ਜੇ ਤੁਸੀ ਮੁਫ਼ਤ ਵਿੱਚ ਕਿਸੇ ਫਾਈਲ ਨੂੰ ਸਕੈਨ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਵੈੱਬਸਾਈਟ ਤੇ ਵਿਜ਼ਟ ਕਰਨਾ ਪਵੇਗਾ ਜਿੱਥੇ ਕਿ ਤਕਰੀਬਨ 70 ਪ੍ਰਕਾਰ ਦੇ ਐਂਟੀਵਾਇਰਸ ਪ੍ਰੋਗਰਾਮ ਤੁਹਾਡੇ ਦੁਆਰਾ ਅੱਪਲੋਡ ਕੀਤੀ ਗਈ ਫਾਈਲ ਨੂੰ ਸਕੈਨ ਕਰ ਕੇ ਰਿਪੋਰਟ ਉਪਲਬਧ ਕਰਾਉਂਦੇ ਹਨ। ਜੇ ਤੁਹਾਡੀ ਫਾਈਲ ਇਸ ਤਰ੍ਹਾਂ ਦੇ ਪ੍ਰੋਗਰਾਮ ਨਾਲ ਪ੍ਰਭਾਵਿਤ ਹੈ ਤਾਂ ਉਸ ਦੇ ਵਿੱਚ ਮੌਜੂਦ ਪ੍ਰਭਾਵਿਤ ਮਾਲਵੇਅਰ ਦੀ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ।
7. Printfreindly.com:- ਜੇ ਤੁਸੀਂ ਕਿਸੇ ਵੈੱਬ ਪੋਰਟਲ ਤੇ ਮੌਜੂਦ ਸੂਚਨਾ ਦਾ ਪ੍ਰਿੰਟ ਲੈਣਾ ਚਾਹੁੰਦੇ ਹੋ ਪਰ ਪ੍ਰਿੰਟਿੰਗ ਦੌਰਾਨ ਵੈੱਬ ਪੋਰਟਲ ਤੇ ਮੌਜੂਦ ਇਸ਼ਤਿਹਾਰ ਵੀ ਪ੍ਰਿੰਟਿੰਗ ਵਿੱਚ ਆ ਜਾਂਦੇ ਹਨ ਇਨ੍ਹਾਂ ਇਸ਼ਤਿਹਾਰ ਤੋਂ ਨਿਜਾਤ ਪਾਉਣ ਲਈ ਤੁਹਾਨੂੰ ਉਸ ਵੈੱਬਸਾਈਟ ਦੇ ਲਿੰਕ ਨੂੰ ਕਾਪੀ ਕਰਕੇ ਉੱਪਰੋਕਤ ਵੈੱਬਸਾਈਟ ਤੇ ਪੇਸਟ ਕਰਨਾ ਹੈ ਜਿਸ ਨੂੰ ਇਹ ਪੋਰਟਲ ਪ੍ਰਿੰਟ ਫਰੈਂਡਲੀ ਰੂਪ ਵਿੱਚ ਤਬਦੀਲ ਕਰ ਦਿੰਦਾ ਹੈ ।
8. 10minutemail.com:- ਜੇ ਤੁਸੀਂ ਆਪਣੀ ਈਮੇਲ ਆਈ-ਡੀ ਕਿਸੇ ਵੈੱਬਸਾਈਟ ਤੇ ਸ਼ੇਅਰ ਨਹੀਂ ਕਰਨਾ ਚਾਹੁੰਦੇ ਪਰ ਉਹ ਵੈੱਬ ਪੋਰਟਲ ਤੁਹਾਨੂੰ ਸਰਫ਼ ਕਰਨ ਲਈ ਆਪਣਾ ਈਮੇਲ ਆਈ-ਡੀ ਦਰਜ ਕਰਨ ਲਈ ਕਹਿੰਦਾ ਹੈ ਤਾਂ ਤੁਸੀਂ ਇਸ ਵੈੱਬਸਾਈਟ ਤੋਂ ਆਰਜ਼ੀ ਤੌਰ ਤੇ 10 ਮਿੰਟ ਲਈ ਪ੍ਰਾਪਤ ਹੋਇਆ ਈਮੇਲ ਅਡਰੈਸ ਭਰ ਸਕਦੇ ਹੋ ਜਿਸ ਤੇ ਤੁਹਾਨੂੰ ਵੈਰੀਫਿਕੇਸ਼ਨ ਲਿੰਕ ਵੀ ਪ੍ਰਾਪਤ ਹੋ ਜਾਂਦਾ ਹੈ ਜਿਸ ਨੂੰ ਕਲਿੱਕ ਕਰ ਕੇ ਤੁਸੀਂ ਆਪਣੀ ਸਰਫ਼ ਜਾਰੀ ਰੱਖ ਸਕਦੇ ਹੋ।
