ਇੰਜਣ ਵਾਲ਼ੀ ਕਲਮ

(ਸਮਾਜ ਵੀਕਲੀ)

ਲੱਗਭੱਗ ਕੋਈ ਅੱਠ ਕੁ ਸਾਲ ਪਹਿਲਾਂ ਮੇਰੀ ਮੁਲਾਕਾਤ ਭਾਜੀ “ਬਿੰਦਰ ਕੋਲ਼ੀਆਂਵਾਲ” ਨਾਲ ਫੇਸਬੁੱਕ ਜਰੀਏ ਹੋਈ । ਚੈਟ ਕਰਦਿਆਂ ਇੱਕ ਦੂਜੇ ਦੇ ਫ਼ੋਨ ਨੰਬਰ ਲੈ ਲਏ । ਬੋਲ ਬਾਣੀ ਵਿੱਚ ਕਾਫ਼ੀ ਸਹਿਜ ਸਿਆਣਪ ਤੇ ਨਿਮਰਤਾ ਸੀ । ਗੀਤਕਾਰ ਹੋਣ ਦੇ ਨਾਤੇ ਇੱਕ ਦੂਜੇ ਪ੍ਰਤੀ ਝੁਕਾਅ ਜਿਹਾ ਕਾਫ਼ੀ ਵਧ ਗਿਆ । ਅਸੀਂ ਗੀਤਾਂ ਦੀਆਂ ਗੱਲਾਂ ਕਰਦੇ ਰਹਿਣਾ ਕਿ ਕਿਹੜਾ ਗੀਤ ਰਿਕਾਰਡ ਹੋਇਆ ਜਾਂ ਕਿਹੜਾ ਹੋਣਾ । ਇਟਲੀ ਵਿੱਚ ਲਿਖਾਰੀਆਂ ਦੀ “ਸਾਹਿਤ ਸੁਰ ਸੰਗਮ ਸਭਾ” ਜਦੋਂ ਤੋਂ ਵੀ ਬਣੀ ਹੈ ਮੈਂ ਤਕਰੀਬਨ ਸ਼ੁਰੂ ਤੋਂ ਹੀ ਉਸ ਸਭਾ ਦਾ ਮੈਂਬਰ ਬਣਕੇ ਤੁਰਿਆ ਆ ਰਿਹਾ ਹਾਂ । ਮੈਂ ਭਾਜੀ ਨੂੰ ਸਭਾ ਬਾਰੇ ਜਾਣੂ ਕਰਵਾਇਆ ਤੇ ਸਭਾ ਦੇ ਪ੍ਰੋਗਰਾਮਾਂ ਵਿੱਚ ਆਉਣ ਲਈ ਆਖਿਆ ।

ਕਹਿੰਦੇ ਜਦ ਵੀ ਸਬੱਬ ਬਣਿਆ ਜ਼ਰੂਰ ਆਵਾਂਗੇ । ਭਾਜੀ ਹੋਣਾ ਨੂੰ ਵੀ ਲਿਖਾਰੀ ਹੋਣ ਕਰਕੇ ਖ਼ੁਦ ਹੀ ਤਾਂਘ ਰਹਿੰਦੀ ਸੀ । ਓਸ ਵਕਤ ਤੋਂ ਲੈ ਕੇ ਅੱਜ ਤੱਕ ਸਭਾ ਦੇ ਜਿੰਨੇ ਵੀ ਪ੍ਰੋਗਰਾਮ ਜਾਂ ਮੀਟਿੰਗਾਂ ਹੋਈਆਂ ਤਕਰੀਬਨ ਹੀ ਹਰੇਕ ਵਿੱਚ ਉਹਨਾਂ ਨੇ ਹਿੱਸਾ ਲਿਆ । ਮੈਨੂੰ ਸਿਰਫ ਭਾਜੀ ਆਪਣੇ ਬਾਰੇ ਗੀਤਕਾਰ ਹੋਣ ਤੋਂ ਹੀ ਵਾਕਿਫ ਕਰਾਉੰਦੇ ਰਹਿੰਦੇ ਸੀ । ਉਹਨਾਂ ਦੀਆਂ ਗੱਲਾਂ ਤੋਂ ਮੈਂ ਕਾਫ਼ੀ ਆਕਰਸ਼ਿਤ ਸੀ,, ਹਰ ਗੱਲ ਚੇਹਰੇ ਤੇ ਮੁਸਕਰਾਹਟ ਰੱਖਕੇ ਕਰਦੇ ਸਨ । ਕਈ ਵਾਰ ਉਹਨਾਂ ਦੀਆਂ ਸ਼ਿਕਵੇ ਭਰੀਆਂ ਗੱਲਾਂ ਵਿੱਚੋਂ ਵੀ ਮੈਂ ਸਾਫ਼ ਦਿਲੀ ਪਿਆਰ ਤੇ ਨਿਮਰਤਾ ਡੁੱਲਦੀ ਦੇਖੀ ਸੀ ।