9. Demos.algorithmia.com:- ਇਸ ਵੈੱਬਸਾਈਟ ਉੱਪਰ ਤੁਸੀਂ ਬਿਨਾਂ ਕਿਸੇ ਖ਼ਾਸ ਮੁਹਾਰਤ ਤੋ ਬਗੈਰ ਕਿਸੇ ਵੀ ਬਲੈਕ ਐਂਡ ਵਾਈਟ ਤਸਵੀਰ ਨੂੰ ਕਲਰਜ਼ ਤਸਵੀਰ ਵਿੱਚ ਤਬਦੀਲ ਕਰ ਸਕਦੇ ਹੋ , ਤਬਦੀਲ ਕੀਤੀ ਤਸਵੀਰ ਦੀ ਗੁਣਵੱਤਾ ਵੀ ਉੱਚ ਪੱਧਰ ਦੀ ਹੁੰਦੀ ਹੈ।
10. Mathway.com:- ਮੈਥਵੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਗਣਿਤ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਹੱਲ ਕਰਨ ਦੇ ਸਾਧਨ ਉਪਲਬਧ ਕਰਵਾਉਂਦੀ ਹੈ। ਇਸ ਪੋਰਟਲ ਉਪਰ ਮੁੱਢਲੇ ਗਣਿਤ ਗਣਨਾਵਾਂ ਤੋ ਸ਼ੁਰੂ ਹੋ ਕੇ ਉੱਚ ਪੱਧਰ ਦੀਆਂ ਗਣਨਾਵਾਂ ਦਾ ਹੱਲ ਕੀਤਾ ਜਾਂਦਾ ਹੈ।
ਇਨ੍ਹਾਂ ਵੈੱਬ ਸਾਈਟਸ ਤੇ ਉਪਲਬਧ ਜਾਣਕਾਰੀ ਅਤੇ ਸੁਵਿਧਾਵਾਂ ਯਕੀਨਨ ਤੁਹਾਡੇ ਲਈ ਲਾਹੇਵੰਦ ਸਾਬਤ ਹੋਣਗੀਆਂ, ਇੰਟਰਨੈੱਟ ਦੀ ਸੁਚਾਰੂ ਰੂਪ ਵਿੱਚ ਕੀਤੀ ਵਰਤੋਂ ਤੁਹਾਡੇ ਅੱਗੇ ਗਿਆਨ ਪ੍ਰਾਪਤ ਕਰਨ ਦੀਆਂ ਨਵੀਆਂ ਰਾਹਾਂ ਖੋਲ੍ਹ ਦੇਵੇਗੀ ਜਿਸ ਤੋਂ ਲਾਭ ਉਠਾ ਕੇ ਕੋਈ ਵੀ ਆਪਣੀ ਜ਼ਿੰਦਗੀ ਵਿੱਚ ਸਫਲਤਾ ਦੀ ਉਡਾਰੀ ਮਾਰ ਸਕਦਾ ਹੈ।
ਜਗਜੀਤ ਸਿੰਘ ਗਣੇਸ਼ਪੁਰ
ਮੋਬਾਈਲ-94655 76022

Previous articleਪਰੀਕਰ ਦੀ ਰਾਫ਼ਾਲ ਟੇਪ ਨੇ ਲੋਕ ਸਭਾ ਵਿਚ ਲਿਆਂਦਾ ਭੂਚਾਲ
Next articleਭਾਜਪਾ  ਨੇ  ਕੀਤਾ  “ਅੰਬੇਡਕਰ  ਹਾਊਸ  ਲੰਡਨ” ਬੰਦ  – ਵਿਜੇ   ਦਿਵਸ  ਤੇ