ਇੱਕ ਵਾਰ ਸਭਾ ਦੀ ਮੀਟਿੰਗ ਮੇਰੇ ਘਰ ਵਿੱਚ ਰੱਖੀ ਗਈ, ਸਭਾ ਦੇ ਸਾਰੇ ਮੈਂਬਰਾਂ ਸਮੇਤ ਭਾਜੀ “ਬਿੰਦਰ ਕੋਲੀਆਂਵਾਲ” ਵੀ ਮੇਰੇ ਘਰੇ ਪਹੁੰਚੇ । ਮੀਟਿੰਗ ਤੋਂ ਬਾਅਦ ਵਿੱਚ ਭਾਜੀ ਹੋਣਾ ਦੀ ਨਜ਼ਰ ਮੇਰੀਆਂ ਕਿਤਾਬਾਂ ਤੇ ਪਈ, ਮੱਠੀ ਜਿਹੀ ਮੁਸਕਰਾਹਟ ਨਾਲ ਮੈਨੂੰ ਕਹਿੰਦੇ “ਰਾਣਾ ਜੀ” ਕਿਤਾਬਾਂ ਬੜੀਆਂ ਰੱਖੀਆਂ ? ਮੈਨੂੰ ਵੀ ਕੋਈ ਇੱਕਦਮ ਵਧੀਆ ਜੁਆਬ ਨਾ ਅਹੁੜਿਆ । ਮੈਂ ਵੀ ਕਾਹਲ਼ੀ ਜਿਹੀ ‘ਚ ਆਖ ਦਿੱਤਾ ਕਿ ਭਾਜੀ ਲਿਖਣ ਲਈ ਕੁਝ ਨਾ ਕੁਝ ਪੜ੍ਹਨਾ ਤਾਂ ਪੈਂਦਾ ਹੀ ਆ ।

ਇਸ ਗੱਲ ਨੂੰ ਅਜੇ ਕੋਈ ਬਹੁਤਾ ਸਮਾਂ ਨਹੀਂ ਬੀਤਿਆ , ਕੋਈ ਪੰਜ ਛੇ ਸਾਲ ਹੀ ਹੋਏ ਹੋਣਗੇ । ਓਸ ਤੋਂ ਥੋੜਾ ਸਮਾਂ ਪਾ ਕੇ ਭਾਜੀ ਦੀ ਕਿਤਾਬ ਆਈ ਜਿਸਦਾ ਨਾਮ ਸੀ “ਸੋਚ ਮੇਰੀ” ਜੋ ਕਿ ਕਾਵਿ ਰੂਪੀ ਸੀ । ਜਿਸ ਲਈ ਸਾਰੀ ਸਭਾ ਨੇ ਮੁਬਾਰਕਬਾਦਾਂ ਭੇਜੀਆਂ । ਓਸ ਤੋਂ ਬਾਅਦ ਹੀ ਭਾਜੀ ਹੋਣਾ ਖ਼ਬਰ ਦਿੱਤੀ ਕਿ ਮੈਂ ਨਾਵਲ ਲਿਖਿਆ ਹੈ “ਅਣਪਛਾਤੇ ਰਾਹਾਂ ਦੇ ਪਾਂਧੀ” ਸਭਾ ਦੇ ਸਾਲਾਨਾ ਪ੍ਰੋਗਰਾਮ ਵਿੱਚ ਰੀਲੀਜ਼ ਕਰਨਾ ਹੈ । ਮੈਂ ਕਾਫ਼ੀ ਅਚੰਭਤ ਹੋਇਆ ਗੀਤਕਾਰ ਬੰਦਾ ਨਾਵਲਕਾਰ ਵੀ ਹੈ । ਖ਼ੈਰ ਸਭਾ ਵੱਲੋਂ ਰੀਲੀਜ਼ ਕੀਤਾ ਗਿਆ । ਪੜਿਆ ! ਪੜ੍ਹ ਕੇ ਯਕੀਨ ਨਾ ਹੋਵੇ ਜੋ ਪਹਿਲੀ ਵਾਰ ਵਿੱਚ ਹੀ ਹੰਢੇ ਹੋਏ ਨਾਵਲਕਾਰਾਂ ਵਰਗਾ ਸਬੂਤ ਦਿੱਤਾ ਆਪਣੀ ਕਲਮ ਦਾ, ਬਾਕਮਾਲ ਸੀ । ਫੇਰ “ਲਾਲ ਪਾਣੀ ਛੱਪੜਾਂ ਦੇ” ਨਾਵਲ ਵੀ ਸਭਾ ਦੇ ਪ੍ਰੋਗਰਾਮ ਵਿੱਚ ਰੀਲੀਜ਼ ਕੀਤਾ ।

ਓਸ ਤੋਂ ਬਾਅਦ ਕਾਵਿ ਰੂਪੀ ਇੱਕ ਹੋਰ ਕਿਤਾਬ “ਅਧੂਰਾ ਸਫਰ” ਤੇ ਹੁਣ ਇੱਕ ਹੋਰ ਨਾਵਲ “ਉਸ ਪਾਰ ਜ਼ਿੰਦਗੀ” ਆਇਆ ਹੈ । ਭਾਜੀ “ਬਿੰਦਰ” ਨੇ ਇਹ ਵੀ ਦੱਸਿਆ ਕਿ ਹੋਰ ਵੀ ਨਾਵਲ ਲਿਖੇ ਪਏ ਹਨ ਜੋ ਆਉਣ ਵਾਲੇ ਸਮੇਂ ਵਿੱਚ ਆਪਦੀ ਨਜ਼ਰ ਕਰਾਂਗੇ । ਏਨੇ ਘੱਟ ਸਮੇਂ ਵਿੱਚ ਏਨਾ ਕੁਝ ਲਿਖਣਾ ਬਹੁਤ ਵੱਡੀ ਗੱਲ ਹੈ । ਪਹਿਲਾਂ ਸਾਹਿਤ ਵਾਚਣਾ ਫੇਰ ਸਾਹਿਤ ਸਿਰਜਣਾ ਕੋਈ ਖ਼ਾਲਾ ਜੀ ਦਾ ਵਾੜਾ ਨਹੀਂ । ਮੈਂ ਖ਼ੁਦ ਹੈਰਾਨ ਹਾਂ ਮੈਨੂੰ ਇੰਝ ਪ੍ਰਤੀਤ ਹੋ ਰਿਹਾ ਜਿਵੇਂ ਕਲਮ ਵਿੱਚ ਕੋਈ ਇੰਜਣ ਫਿੱਟ ਹੋ ਗਿਆ ਹੋਵੇ । ਕਲਮ ਦਾ ਏਨੀ ਤੇਜ਼ ਰਫ਼ਤਾਰ ਨਾਲ ਚੱਲਣਾ ਸਾਹਿਤ ਰਚਣ ਦੇ ਮਾਮਲੇ ਵਿੱਚ ਕੋਈ ਇਤਿਹਾਸ ਵੀ ਸਿਰਜ ਸਕਦਾ ਹੈ ।

ਪਿਛਲੇ ਸਾਲ 2019 ਵਿੱਚ ਭਾਜੀ “ਬਿੰਦਰ ਕੋਲ਼ੀਆਂਵਾਲ” ਨੂੰ  ਉਹਨਾਂ ਦੀ ਸਾਹਿਤ ਪ੍ਰਤੀ ਕਾਰਗੁਜ਼ਾਰੀ ਨੂੰ ਮੱਦੇ ਨਜ਼ਰ ਰੱਖਕੇ “ਸਾਹਿਤ ਸੁਰ ਸੰਗਮ ਸਭਾ” ਇਟਲੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਸੀ । ਜਿਸ ਉਪਰੰਤ ਭਾਜੀ “ਬਿੰਦਰ” ਨੇ ਦੱਸਿਆ ਕਿ “ਸਾਹਿਤ ਸੁਰ ਸੰਗਮ ਸਭਾ” ਨਾਲ ਜੁੜਕੇ ਮੇਰਾ ਸਾਹਿਤ ਪ੍ਰਤੀ ਬਹੁਤ ਜ਼ਿਆਦਾ ਉਤਸ਼ਾਹ ਵਧਿਆ , ਤੇ “ਸਾਹਿਤ ਸੁਰ ਸੰਗਮ ਸਭਾ” ਨੂੰ ਵੀ “ਬਿੰਦਰ ਕੋਲ਼ੀਆਂਵਾਲ” ਵਰਗੇ ਨੁਮਾਇੰਦਿਆਂ ਤੇ ਬਹੁਤ ਮਾਣ ਹੈ । ਜੋ ਇੰਜਣ ਵਾਲ਼ੀਆਂ ਤੇਜ਼ ਰਫ਼ਤਾਰ ਕਲਮਾਂ ਦੇ ਵਾਰਿਸ ਹਨ । ਮੇਰੇ ਵੱਲੋਂ ਇਹ ਜੋਦੜੀ ਹੈ ਕਿ ਵਾਹਿਗੁਰੂ ਭਾਅ “ਬਿੰਦਰ ਕੋਲ਼ੀਆਂਵਾਲ” ਨੂੰ ਹੋਰ ਬੁਲੰਦੀਆਂ ਬਖ਼ਸ਼ਿਸ਼ ਕਰਨ

ਹਰਜਿੰਦਰ ਛਾਬੜਾ

 

ਹਰਜਿੰਦਰ ਛਾਬੜਾ

Previous articleਰੋਜ਼ਾਨਾ ਪੀਓ ਲੌਕੀ ਦਾ ਜੂਸ, ਭਾਰ ਘੱਟ ਹੋਣ ਦੇ ਨਾਲ-ਨਾਲ ਹੋਣਗੇ ਕਈ ਕਮਾਲ ਦੇ ਫ਼ਾਇਦੇ
Next articleCyclone Burevi weakens into deep depression